ਫ਼ਿਲਮ ‘ਅਬੀਰ ਗੁਲਾਲ’ ਲਈ ਫ਼ਵਾਦ ਖਾਨ ਨੂੰ ਮਿਲੇ ਦਸ ਕਰੋੜ!
ਚੰਡੀਗੜ੍ਹ (ਟ੍ਰਿਬਿਊਨ ਨਿਊਜ਼ ਸਰਵਿਸ):
ਪਾਕਿਸਤਾਨੀ ਅਦਾਕਾਰ ਫ਼ਵਾਦ ਖਾਨ ਫ਼ਿਲਮ ‘ਅਬੀਰ ਗੁਲਾਲ’ ਨਾਲ ਬੌਲੀਵੁੱਡ ਵਿੱਚ ਵਾਪਸੀ ਕਰ ਰਿਹਾ ਹੈ। ਕਰੀਬ ਦਹਾਕੇ ਮਗਰੋਂ ਭਾਰਤੀ ਸਿਨੇਮਾ ਵਿੱਚ ਉਸ ਦੀ ਵਾਪਸੀ ਨੂੰ ਲੈ ਕੇ ਸ਼ੁਰੂ ਵਿੱਚ ਉਤਸ਼ਾਹ ਸੀ ਪਰ ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਇਹ ਫ਼ਿਲਮ ਵਿਵਾਦਾਂ ਵਿੱਚ ਘਿਰ ਗਈ ਹੈ। ਰਿਪੋਰਟਾਂ ਅਨੁਸਾਰ, ‘ਕਪੂਰ ਐਂਡ ਸੰਨਜ਼’ ਦਾ ਅਦਾਕਾਰ, ਜੋ ਪਾਕਿਸਤਾਨ ਵਿੱਚ ਪ੍ਰਤੀ ਟੈਲੀਵਿਜ਼ਨ ਐਪੀਸੋਡ 15-20 ਲੱਖ ਰੁਪਏ ਅਤੇ ਹਰੇਕ ਫ਼ਿਲਮ ਲਈ 2 ਕਰੋੜ ਰੁਪਏ ਕਮਾਉਂਦਾ ਹੈ, ਨੂੰ ‘ਅਬੀਰ ਗੁਲਾਲ’ ਲਈ 5-10 ਕਰੋੜ ਰੁਪਏ ਦੀ ਭਾਰੀ ਅਦਾਇਗੀ ਕੀਤੀ ਗਈ ਹੈ। ਦੂਜੇ ਪਾਸੇ ਸੂਤਰਾਂ ਦਾ ਕਹਿਣਾ ਹੈ ਕਿ ਫ਼ਿਲਮ ਦੀ ਅਦਾਕਾਰਾ ਵਾਣੀ ਕਪੂਰ ਨੂੰ ਭੂਮਿਕਾ ਲਈ ਕਰੀਬ 1.5 ਕਰੋੜ ਰੁਪਏ ਦਿੱਤੇ ਗਏ ਹਨ। ਭਾਰਤੀ ਸੂਚਨਾ ਅਤੇ ਪ੍ਰਸਾਰਨ ਮੰਤਰਾਲੇ ਦੇ ਸੂਤਰ ਨੇ ਖੁਲਾਸਾ ਕੀਤਾ ਕਿ ਪਹਿਲਗਾਮ ਅਤਿਵਾਦੀ ਹਮਲੇ ਕਾਰਨ ਫ਼ਿਲਮ ‘ਅਬੀਰ ਗੁਲਾਲ’ ਦੇਸ਼ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਨਹੀਂ ਹੋਵੇਗੀ। ਪਹਿਲਗਾਮ ਹਮਲੇ ਸਬੰਧੀ ਦੋਵੇਂ ਕਲਾਕਾਰਾਂ ਨੇ ਸੋਸ਼ਲ ਮੀਡੀਆ ’ਤੇ ਆਪਣਾ ਦੁੱਖ ਪ੍ਰਗਟ ਕੀਤਾ। ਫ਼ਵਾਦ ਅਤੇ ਵਾਣੀ ਨੇ ਸੋਸ਼ਲ ਮੀਡੀਆ ’ਤੇ ਇਸ ਘਟਨਾ ਪ੍ਰਤੀ ਦੁੱਖ ਪ੍ਰਗਟ ਕਰਦਿਆਂ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਈ ਹੈ।