ਫ਼ਿਲਮ ‘ਏ ਡੌਲ ਮੇਡ ਅੱਪ ਆਫ਼ ਕਲੇਅ’ ਦੀ ਕਾਨ ਫ਼ਿਲਮ ਮੇਲੇ ਲਈ ਚੋਣ
ਨਵੀਂ ਦਿੱਲੀ:
ਕੋਲਕਾਤਾ ਦੇ ਵੱਕਾਰੀ ਸੱਤਿਆਜੀਤ ਰੇਅ ਫ਼ਿਲਮ ਐਂਡ ਟੈਲੀਵਿਜ਼ਨ ਇੰਸਟੀਚਿਊਟ (ਐੱਸਆਰਐੱਫਟੀਆਈ) ਦੇ ਵਿਦਿਆਰਥੀਆਂ ਵੱਲੋਂ ਬਣਾਈ ਲਘੂ ਫ਼ਿਲਮ ਨੂੰ 2025 ਕਾਨ ਫ਼ਿਲਮ ਮੇਲੇ ਦੇ ‘ਲਾ ਸਿਨੇਫ’ ਮੁਕਾਬਲੇ ਲਈ ਚੁਣਿਆ ਗਿਆ ਹੈ। ਐੱਸਆਰਐੱਫਟੀਆਈ ਨੇ ਐਕਸ ’ਤੇ ਆਖਿਆ ਕਿਹਾ ਕਿ ਉਨ੍ਹਾਂ ਨੂੰ ਬਹੁਤ ਖੁਸ਼ੀ ਹੈ ਕਿ ਉਨ੍ਹਾਂ ਦੀ ਦਸਤਾਵੇਜ਼ੀ ‘ਏ ਡੌਲ ਮੇਡ ਅੱਪ ਆਫ਼ ਕਲੇਅ’ ਨੂੰ 78ਵੇਂ ਕਾਨ ਫੈਸਟੀਵਲ 2025 ਦੇ ਵੱਕਾਰੀ ਮੁਕਾਬਲੇ ‘ਲਾ ਸਿਨੇਫ’ ਲਈ ਅਧਿਕਾਰਤ ਤੌਰ ’ਤੇ ਚੁਣਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਦਸਤਾਵੇਜ਼ੀ ਨੂੰ ਡਿਪਾਰਟਮੈਂਟ ਆਫ ਪ੍ਰੋਡਿਊਸਿੰਗ ਫਾਰ ਫ਼ਿਲਮ ਐਂਡ ਟੀਵੀ ਵੱਲੋਂ ਪੇਸ਼ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਵਧਾਈਆਂ ਜਿਨ੍ਹਾਂ ਨੇ ਇਸ ਪ੍ਰਾਪਤੀ ਨੂੰ ਸੰਭਵ ਬਣਾਇਆ। ‘ਏ ਡੌਲ ਮੇਡ ਅੱਪ ਆਫ ਕਲੇਅ’ ਕੋਕੋਬ ਗੇਬਰੇਹਾਵੇਰੀਆ ਟੈਸਫੇ ਵੱਲੋਂ ਲਿਖੀ ਤੇ ਨਿਰਦੇਸ਼ਤ ਕੀਤੀ ਗਈ ਹੈ, ਜੋ ਕਿ ਇਥੋਪਿਆਈ ਵਿਦਿਆਰਥੀ ਹੈ। ਉਹ ਐੱਸਆਰਐੱਫਟੀਆਈ ਤੋਂ ‘ਡਾਇਰੈਕਸ਼ਨ ਐਂਡ ਸਕਰੀਨਪਲੇਅ ਰਾਈਟਿੰਗ ਦਾ ਕੋਰਸ ਕਰ ਰਿਹਾ ਹੈ। ਇਹ ਫ਼ਿਲਮ ਇੱਕ ਨੌਜਵਾਨ ਨਾਇਜੀਰਿਆਈ ਫੁਟਬਾਲਰ ਓਲੂਵਾਸੇਈ ਦੀ ਕਹਾਣੀ ’ਤੇ ਆਧਾਰਿਤ ਹੈ, ਜੋ ਭਾਰਤ ਵਿੱਚ ਫੁਟਬਾਲ ਕਰੀਅਰ ਬਣਾਉਣ ਲਈ ਆਪਣੇ ਪਿਤਾ ਦੀ ਜ਼ਮੀਨ ਵੇਚ ਦਿੰਦਾ ਹੈ ਅਤੇ ਬਾਅਦ ’ਚ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ ਜਿਸ ਕਾਰਨ ਉਸ ਦੇ ਸੁਫ਼ਨੇ ਟੁੱਟ ਜਾਂਦੇ ਹਨ। ਇੰਸਟਾਗ੍ਰਾਮ ’ਤੇ ਟੈਸਫੇ ਨੇ ਕਿਹਾ ਕਿ ਇਹ ਫ਼ਿਲਮ ਭਾਰਤ ਵਿੱਚ ਰਹਿਣ ਵਾਲੇ ਅਫਰੀਕੀ ਫੁਟਬਾਲਰਾਂ ਦੀਆਂ ਅਣਕਹੀਆਂ ਕਹਾਣੀਆਂ ਤੋਂ ਪ੍ਰੇਰਿਤ ਹੈ। ਕਾਨ ਫ਼ਿਲਮ ਫੈਸਟੀਵਲ ਦਾ 78ਵਾਂ ਐਡੀਸ਼ਨ 13 ਤੋਂ 24 ਮਈ ਤੱਕ ਚੱਲੇਗਾ। -ਪੀਟੀਆਈ