‘ਕਮਬਖ਼ਤ ਇਸ਼ਕ’ ਗੀਤ ਨੇ ਮੇਰੇ ਲਈ ਸਭ ਕੁਝ ਬਦਲ ਦਿੱਤਾ: ਫਰਦੀਨ ਖ਼ਾਨ
ਮੁੰਬਈ: ਬੌਲੀਵੁੱਡ ਅਦਾਕਾਰ ਫਰਦੀਨ ਖ਼ਾਨ ਨੇ ਪੁਰਾਣੀਆਂ ਯਾਦਾਂ ਨੂੰ ਤਾਜ਼ਾ ਕਰਦਿਆਂ ਕਿਹਾ ਕਿ ਫਿਲਮ ‘ਪਿਆਰ ਤੂਨੇ ਕਯਾ ਕੀਆ’ ਦੇ ਗੀਤ ‘ਕਮਬਖ਼ਤ ਇਸ਼ਕ’ ਨੇ ਉਸ ਲਈ ਸਭ ਕੁਝ ਬਦਲ ਦਿੱਤਾ ਸੀ। ਇਸ ਹਿਟ ਗੀਤ ਦਾ ਵੀਡੀਓ ਸਾਂਝਾ ਕਰਦਿਆਂ ਅਦਾਕਾਰ ਨੇ ਲਿਖਿਆ ਕਿ 24 ਸਾਲ ਪਹਿਲਾਂ ਆਏ ਇਸ ਗੀਤ ਨੇ ਉਸ ਲਈ ਸਭ ਕੁਝ ਬਦਲ ਕੇ ਰੱਖ ਦਿੱਤਾ ਸੀ। ਉਸ ਨੇ ਕਿਹਾ ਕਿ ਇਸ ਗੀਤ ਵਿੱਚ ਜਿਸ ਦਾ ਵੀ ਯੋਗਦਾਨ ਰਿਹਾ ਹੈ, ਉਹ ਸਭ ਦਾ ਧੰਨਵਾਦੀ ਹੈ। ਉਸ ਨੇ ਕਿਹਾ ਕਿ ਸਾਰਿਆਂ ਦੇ ਯੋਗਦਾਨ ਨਾਲ ਹੀ ਇਹ ਗੀਤ ਇੰਨਾ ਹਿੱਟ ਹੋਇਆ ਸੀ। ਅਦਾਕਾਰ ਦੀ ਇਸ ਪੋਸਟ ਨੇ ਉਸ ਦੇ ਪ੍ਰਸ਼ੰਸਕਾਂ ਨੂੰ ਪੁਰਾਣੀਆਂ ਯਾਦਾਂ ਤਾਜ਼ਾ ਕਰਵਾ ਦਿੱਤੀਆਂ। ਇਸ ਦੌਰਾਨ ਕੁਮੈਂਟਾਂ ਵਿੱਚ ਲੋਕਾਂ ਨੇ ਇਸ ਗੀਤ ਦੀ ਸ਼ਲਾਘਾ ਕੀਤੀ। ਇਕ ਜਣੇ ਨੇ ਲਿਖਿਆ ‘ਇਹ ਕਮਾਲ ਦਾ ਗੀਤ ਸੀ’, ਇਸੇ ਤਰ੍ਹਾਂ ਇੱਕ ਹੋਰ ਵਿਅਕਤੀ ਨੇ ਲਿਖਿਆ ਕਿ ਇਹ ਆਪਣੇ ਸਮੇਂ ਦਾ ਹਿੱਟ ਗੀਤ ਸੀ। ਫਿਲਮ ‘ਪਿਆਰ ਤੂਨੇ ਕਯਾ ਕੀਆ’ ਰਾਮ ਗੋਪਾਲ ਵਰਮਾ ਨੇ ਬਣਾਈ ਸੀ। ਇਸ ਵਿੱਚ ਅਦਾਕਾਰਾ ਉਰਮਿਲਾ ਅਤੇ ਸੋਨਾਲੀ ਕੁਲਕਰਨੀ ਵੀ ਸਨ। ਕਈ ਸਾਲਾਂ ਮਗਰੋਂ ਫਰਦੀਨ ਖ਼ਾਨ ਨੇ ਪਿਛਲੇ ਸਾਲ ਮਨੋਰੰਜਨ ਖੇਤਰ ’ਚ ਵਾਪਸੀ ਕੀਤੀ ਸੀ। ਉਹ ਸੰਜੈ ਲੀਲਾ ਭੰਸਾਲੀ ਦੀ ਫਿਲਮ ‘ਹੀਰਾਮੰਡੀ’ ਵਿੱਚ ਨਜ਼ਰ ਆਇਆ ਸੀ। ਇਸ ਤੋਂ ਇਲਾਵਾ ਅਦਾਕਾਰ ਇਸ ਸਾਲ ਕਈ ਵੱਡੇ ਬਜਟ ਵਾਲੀਆਂ ਫਿਲਮਾਂ ਵਿੱਚ ਨਜ਼ਰ ਆਵੇਗਾ। ਅਗਲੇ ਕੁਝ ਮਹੀਨਿਆਂ ਤਕ ਫਰਦੀਨ ‘ਹਾਊਸਫੁਲ 5’ ਵਿੱਚ ਨਜ਼ਰ ਆਵੇਗਾ। -ਏਐੱਨਆਈ