‘ਤਨਵੀ ਦਿ ਗ੍ਰੇਟ’ ਦਾ ਕਾਨ ਫਿਲਮ ਮੇਲੇ ਵਿੱਚ ਹੋਵੇਗਾ ਪ੍ਰੀਮੀਅਰ
ਮੁੰਬਈ:
ਅਦਾਕਾਰ ਅਨੁਪਮ ਖੇਰ ਦੇ ਨਿਰਦੇਸ਼ਨ ਹੇਠ ਬਣੀ ਫਿਲਮ ‘ਤਨਵੀ ਦਿ ਗ੍ਰੇਟ’ ਦਾ ਵਰਲਡ ਪ੍ਰੀਮੀਅਰ ਅਗਲੇ ਕਾਨ ਫਿਲਮ ਫੈਸਟੀਵਲ ਵਿੱਚ ਕੀਤਾ ਜਾਵੇਗਾ। ਪ੍ਰੀਮੀਅਰ ਦੌਰਾਨ ਫਿਲਮ ਦੇ ਅਦਾਕਾਰ ਅਤੇ ਬਾਕੀ ਟੀਮ ਸ਼ਮੂਲੀਅਤ ਕਰੇਗੀ। ਖੇਰ ਨੇ ਆਪਣੇ ਇੰਸਟਾਗ੍ਰਾਮ ’ਤੇ ਇਸ ਬਾਰੇ ਐਲਾਨ ਕੀਤਾ ਹੈ। ਕਾਨ ਪ੍ਰੀਮੀਅਰ ਦੌਰਾਨ ਲੰਡਨ, ਨਿਊਯਾਰਕ ਅਤੇ ਲਾਸ ਏਂਜਲਸ ਸਮੇਤ ਹੋਰ ਪ੍ਰਮੁੱਖ ਸ਼ਹਿਰਾਂ ਵਿੱਚ ਇਹ ਫਿਲਮ ਦਿਖਾਈ ਜਾਵੇਗੀ, ਜਿਸ ਨਾਲ ਫਿਲਮ ਦੀ ਪਹੁੰਚ ਵਧਣ ਦੀ ਉਮੀਦ ਹੈ। ਫਿਲਮ ਬਾਰੇ ਅਨੁਪਮ ਖੇਰ ਨੇ ਕਿਹਾ, ‘ਮੈਂ ਹਮੇਸ਼ਾ ਯੂਨੀਵਰਸਲ ਥੀਮ ਵਾਲੀ ਫਿਲਮ ਬਣਾਉਣਾ ਚਾਹੁੰਦਾ ਸੀ। ‘ਤਨਵੀ ਦਿ ਗ੍ਰੇਟ’ ਡੂੰਘੇ ਜਨੂੰਨ ਅਤੇ ਉਦੇਸ਼ ਤੋਂ ਪੈਦਾ ਹੋਈ ਕਹਾਣੀ ਹੈ। ਇਹ ਫਿਲਮ ਅਸੀਂ ਦਿਲ ਨਾਲ ਬਣਾਈ ਹੈ। ਮੇਰਾ ਮੰਨਣਾ ਹੈ ਕਿ ਇਹ ਫਿਲਮ ਅਮਰੀਕਾ ਦੇ ਦਰਸ਼ਕਾਂ ਨੂੰ ਵੀ ਉੰਨੀ ਹੀ ਪਸੰਦ ਆਵੇਗੀ, ਜਿੰਨੀ ਅਹਿਮਦਾਬਾਦ ਦੇ ਦਰਸ਼ਕਾਂ ਨੂੰ।’ ਉਸ ਨੇ ਆਸਕਰ ਜੇਤੂ ਐੱਮਐੱਮ ਕੀਰਾਵਾਨੀ ਵੱਲੋਂ ਫਿਲਮ ਵਿੱਚ ਦਿੱਤੇ ਗਏ ਸੰਗੀਤ ਦੀ ਵੀ ਸ਼ਲਾਘਾ ਕੀਤੀ। ਖੇਰ ਨੇ ਕਿਹਾ, ‘ਮੈਂ ‘ਤਨਵੀ ਦਿ ਗ੍ਰੇਟ’ ਫਿਲਮ ਦੁਨੀਆ ਸਾਹਮਣੇ ਪੇਸ਼ ਕਰਨ ਲਈ ਬਹੁਤ ਉਤਸ਼ਾਹਿਤ ਹਾਂ।’ ਹਾਲ ਹੀ ਵਿੱਚ ਨਿਰਮਾਤਾਵਾਂ ਨੇ ਫਿਲਮ ਦਾ ਟੀਜ਼ਰ ਜਾਰੀ ਕੀਤਾ ਸੀ। ਫਿਲਮ ਦਾ ਨਿਰਮਾਣ ਨੈਸ਼ਨਲ ਫਿਲਮ ਡਿਵੈਲਪਮੈਂਟ ਕਾਰਪੋਰੇਸ਼ਨ (ਐੱਨਐੱਫਡੀਸੀ) ਦੇ ਸਹਿਯੋਗ ਨਾਲ ਕੀਤਾ ਗਿਆ ਹੈ। -ਏਐੱਨਆਈ