ਅਰਿਜੀਤ ਨੇ ਉਜੈਨ ਦੇ ਮਹਾਕਾਲੇਸ਼ਵਰ ਮੰਦਰ ਵਿੱਚ ਮੱਥਾ ਟੇਕਿਆ
ਉਜੈਨ (ਮੱਧ ਪ੍ਰੇਦਸ਼): ਗਾਇਕ ਅਰਿਜੀਤ ਸਿੰਘ ਨੇ ਅੱਜ ਮੱਧ ਪ੍ਰਦੇਸ਼ ਦੇ ਉਜੈਨ ’ਚ ਸਥਿਤ ਮਹਾਕਾਲੇਸ਼ਵਰ ਮੰਦਰ ’ਚ ਮੱਥਾ ਟੇਕਿਆ। ਅਰਿਜੀਤ ਨੇ ਪਤਨੀ ਸਣੇ ਧਾਰਮਿਕ ਰਹੁ-ਰੀਤਾਂ ਨਾਲ ਸਵੇਰ ਦੀ ਭਸਮ ਆਰਤੀ ’ਚ ਹਿੱਸਾ ਲਿਆ। ਭਸਮ ਆਰਤੀ ਇਸ ਮੰਦਰ ’ਚ ਸਭ ਤੋਂ ਪੁਰਾਣੀ ਰਸਮ ਹੈ, ਜੋ ਅਧਿਆਤਮਕ ਮਹੱਤਵ ਰੱਖਦੀ ਹੈ। ਅਰਿਜੀਤ ਦੇ ਮੱਥੇ ’ਤੇ ਤਿਲਕ ਲੱਗਿਆ ਸੀ ਤੇ ਉਹ ਸੰਤਰੀ ਰੰਗ ਦਾ ਕੁੜਤਾ ਪਾ ਕੇ ਭਗਤੀ ਅਤੇ ਸ਼ਰਧਾ ’ਚ ਡੁੱਬੇ ਨਜ਼ਰ ਆਇਆ। ਅਰਿਜੀਤ ਦੀ ਪਤਨੀ ਨੇ ਲਾਲ ਸਾੜੀ ਪਾਈ ਹੋਈ ਸੀ ਤੇ ਉਹ ਵੀ ਸ਼ਰਧਾ ਭਾਵਨਾ ਨਾਲ ਪਤੀ ਸਣੇ ਧਾਰਮਿਕ ਰਹੁ ਰੀਤਾਂ ’ਚ ਹਿੱਸਾ ਲੈ ਰਹੀ ਸੀ। ਸ਼ਿਪਰਾ ਨਦੀ ਦੇ ਕੰਢੇ ਸਥਿਤ ਮਹਾਕਾਲੇਸ਼ਵਰ ਮੰਦਰ, ਭਾਰਤ ਦੇ ਬਾਰਾਂ ਜਯੋਤਿਰਲਿੰਗਾਂ ਵਿੱਚੋਂ ਇੱਕ ਹੈ ਅਤੇ ਭਗਵਾਨ ਸ਼ਿਵ ਦੇ ਭਗਤਾਂ ਲਈ ਬਹੁਤ ਅਧਿਆਤਮਿਕ ਮਹੱਤਵ ਰੱਖਦਾ ਹੈ। ਮਹਾਸ਼ਿਵਰਾਤਰੀ ਅਤੇ ਸਾਉਣ ਦੇ ਮਹੀਨੇ ਭਸਮ ਆਰਤੀ ਖਾਸ ਮਹੱਤਵ ਹੁੰਦਾ ਹੈ। ਭਸਮ ਆਰਤੀ ਬ੍ਰਹਮਾ ਮਹੂਰਤ ਵੇਲੇ ਸਵੇਰੇ 3:30 ਤੋਂ 5:30 ਵਜੇ ਦੇ ਵਿਚਕਾਰ ਹੁੰਦੀ ਹੈ। ਰਸਮ ਦੇ ਹਿੱਸੇ ਵਜੋਂ ਮੰਦਰ ਦੇ ਦਰਵਾਜ਼ੇ ਖੋਲ੍ਹੇ ਜਾਂਦੇ ਹਨ। ਬਾਬਾ ਮਹਾਕਾਲ ਨੂੰ ਦੁੱਧ, ਦਹੀਂ, ਘਿਓ, ਖੰਡ ਅਤੇ ਸ਼ਹਿਦ ਦੇ ਮਿਸ਼ਰਣ ਤੋਂ ਬਣੇ ‘ਪੰਚਅੰਮ੍ਰਿਤ’ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ। ਭਸਮ ਆਰਤੀ ਸ਼ੁਰੂ ਹੋਣ ਤੋਂ ਪਹਿਲਾਂ ਦੇਵਤਾ ਨੂੰ ਭੰਗ ਅਤੇ ਚੰਦਨ ਨਾਲ ਸਜਾਇਆ ਜਾਂਦਾ ਹੈ। ਢੋਲ ਅਤੇ ਸ਼ੰਖ ਦੀਆਂ ਆਵਾਜ਼ਾਂ ਸਮਾਗਮ ਦੀ ਸ਼ਾਨ ਅਤੇ ਪਵਿੱਤਰਤਾ ਨੂੰ ਚਾਰ ਚੰਨ ਲਗਾ ਦਿੰਦੀਆਂ ਹਨ। ਸ਼ਰਧਾਲੂਆਂ ਦਾ ਵਿਸ਼ਵਾਸ਼ ਹੈ ਕਿ ਭਸਮ ਆਰਤੀ ਵਿੱਚ ਹਿੱਸਾ ਲੈਣ ਨਾਲ ਇੱਛਾਵਾਂ ਪੂਰੀਆਂ ਹੁੰਦੀਆਂ ਅਤੇ ਭਗਵਾਨ ਸ਼ਿਵ ਦਾ ਆਸ਼ੀਰਵਾਦ ਪ੍ਰਾਪਤ ਹੁੰਦਾ ਹੈ। -ਏਐੱਨਆਈ