ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਨੌਜਵਾਨ ਸੋਚ : ਨਸ਼ਿਆਂ ਦਾ ਫੈਲਾਓ ਤੇ ਪੰਜਾਬ ਦੀ ਜਵਾਨੀ

06:38 AM Oct 08, 2020 IST

ਨਸ਼ੇ ਦੇ ਸ਼ਿਕਾਰ ਨੂੰ ਪਿਆਰ ਨਾਲ ਸਮਝਾਉਣ ਦੀ ਲੋੜ

Advertisement

ਨਸ਼ਾ ਇੱਕ ਮਾਨਸਿਕ ਬਿਮਾਰੀ ਹੈ। ਚਿੱਟੇ ਵਰਗੇ ਨਸ਼ੇ ਇਨਸਾਨ ਨੂੰ ਅੰਦਰੋ-ਅੰਦਰੀ ਖੋਖਲਾ ਕਰ ਦਿੰਦੇ ਹਨ। ਬੇਰੁਜ਼ਗਾਰੀ ਖ਼ਾਸਕਰ ਪੜ੍ਹ ਲਿਖ ਕੇ ਇਨਸਾਨ ਨੂੰ ਨੌਕਰੀ ਨਾ ਮਿਲਣਾ, ਮਾੜੀ ਸੰਗਤ, ਘਰੇਲੂ ਕਲੇਸ਼, ਮਾਂ ਬਾਪ ਦਾ ਬੱਚੇ ਵੱਲ ਧਿਆਨ ਨਾ ਦੇਣਾ ਅਤੇ ਕਈ ਵਾਰ ਬੱਚੇ ਕੋਲ ਪੈਸਿਆਂ ਦੀ ਬਹੁਤਾਤ ਵੀ ਉਸ ਦੇ ਨਸ਼ੇ ਵਿਚ ਫਸਣ ਦਾ ਕਾਰਨ ਬਣਦੀ ਹੈ। ਅਜਿਹੇ ਬੱਚੇ ਨੂੰ ਆਪਣੇ ਭਰੋਸੇ ਵਿੱਚ ਲਓ, ਉਸ ਦੀ ਸਵਾਲਾਂ ਰਾਹੀਂ ਕਾਊਂਸਲਿੰਗ ਕਰੋ, ਉਸ ਦੀ ਸਮੱਸਿਆ ਸਮਝ ਕੇ ਉਸਨੂੰ ਹੱਲ ਕਰਨ ਦਾ ਭਰੋਸਾ ਦਿਵਾਉਂਦਿਆਂ, ਹੌਲੀ-ਹੌਲੀ ਉਸਦੀ ਮਾੜੀ ਸੰਗਤ ਬਦਲੋ। ਨਾਲ ਹੀ ਉਸ ਨੂੰ ਚੰਗਾ ਸਾਹਿਤ ਪੜ੍ਹਨ ਤੇ ਖੇਡਾਂ ਆਦਿ ਵਰਗੇ ਉਸਾਰੂ ਕੰਮਾਂ ਵੱਲ ਲਾਓ ਤਾਂ ਉਹ ਜ਼ਰੂਰ ਇਸ ਮਾੜੇ ਰਾਹ ਨੂੰ ਛੱਡ ਦੇਵੇਗਾ।
ਬਲਕਾਰ ਸਿੰਘ ਭਾਈ ਰੂਪਾ, ਤਹਿਸੀਲ ਰਾਮਪੁਰਾ ਫੂਲ, ਬਠਿੰਡਾ। ਸੰਪਰਕ: 87278-92570


ਨੌਜਵਾਨ ਵਰਗ ਖ਼ੁਦ ਪਹਿਲ ਕਰੇ

Advertisement

ਨੌਜਵਾਨ ਦੇਸ਼ ਦਾ ਆਉਣ ਵਾਲਾ ਭੱਵਿਖ ਹੈ। ਉਹ ਚਾਹੇ ਤਾਂ ਦੇਸ਼ ਨੂੰ ਬਦਲ ਕੇ ਰੱਖ ਸਕਦਾ ਹੈ। ਦੇਸ਼ ਦੀ ਸਕਤੀ ਉਸ ਦੇਸ਼ ਦੇ ਨੇਤਾ ਦੇ ਹੱਥ ਹੁੰਦੀ ਆ। ਜੇ ਨੇਤਾ ਨੌਜਵਾਨ ਵਰਗ ‘ਚੋਂ ਹੋਵੇ ਤਾਂ ਦੇਸ਼ ਦੀ ਤੱਰਕੀ ਹੋਣਾ ਲਾਜ਼ਮੀ ਆ। ਪਰ ਨੌਜਵਾਨ ਵੀ ਆਪਣੀ ਜ਼ਿੰਮੇਵਾਰੀ ਨੂੰ ਸਮਝਣ ਤਾਂ ਹੀ ਕੁਝ ਹੋ ਸਕਦਾ ਆ। ਨੌਜਵਾਨ ਵਰਗ ਨੂੰ ਚਾਹੀਦਾ ਹੈ ਕਿ ਨਸ਼ੇ ਛੱਡ ਕੇ ਦੇਸ਼ ਦੇ ਵਿਕਾਸ ਵਿੱਚ ਯੋਗਦਾਨ ਦੇਣ। ਨੌਜਵਾਨ ਸੈਮੀਨਾਰਾਂ, ਵਰਕਸ਼ਾਪਾਂ, ਨਾਟਕਾਂ ਜਾਂ ਭਾਸ਼ਣਾਂ ਆਦਿ ਰਾਹੀਂ ਲੋਕਾਂ ਨੂੰ ਨਸ਼ਿਆਂ ਦੇ ਨੁਕਸਾਨ ਬਾਰੇ ਜਾਗਰੂਕ ਕਰ ਸਕਦੇ ਹਨ, ਉਨ੍ਹਾਂ ਨੂੰ ਸਹੀ-ਗਲਤ ਬਾਰੇ ਦਸ ਸਕਦੇ ਹਨ। ਅਕਸਰ ਚੋਣਾਂ ਵਿਚ ਹਰ ਪਾਰਟੀ ਨਸ਼ਿਆਂ ਰਾਹੀਂ ਵੋਟਾਂ ਖਰੀਦਣਾ ਚਾਹੁੰਦੀ ਆ। ਨੌਜਵਾਨ ਸਹੀ ਸੇਧ ਦੇ ਕੇ ਲੋਕਾਂ ਨੂੰ ਰਾਜਨੀਤਿਕ ਪਾਰਟੀਆਂ ਬਾਰੇ ਚੌਕਸ ਕਰ ਸਕਦੇ ਹਨ।
ਜਸਵਿੰਦਰ ਕੌਰ, ਕੁਰੂਕਸ਼ੇਤਰ, ਹਰਿਆਣਾ।


ਨਸ਼ਿਆਂ ਲਈ ਸਰਕਾਰ ਦੀ ਅਣਗਹਿਲੀ ਵੀ ਜ਼ਿੰਮੇਵਾਰ

ਕੁਝ ਸਾਲਾਂ ਤੋਂ ਕੁਝ ਲਾਲਚੀ ਅਤੇ ਰਾਜਨੀਤਕ ਲੋਕਾਂ ਨੇ ਆਪਣੇ ਸੁਆਰਥ ਲਈ ਪੰਜਾਬ ਨੂੰ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਸੁੱਟ ਦਿੱਤਾ ਹੈ। ਇਸ ਸਮੇਂ ਨਸ਼ਿਆਂ ਦਾ ਫੈਲਾਅ ਵੱਡੇ ਪੱਧਰ ‘ਤੇ ਫੈਲ ਚੁੱਕਿਆ ਹੈ, ਜੋ ਪੁਲੀਸ, ਨਸ਼ਾ ਤਸਕਰਾਂ ਅਤੇ ਲੀਡਰਾਂ ਦੀ ਮਿਲੀਭੁਗਤ ਦਾ ਨਤੀਜਾ ਹੈ। ਪੰਜਾਬ ਦੇ ਨੌਜਵਾਨ ਉੱਚੀਆਂ ਪੜ੍ਹਾਈਆਂ ਪੜ ਕੇ ਵੀ ਸੜਕਾਂ ‘ਤੇ ਬੇਰੁਜਗਾਰ ਘੁੰਮਣ ਲਈ ਮਜਬੂਰ ਹਨ। ਇਸ ਪਿੱਛੇ ਸਰਕਾਰ ਦੀ ਬਹੁਤ ਹੀ ਵੱਡੀ ਅਣਗਹਿਲੀ ਜ਼ਿੰਮੇਵਾਰ ਹੈ। ਇਹੀ ਅਣਗਹਿਲੀ ਨੌਜਵਾਨਾਂ ਵਿੱਚ ਨਸ਼ੇ ਫੈਲਣ ਦਾ ਵੱਡਾ ਕਾਰਨ ਹੈ। ਨੌਜਵਾਨ ਪੀੜ੍ਹੀ ਦਾ ਫਰਜ਼ ਹੈ ਕਿ ਉਹ ਆਪਣੇ-ਆਪ ਨੂੰ ਮਾਨਸਿਕ ਤੌਰ ‘ਤੇ ਮਜ਼ਬੂਤ ਕਰ ਕੇ ਅੱਗੇ ਆਵੇ ਤਾਂ ਜੋ ਪੰਜਾਬ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢ ਕੇ ਮੁੜ ਖੁਸ਼ਹਾਲ ਬਣਾਇਆ ਜਾ ਸਕੇ।
ਗੁਰਸ਼ਾਂਤ ਸਿੰਘ ਮਰਾਹੜ, ਪਿੰਡ ਕੋਠਾ ਗੁਰੂ, ਤਹਿਸੀਲ ਫੂਲ, ਬਠਿੰਡਾ।


ਨਸ਼ੇ ਦਾ ਦਰਿਆ ਠੱਲ੍ਹਣਾ ਜ਼ਰੂਰੀ

ਨਸ਼ਾ ਭਾਵੇਂ ਕਿਸੇ ਕਿਸਮ ਦਾ ਹੋਵੇ ਉਸਦਾ ਸੁਭਾਅ ਮਾਰੂ ਹੀ ਹੁੰਦਾ ਏ। ਨਸ਼ਾ ਕਾਮ, ਕਰੋਧ, ਲੋਭ, ਮੋਹ, ਹੰਕਾਰ, ਸੱਤਾ, ਪੈਸੇ, ਫ਼ੈਸ਼ਨ, ਰਾਜਨੀਤਿਕ ਸਬੰਧ ਜਾਂ ਉੱਚੇ ਤਬਕਿਆਂ ਨਾਲ ਸਮਾਜਕ ਸਬੰਧ ਉਸਾਰਨ ਦਾ ਹੀ ਕਿਉਂ ਨਾ ਹੋਵੇ, ਜਦੋਂ ਜ਼ਰੂਰਤ ਤੋਂ ਜ਼ਿਆਦਾ ਅਤੇ ਸਿਰ ਚੜ੍ਹ ਬੋਲਣ ਲੱਗਦਾ ਹੈ, ਤਾਂ ਨੁਕਸਾਨਦੇਹ ਹੋ ਨਿੱਬੜਦਾ ਹੈ। ਪੰਜਾਬ ਦੀ ਕੁਲ ਆਬੋ-ਹਵਾ ਨਸ਼ਿਆਂ ਨਾਲ਼ ਗਲਤਾਨ ਹੋਈ ਏ। ਨਤੀਜਾ ਹਰ ਇੱਕ ਦੀ ਜ਼ੁਬਾਨ ਉੱਤੇ ਹੈ ਕਿ “ਪੰਜਾਬ ‘ਚ ਛੇਵਾਂ ਦਰਿਆ ਨਸ਼ਿਆਂ ਦਾ ਵਗਣ ਲੱਗ ਪਿਆ ਏ।” ਇਸ ਕਾਰਨ ਘਰੇਲੂ ਕਲੇਸ਼ਾਂ ਵਿੱਚ ਈਜ਼ਾਫ਼ਾ ਹੋ ਰਿਹਾ ਹੈ। ਮਸਲਾ ਇਹ ਹੈ ਕਿ ਜੇ ਸਰਕਾਰ ਨਸ਼ਿਆਂ ਨੂੰ ਰੋਕਣ ਲਈ ਉਸਾਰੂ ਕਦਮ ਚੁੱਕ ਰਹੀ ਹੈ, ਫ਼ਿਰ ਇਹ ਨਸ਼ੇ ਆ ਕਿੱਥੋਂ ਰਹੇ ਹਨ? ਪੰਜਾਬ ਦੇ ਭਲੇ ਲਈ ਇਨ੍ਹਾਂ ਦਾ ਰੁਕਣਾ ਬਹੁਤ ਜ਼ਰੂਰੀ ਹੈ।
ਅਮੀਨਾ, ਪਿੰਡ ਵਾ ਡਾਕ. ਬਹਿਰਾਮਪੁਰ ਜ਼ਿਮੀਂਦਾਰੀ, ਜ਼ਿਲ੍ਹਾ ਰੂਪਨਗਰ।


ਪੰਜਾਬੀ ਨੌਜਵਾਨ ਅੱਗੇ ਆਉਣ

ਪੰਜ ਦਰਿਆਵਾਂ ਦੀ ਧਰਤੀ ਸਾਡਾ ਖੁਸ਼ਹਾਲ ਪੰਜਾਬ ਇਸ ਵੇਲੇ ਨਸ਼ਿਆਂ ਦੇ ਛੇਵੇਂ ਦਰਿਆ ਵਿੱਚ ਰੁੜ੍ਹਦਾ ਜਾ ਰਿਹਾ ਹੈ। ਸਾਡੀ ਨੌਜਵਾਨ ਪੀੜ੍ਹੀ ਸਿੱਧੂ ਮੂਸੇ ਵਾਲਾ ਅਤੇ ਬੱਬੂ ਮਾਨ ਦੇ ਵਿਵਾਦਾਂ ਵਿੱਚ ਉਲਝੀ ਹੋਈ ਹੈ। ਨੌਜਵਾਨਾਂ ਨੂੰ ਆਪਣੇ ਬਰਬਾਦ ਹੋ ਰਹੇ ਭਵਿੱਖ ਦੀ ਕੋਈ ਚਿੰਤਾ ਨਹੀਂ। ਦੂਜੇ ਪਾਸੇ ਸਰਕਾਰ ਨੌਜਵਾਨ ਮੁੰਡੇ-ਕੁੜੀਆਂ ਨੂੰ ਮੋਬਾਈਲ ਦੇ ਕੇ ਉਨ੍ਹਾਂ ਦੀਆਂ ਸਿਹਤ, ਸਿੱਖਿਆ ਅਤੇ ਰੁਜ਼ਗਾਰ ਵਰਗੀਆਂ ਬੁਨਿਆਦੀ ਲੋੜਾਂ ਪੂਰੀਆਂ ਕਰਨ ਦੀ ਥਾਂ ਉਲਟਾ ਨੌਜਵਾਨਾਂ ਨੂੰ ਸ਼ਰਾਬ ਪੀਣ ਲਈ ਹੀ ਉਤਸ਼ਾਹਤ ਕਰ ਰਹੀ ਹੈ। ਸਰਕਾਰ ਨੂੰ ਸ਼ਰਾਬ ਨਸ਼ਾ ਹੀ ਨਹੀਂ ਜਾਪਦਾ, ਤਾ ਹੀਂ ਤਾਂ ਕਰੋਨਾ ਕਰਫਿਊ ਤੇ ਲੌਕਡਾਊਨ ਦੌਰਾਨ ਵੀ ਠੇਕੇ ਖੋਲ੍ਹੇ ਗਏ ਹਨ। ਨੌਜਵਾਨਾਂ ਨੂੰ ਅੱਗੇ ਆ ਕੇ ਸ਼ਰਾਬਬੰਦੀ ਅਤੇ ਪੂਰਨ ਨਸ਼ਾਬੰਦੀ ਲਈ ਯਤਨਸ਼ੀਲ ਹੋਣਾ ਪਵੇਗਾ ਤਾਂ ਹੀ ਅਸੀਂ ਤੰਦਰੁਸਤ ਅਤੇ ਖੁਸ਼ਹਾਲ ਪੰਜਾਬ ਦੀ ਸਿਰਜਣਾ ਕਰ ਸਕਦੇ ਹਾਂ।
ਮੇਘਰਾਜ ਜੋਸ਼ੀ, ਪਿੰਡ ਗੁੰਮਟੀ, ਬਰਨਾਲਾ। ਸੰਪਰਕ: 98779-93000


ਮਾਨਸਿਕਤਾ ਬਦਲਣ ਦੀ ਲੋੜ

ਜੇ ਅਸੀਂ ਪਿਛਾਂਹ ਝਾਤੀ ਮਾਰੀਏ ਤਾਂ ਦੇਖਦੇ ਹਾਂ ਕਿ ਸਾਡੇ ਸਮਾਜ ਤੇ ਨਸ਼ਿਆਂ ਪ੍ਰਕੋਪ ਹਮੇਸ਼ਾ ਰਿਹਾ ਹੈ। ‘ਵਾਲਮੀਕ ਰਮਾਇਣ’ ਵਿਚ ਜ਼ਿਕਰ ਆਉਂਦਾ ਹੈ ਕਿ ਓਸ ਵੇਲ਼ੇ ਲੋਕ ਸੂਰਾ (ਸ਼ਰਾਬ) ਪੀਂਦੇ ਸੀ। ਅੱਜ ਸਾਡੀ ਨੌਜਵਾਨ ਪੀੜ੍ਹੀ ਜਿਸ ਤਰ੍ਹਾਂ ਨਸ਼ਿਆਂ ਵਿਚ ਗਲ਼ਤਾਨ ਹੈ। ਪਰ ਉਨ੍ਹਾਂ ਨੂੰ ਜ਼ਬਰਦਸਤੀ, ਕੁੱਟਮਾਰ ਕਰਕੇ ਜਾਂ ਲਾਹਨਤਾਂ ਪਾ ਕੇ ਵੀ ਨਹੀਂ ਰੋਕਿਆ ਜਾ ਸਕਦਾ, ਇਸ ਲਈ ਜ਼ਰੂਰਤ ਹੈ ਉਨ੍ਹਾਂ ਦੀ ਮਾਨਸਿਕਤਾ ਨੂੰ ਬਦਲਣ ਦੀ। ਫਿਲਮੀ ਹੀਰੋ, ਗਾਇਕ, ਗੈਂਗਸਟਰਾਂ ਨੂੰ ‘ਉਸਤਾਦ’ ਮੰਨਣ ਵਾਲਿਆਂ ਨੂੰ ਸਮਝਾਉਣਾ ਪੈਣਾ ਕਿ ‘ਭਗਤ ਸਿੰਘ’ ਸਿਰਫ਼ ਇਕ ਇਤਿਹਾਸਕ ਪਾਤਰ ਨਹੀਂ, ਇਕ ਪੂਰੀ ਵਿਚਾਰਧਾਰਾ ਹੈ। ਜੋ ਨੌਜਵਾਨਾਂ ਦੇ ਮਾਰਗ-ਦਰਸ਼ਨ ਲਈ ਚਾਨਣ-ਮੁਨਾਰਾ ਬਣ ਸਕਦੀ ਹੈ।
ਗੁਰਜਿੰਦਰ ਸੀੜ੍ਹਾ, ਪਿੰਡ ਤੇ ਡਾਕ. ਬਧੌਛੀ ਕਲਾਂ, ਫ਼ਤਹਿਗੜ੍ਹ ਸਾਹਿਬ। ਸੰਪਰਕ: 98766-15464


ਨਸ਼ਿਆਂ ਖ਼ਿਲਾਫ਼ ਸਰਕਾਰੀ ਵਾਅਦੇ ਵਫ਼ਾ ਨਾ ਹੋਏ

ਪੰਜਾਬ ਅੱਜ ਸੰਕਟਮਈ ਦੌਰ ਵਿੱਚੋਂ ਗੁਜ਼ਰ ਰਿਹਾ ਹੈ। ਇਕ ਪਾਸੇ ਕਰੋਨਾ ਮਹਾਂਮਾਰੀ, ਦੂਜੇ ਪਾਸੇ ਵਗ ਰਿਹਾ ਨਸ਼ਿਆਂ ਦਾ ਛੇਵਾਂ ਦਰਿਆ। ਇਹ ਨਸ਼ੇ ਪੰਜਾਬ ਦੀ ਜਵਾਨੀ ਨੂੰ ਦਿਨ-ਬ-ਦਿਨ ਬਰਬਾਦ ਕਰ ਰਹੇ ਹਨ। ਹਰ ਰੋਜ਼ ਪਤਾ ਨਹੀਂ ਕਿੰਨੀਆਂ ਕੀਮਤੀ ਜਾਨਾਂ ਨਸ਼ਿਆਂ ਦੀ ਭੇਟ ਚੜ੍ਹ ਰਹੀਆਂ ਹਨ ਤੇ ਸਰਕਾਰਾਂ ਮੌਨ ਵਰਤ ਧਾਰ ਕੇ ਸ਼ਾਂਤ ਬੈਠੀਆਂ ਹਨ। ਪਿੱਛੇ ਜਿਹੇ ਇਸੇ ਤਰ੍ਹਾਂ ਜ਼ਹਿਰੀਲੀ ਸ਼ਰਾਬ ਪੀਣ ਵਾਲੀ ਘਟਨਾ ਵਾਪਰੀ। ਸਾਨੂੰ ਅੱਜ ਵੀ ਯਾਦ ਹੈ, ਸਾਡੀ ਸਰਕਾਰ ਨੇ ਬਹੁਤ ਵਾਅਦੇ ਕੀਤੇ ਸੀ ‘ਨਸ਼ਾ ਮੁਕਤ ਪੰਜਾਬ’ ਦੇ, ਪਰ ਸਰਕਾਰ ਆਪਣੇ ਵਾਅਦੇ ਪੂਰੇ ਕਰਨ ਵਿੱਚ ਨਾਕਾਮ ਨਜ਼ਰ ਆ ਰਹੀ ਹੈ। ਲੌਕਡਾਊਨ ਦੌਰਾਨ ਸਰਕਾਰੀ ਹੁਕਮਾਂ ਤਹਿਤ ਇਕ ਦਿਨ ਅੱਧੀਆਂ ਦੁਕਾਨਾਂ ਖੁੱਲ੍ਹਣੀਆਂ ਸਨ ਤੇ ਅੱਧੀਆਂ ਦੂਜੇ ਦਿਨ, ਪਰ ਸ਼ਰਾਬ ਦੇ ਠੇਕੇ ਹਰ ਰੋਜ਼ ਖੁੱਲ੍ਹਣਗੇ! ਇਹ ਹੈ ਸਰਕਾਰ ਦੀ ਨਸ਼ੇ ਰੋਕਣ ਸਬੰਧੀ ਗੰਭੀਰਤਾ।
ਰੁਪਿੰਦਰ ਕੌਰ, ਪਿੰਡ ਮੁਨਸ਼ੀਵਾਲਾ, ਸੰਗਰੂਰ।


ਖ਼ੁਦ ਜਾਗਰੂਕ ਹੋਣਾ ਚਾਹੀਦਾ

ਨਸ਼ਿਆਂ ਦੀ ਸਮੱਸਿਆ ਨਵੀਂ ਤਾਂ ਨਹੀਂ ਪਰ ਸਵਾਲ ਇਹ ਹੈ ਕਿ ਇਹ ਪਹੁੰਚ ਕਿਥੇ ਤੱਕ ਗਈ। ਇਸ ਲਈ ਇਕੱਲਾ ਸਰਕਾਰ ਨੂੰ ਹੀ ਦੋਸ਼ ਦੇਣਾ ਵੀ ਗ਼ਲਤ ਹੈ ਕਿਉਂਕਿ ਠੇਕੇ ’ਤੇ ਕੋਈ ਬਾਂਹ ਫੜ ਕੇ ਨਹੀਂ ਲਿਜਾਂਦਾ। ਤਰਕ ਇਹ ਵੀ ਦਿੱਤਾ ਜਾਂਦਾ ਹੈ ਕਿ ਦਿਨ ਭਰ ਦੀ ਥਕਾਨ ਲਾਹੁਣ ਲਈ ਦੋ ਘੁੱਟਾਂ ਦਾ ਕੀ ਹੈ, ਪਰ ਔਰਤਾਂ ਵੀ ਤਾਂ ਦਿਨ ਭਰ ਕੰਮ ਕਰਦੀਆਂ ਨੇ। ਹੋ ਸਕਦਾ ਕੁਝ ਔਰਤਾਂ ਵੀ ਨਸ਼ਾ ਕਰਦੀਆਂ ਹੋਣ, ਪਰ ਮਰਦਾਂ ਜਿੰਨੀਆਂ ਨਹੀਂ। ਸਰਕਾਰ ਦੀ ਜ਼ਿੰਮੇਵਾਰੀ ਹੈ ਨਸ਼ਿਆਂ ਦੀ ਖੇਪ ਨੂੰ ਮੁਲਕ ਵਿਚ ਆਉਣ ਤੋਂ ਰੋਕਣਾ, ਫੜੇ ਹੋਏ ਨਸ਼ੀਲੇ ਪਦਾਰਥਾਂ ਨੂੰ ਗੰਭੀਰਤਾ ਨਾਲ ਨਸ਼ਟ ਕਰਨਾ, ਨਸ਼ੇੜੀਆਂ ਨੂੰ ਦੋਸ਼ੀ ਦੀ ਥਾਂ ਰੋਗੀ ਸਮਝ ਕੇ ਇਲਾਜ ਦੀ ਸੁਵਿਧਾ ਕਰਨੀ। ਪਰ ਮੌਜੂਦਾ ਸਰਕਾਰ ਦੀ ਇਸ ਸਬੰਧੀ ਕਾਰਗੁਜ਼ਾਰੀ ਤਸੱਲੀਬਖ਼ਸ਼ ਨਹੀਂ। ਜ਼ਰੂਰੀ ਹੈ ਕਿ ਅਸੀਂ ਖ਼ੁਦ ਹੀ ਜਾਗਰੂਕ ਹੋਈਏ।
ਸੰਦੀਪ ਕੁਮਾਰ ਸਿੰਗਲਾ, ਬਠਿੰਡਾ।

Advertisement
Tags :
ਜਵਾਨੀਨਸ਼ਿਆਂਨੌਜਵਾਨਪੰਜਾਬਫੈਲਾਓ