ਅੰਬੇਡਕਰ ਦੇ ਬੁੱਤ ਦੁਆਲੇ ਖ਼ਾਲਿਸਤਾਨੀ ਨਾਅਰੇ ਲਿਖੇ
ਸਰਬਜੀਤ ਗਿੱਲ
ਫਿਲੌਰ, 31 ਮਾਰਚ
ਪਿੰਡ ਨੰਗਲ ’ਚ ਸਥਿਤ ਡਾ. ਬੀਆਰ ਅੰਬੇਡਕਰ ਦੇ ਬੁੱਤ ਦੁਆਲੇ ਸ਼ੀਸ਼ਿਆਂ ਉੱਪਰ ਕਿਸੇ ਨੇ ਰਾਤ ਸਮੇਂ ਖ਼ਾਲਿਸਤਾਨ ਪੱਖੀ ਨਾਅਰੇ ਲਿਖ ਦਿੱਤੇ ਹਨ। ਅੱਜ ਸਵੇਰੇ ਜਦੋਂ ਬਸਪਾ ਆਗੂ ਖ਼ੁਸ਼ੀ ਰਾਮ ਨੰਗਲ ਸਵੇਰੇ ਸੈਰ ਕਰਨ ਨਿਕਲੇ ਤਾਂ ਇਸ ਘਟਨਾ ਦਾ ਪਤਾ ਲੱਗਿਆ। ਉਨ੍ਹਾਂ ਤੁਰੰਤ ਇਸ ਦੀ ਸੂਚਨਾ ਪੁਲੀਸ ਨੂੰ ਦਿੱਤੀ। ਡੀਐੱਸਪੀ ਫਿਲੌਰ ਅਤੇ ਥਾਣਾ ਮੁਖੀ ਨੇ ਤੁਰੰਤ ਘਟਨਾ ਸਥਾਨ ’ਤੇ ਪੁੱਜ ਕੇ ਸ਼ੀਸ਼ਿਆਂ ’ਤੇ ਲਿਖੇ ਨਾਅਰੇ ਸਾਫ਼ ਕਰਵਾ ਦਿੱਤੇ।
ਇਸ ਦੌਰਾਨ ਮਾਮਲੇ ਦੀ ਜ਼ਿੰਮੇਵਾਰੀ ਲੈਂਦਿਆਂ ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਸਿੰਘ ਪੰਨੂ ਵੱਲੋਂ ਕਥਿਤ ਤੌਰ ’ਤੇ ਵੀਡੀਓ ਜਾਰੀ ਕੀਤੀ ਗਈ। ਇਸ ’ਚ ਕਿਹਾ ਗਿਆ ਕਿ 14 ਅਪਰੈਲ ਤੱਕ ਅੰਬੇਡਕਰ ਦੇ ਸਾਰੇ ਬੁੱਤ ਤੋੜ ਦੇਣੇ ਚਾਹੀਦੇ ਹਨ। ਭਗਤ ਰਵਿਦਾਸ ਦੇ ਲਗਾਉਣੇ ਚਾਹੀਦੇ ਹਨ। ਪੰਜਾਬ ’ਚ ਅਜਿਹੇ ਬੁੱਤਾਂ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ। ਪੁਲੀਸ ਨੇ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ ਕਰ ਕੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੇ ਆਧਾਰ ’ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਸ ਦੌਰਾਨ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ, ਬਸਪਾ ਦੇ ਪੰਜਾਬ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ, ‘ਆਪ’ ਦੇ ਹਲਕਾ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ, ਕਾਂਗਰਸੀ ਆਗੂ ਅੰਮ੍ਰਿਤਪਾਲ, ਨਗਰ ਕੌਂਸਲ ਪ੍ਰਧਾਨ ਮਹਿੰਦਰ ਰਾਮ ਚੁੰਬਰ ਨੇ ਘਟਨਾ ਸਥਾਨ ਦਾ ਦੌਰਾ ਕੀਤਾ। ਉਨ੍ਹਾਂ ਕਿਹਾ ਕਿ ਜੇ ਪੁਲੀਸ ਨੇ ਨਾਅਰੇ ਲਿਖਣ ਵਾਲਿਆਂ ਨੂੰ ਜਲਦੀ ਕਾਬੂ ਨਾ ਕੀਤਾ ਤਾਂ ਪੰਜਾਬ ਬੰਦ ਕੀਤਾ ਜਾਵੇਗਾ।