ਕਵਿਤਾਵਾਂ
ਜੰਗ ਦੇ...
ਜਸਵੀਰ ਸੋਹਲ
ਲੋਕੀਂ ਚਰਚੇ ਕਰਦੇ ਜੰਗ ਦੇ
ਜ਼ਖ਼ਮ ਕਦੇ ਨਹੀਂ ਭਰਦੇ ਜੰਗ ਦੇ।
ਧਰਤੀ ਲੀਰੋ ਲੀਰ ਹੋ ਜਾਂਦੀ
ਜਿੱਥੇ ਬੱਦਲ ਵਰ੍ਹਦੇ ਜੰਗ ਦੇ।
ਮਾਨਵਤਾ ਦੇ ਵੈਰੀ ਹਨ ਉਹ
ਫ਼ਤਵੇ ਜਿਹੜੇ ਪੜ੍ਹਦੇ ਜੰਗ ਦੇ।
ਆਪਣੇ ਘਰ ਨੂੰ ਚੇਤੇ ਕਰਦੇ
ਜਦੋਂ ਸਿਪਾਹੀ ਲੜਦੇ ਜੰਗ ਦੇ।
ਚਾਨਣ ਦੀ ਥਾਂ ਨ੍ਹੇਰਾ ਵੰਡਦੇ
ਜਿੱਥੇ ਸੂਰਜ ਚੜ੍ਹਦੇ ਜੰਗ ਦੇ।
ਅੱਗ ਦੀ ਖੇਤੀ ਕਰਦੇ ਜਿਹੜੇ
ਉਹ ਮਨਸੂਬੇ ਘੜਦੇ ਜੰਗ ਦੇ।
‘ਸੋਹਲ’ ਮਾਵਾਂ ਦੇ ਪੁੱਤ ਸਭ ਹੀ
ਜਾ ਕੇ ਵਿੱਚ ਜੋ ਮਰਦੇ ਜੰਗ ਦੇ।
* * *
ਅਮਨ ਦਾ ਹੋਕਾ
ਕੁਲਵਿੰਦਰ ਸਿੰਘ ਬਿੱਟੂ
ਕਬੂਤਰੋ
ਓ ਚਿੱਟੇ ਕਬੂਤਰੋ
ਅਸਮਰੱਥ ਹੋ ਗਏ ਓ
ਜਾਂ ਡਰ ਗਏ ਓ?
ਨਿਕਲੋ ਖੁੱਡਿਓਂ ਬਾਹਰ।
ਤੁਹਾਡੇ
ਚਿੱਟੇ ਨੀਲੇ ਆਸਮਾਨ ਵਿੱਚ
ਫੁੰਕਾਰੇ ਮਾਰਦੀਆਂ ਗਿਰਝਾਂ
ਇੱਕ ਦੂਜੇ ਨੂੰ
ਨੋਚਣ ਲੱਗ ਗਈਆਂ ਹਨ।
ਨਿਰਮਲ ਪਾਣੀਆਂ ਦੇ ਵਹਿੰਦੇ ਵਹਿਣ
ਹਰੇ ਭਰੇ ਲਹਿਲਹਾਉਂਦੇ ਫੁੱਲ ਬੂਟੇ
ਨੀਲਾ ਸਾਫ਼ ਸੁਥਰਾ ਆਕਾਸ਼
ਕੁਸੈਲਾ ਤੇ ਸੁਰਖ਼ ਨਾ ਹੋ ਜਾਏ।
ਨਿਕਲੋ ਖੁੱਡਿਓਂ ਬਾਹਰ
ਝੁੰਡਾਂ ਦੇ ਝੁੰਡ ਬਣਾ
ਫੈਲ ਜਾਓ ਸਾਰੇ ਆਸਮਾਨ ਵਿੱਚ
ਖਦੇੜ ਦਿਓ ਇਨ੍ਹਾਂ ਲਹੂ ਪੀਣੀਆਂ
ਗਿਰਝਾਂ ਨੂੰ।
ਫੈਲਾਅ ਦਿਓ ਚਾਰੇ ਪਾਸੇ
ਚਿੱਟਾ ਹੀ ਚਿੱਟਾ ਰੰਗ।
ਦੇ ਦਿਓ
ਸਮੁੱਚੀ ਲੋਕਾਈ ਨੂੰ
ਅਮਨ ਦਾ ਹੋਕਾ।।
ਸੰਪਰਕ: 62849-20113
* * *
ਜੰਗ ਤੇ ਅਣਖ
ਮੋਹਨ ਸ਼ਰਮਾ
ਜੰਗ ਬਹੁਤ ਕੁਝ
ਆਪਣੇ ਨਾਲ ਲੈ ਕੇ ਆਉਂਦੀ ਹੈ।
ਖੰਡਰਨੁਮਾ ਘਰ, ਮਲਬੇ ਹੇਠ
ਦਬੀਆਂ ਲਾਸ਼ਾਂ, ਡਰ, ਦਹਿਸ਼ਤ, ਸੰਨਾਟਾ,
ਰੋਸ਼ਨੀ ਤੋਂ ਕਿਨਾਰਾਕਸ਼ੀ,
ਦੂਜੀ ਥਾਂ ਬੈਠੇ ਸਬੰਧੀਆਂ ਦੀ ਚਿੰਤਾ,
ਮਾਰੂ ਸੋਚਾਂ, ਹੁਸੀਨ ਖ਼ੁਆਬਾਂ ’ਤੇ ਖ਼ੌਫ਼ ਦੀ ਧੂੜ,
ਆਸਮਾਨ ਵਿੱਚ ਫੈਲਿਆ
ਜ਼ਹਿਰੀਲਾ ਧੂੰਆਂ,
ਮਿਜ਼ਾਈਲਾਂ ਅਤੇ ਤੋਪਾਂ ਦੀ
ਗੜਗੜਾਹਟ ਨਾਲ
ਛਿੜੀ ਮਾਰੂ ਕੰਬਣੀ!
ਸੱਚੀਂ, ਜੰਗ ਹਾਸੇ ਨੂੰ
ਦਫ਼ਨ ਕਰਕੇ
ਸੋਗੀ ਦੰਦਲਾਂ ਪਾ ਦਿੰਦੀ ਹੈ!
ਮਿਜ਼ਾਈਲਾਂ ਤੋਪਾਂ ਬੰਦੂਕਾਂ ’ਚੋਂ ਨਿਕਲੀ ਅੱਗ
ਨਾਂ, ਧਰਮ ਅਤੇ ਮਜ਼ਹਬ
ਨਹੀਂ ਵੇਖਦੀ!
ਉਹਦਾ ਕਰਮ ਤਾਂ
ਜ਼ਿੰਦਗੀ ਨੂੰ ਲਾਸ਼ ਵਿੱਚ
ਬਦਲਣਾ ਹੈ।
ਲਾਸ਼ ਜਿਸ ਪਰਿਵਾਰ ਦੇ ਵੀ
ਹਿੱਸੇ ਆਉਂਦੀ ਹੈ
ਉਹਦੇ ਨਾਲ ਜਿੰਨਾ ਜਿੰਨਾ ਵੀ
ਸਦੀਵੀਂ ਜਾਣ ਵਾਲੇ ਦਾ
ਰਿਸ਼ਤਾ ਹੁੰਦਾ ਹੈ
ਓਨਾ ਓਨਾ ਹੀ
ਉਹ ਆਪ ਵੀ
ਨਾਲ ਮਰਦਾ ਹੈ।
ਕਿਸੇ ਦੂਰ ਵਸੇਂਦੇ ਨਾਲ
ਲੜਾਈ ਸਮੇਂ
ਅਸੀਂ ਪਾਸਾ ਵੱਟ ਕੇ
ਉਸ ਨਾਲ ਸਦੀਵੀਂ ਰਿਸ਼ਤਾ ਤੋੜ ਸਕਦੇ ਹਾਂ।
ਮਿੱਤਰਤਾ ਵੀ ਖ਼ਤਮ ਕੀਤੀ ਜਾ ਸਕਦੀ ਹੈ।
ਪਰ ਗੁਆਂਢੀ ਨਾਲ ਜੰਗ
ਹੋਰ ਵੀ ਖ਼ਤਰਨਾਕ ਹੈ।
ਗੁਆਂਢ ਤਾਂ ਬਦਲਿਆ ਵੀ ਨਹੀਂ ਜਾ ਸਕਦਾ।
ਹਾਂ, ਪਹਿਲਕਦਮੀ ਕਰਕੇ
ਉਸ ਨੂੰ ਸਮਝਾਇਆ ਜਾ ਸਕਦੈ।
ਪਿਆਰ ਨਾਲ, ਦਲੀਲਾਂ ਨਾਲ
ਜਾਂ ਫਿਰ
ਅਪਣੱਤ ਦਾ ਚੋਗਾ ਸੁੱਟ ਕੇ!
ਪਰ ਜੇਕਰ ਗੁਆਂਢੀ ਨੇ
ਆਪਣੀ ਸੋਚ ’ਤੇ
ਜ਼ਹਿਰੀਲੀ ਪਾਣ ਚੜ੍ਹਾ ਲਈ ਹੈ
ਅਤੇ ਡੰਗ ਮਾਰਦੀਆਂ
ਸੋਚਾਂ ਨੂੰ
ਅਮਲੀਜਾਮਾ ਪਹਿਨਾ ਲਿਆ ਹੈ
ਤਾਂ ਫਿਰ
‘ਜਬੈ ਬਾਣ ਲਾਗਯੋ ਤਬੈ ਰੋਸ ਜਾਗਯੋ’
ਅਨੁਸਾਰ
ਬਾਣਾਂ ਨੂੰ ਖੁੰਢਾ
ਕਰਨ ਉਪਰੰਤ
ਨਿਹੱਥਾ ਕਰਕੇ ਹੀ
ਸਵੈਮਾਣ, ਅਣਖ ਅਤੇ ਗੈਰਤ ਨੂੰ
ਜ਼ਿੰਦਾ ਰੱਖਿਆ ਜਾ
ਸਕਦਾ ਹੈ।
ਸੰਪਰਕ: 94171-48866
* * *
ਭਲੀ ਹੋਈ
ਹਰਪ੍ਰੀਤ ਪੱਤੋ
ਭਲੀ ਹੋਈ ਤੋਪਾਂ ਨੇ ਮੂੰਹ ਮੋੜੇ,
ਜੋ ਗੱਜਣੀਆਂ ਸੀ ਵਿੱਚ ਆਸਮਾਨ ਪੱਤੋ।
ਛਹਿ ਗਏ ਡਰੋਨ ਆਪਣੇ ਟਿਕਾਣਿਆਂ ’ਤੇ,
ਜੋ ਮਚਾਈ ਜਾਂਦੇ ਸੀ ਘਸਮਾਣ ਪੱਤੋ।
ਸਾਹ ਸੁਖ ਦਾ ਆਇਆ ਸਾਰਿਆਂ ਨੂੰ,
ਜਦ ਹੋਇਆ ਅਮਨ ਅਮਾਨ ਪੱਤੋ।
ਜੀਵਨ ਪਹਿਲਾਂ ਵਰਗਾ ਹੋ ਚੱਲਿਆ,
ਲੋਕ ਲੱਗੇ ਕੰਮੀਂ ਜਾਣ ਪੱਤੋ।
ਉੱਡੇ ਪੰਛੀ ਆਪਣੇ ਆਲ੍ਹਣਿਆਂ ’ਚੋਂ,
ਲੱਗੀਆਂ ਰੌਣਕਾਂ ਰੁੱਖੀਂ ਆਣ ਪੱਤੋ।
ਚੰਗਾ ਹੋਇਆ ਭਲੇ ਵੇਲੇ ਮੱਤ ਆਈ,
ਬਹੁਤਾ ਹੋਇਆ ਨੀਂ ਨੁਕਸਾਨ ਪੱਤੋ।
ਬੰਦ ਹੋ ਗਏ ਸੀ ਬੱਲਬ ਚੁਬਾਰਿਆਂ ਦੇ,
ਬਲੈਕਆਊਟ ਦਾ ਨਾਂ, ਸੁੰਨਸਾਨ ਪੱਤੋ।
ਵੱਸਣ ਇੱਧਰ ਭਾਈ ਤੇ ਉੱਧਰ ਭਾਈ,
ਵਸੇ ਇੱਕ ਦੂਜੇ ਦੇ ਵਿੱਚ ਜਾਨ ਪੱਤੋ।
ਸੰਪਰਕ: 94658-21417
* * *
ਏਧਰ ਵੀ ਤੇ ਓਧਰ ਵੀ
ਸੁਖਪਾਲ ਕੌਰ ਬਾਠ
ਏਧਰ ਵੀ ਸੀਨੇ ਧੜਕਦੇ
ਓਧਰ ਵੀ ਦਿਲਾਂ ’ਚ ਜਾਨ ਏ।
ਏਧਰ ਵੀ ਕਲਾਕਾਰ ਖ਼ਾਸ ਨੇ
ਓਧਰ ਵੀ ਗੁਣਾਂ ਦੀ ਖਾਣ ਏ।
ਏਧਰ ਸਾਈਂ ਮੀਆਂ ਮੀਰ ਨੇ,
ਨੀਂਹ ਰੱਖੀ ਸੀ ਹਰਿਮੰਦਰ ਦੀ।
ਸਾਡਾ ਇੱਕੋ ਰੱਬ ਤੇ ਇੱਕੋ ਖ਼ੂਨ ਹੈ
ਕਿੰਝ ਸਮਝੀਏ ਗੱਲ ਅੰਦਰ ਦੀ।
ਫਿਰ ਇਹ ਕਿਹੜੀਆਂ ਨਫ਼ਰਤਾਂ
ਜੋ ਦੋਹੀਂ ਪਾਸੇ ਨੇ ਤੋਪਾਂ ਬੀੜੀਆਂ।
ਐਡੀ ਛੇਤੀ ਨਾ ਖੁੱਲ੍ਹਣਗੀਆਂ
ਪਿਆਰ ਦੀਆਂ ਤੰਦਾਂ ਪੀਢੀਆਂ।
ਤੀਲ੍ਹੀਆਂ ਲਾ ਲਾ ਭਾਂਬੜ ਬਾਲ਼ਦੇ,
ਘੁੱਗੀਆਂ ਸੜ ਸੜ ਮੱਚਦੀਆਂ।
ਆਮ ਘਰਾਂ ’ਚ ਪੈਂਦੇ ਵੈਣ ਜਦੋਂ,
ਲਾਸ਼ਾਂ ’ਤੇ ਕੁਰਸੀਆਂ ਨੱਚਦੀਆਂ।
ਜੰਗ ਨਾ ਮਸਲੇ ਦਾ ਹੱਲ ਕੋਈ,
ਆਖ਼ਰ ਤਾਂ ਦੋ ਹੱਥ ਮਿਲਣਗੇ ਹੀ।
ਉਹ ਦਿਨ ਏਨੀ ਵੀ ਦੂਰ ਨਹੀਂ
ਅਮਨਾਂ ਦੇ ਫੁੱਲ ਖਿੜਣਗੇ ਹੀ।
ਸੰਪਰਕ: 83607-83075
* * *
ਜੰਗ ਨਾਲ ਮਸਲੇ
ਐਡਵੋਕੇਟ ਰਵਿੰਦਰ ਸਿੰਘ ਧਾਲੀਵਾਲ
ਜੰਗ ਨਾਲ ਮਸਲੇ ਹੱਲ ਨਾ ਹੁੰਦੇ
ਇਹ ਸਮੇਂ ਕਿਸੇ ਦੇ ਵੱਲ ਨਾ ਹੁੰਦੇ।
ਦਹਿਸ਼ਤ ਲੋਕੀਂ ਕਰਦੇ ਨੇ ਬੁਜ਼ਦਿਲ
ਮਾਰ ਮੁਕਾਉਣਾ ਬੇਦੋਸ਼ੇ ਲੋਕਾਂ ਨੂੰ
ਬਹਾਦਰੀ ਵਾਲੇ ਕੰਮ ਨਾ ਹੁੰਦੇ
ਜੰਗ ਨਾਲ ਮਸਲੇ ਹੱਲ ਨਾ ਹੁੰਦੇ।
ਵੱਡੇ ਨੇਤਾ ਕਰਨ ਸਿਆਸਤ ਵੋਟਾਂ ਲਈ
ਜਨਤਾ ਦੀ ਪਹੁੰਚ ਤੋਂ ਬਾਹਰ ਹੁੰਦੀ ਹੈ
ਛੋਟੇ ਨੇਤਾ ਤੋਂ ਵੀ ਇਹ ਠੱਲ ਨਾ ਹੁੰਦੇ
ਜੰਗ ਨਾਲ ਮਸਲੇ ਹੱਲ ਨਾ ਹੁੰਦੇ।
ਖ਼ੌਫ਼ ਦੇ ਸਾਏ ਵਿੱਚ ਜੀਵਣ ਲੋਕੀਂ
ਘੁੱਟ ਸਬਰਾਂ ਦਾ ਪੀਵਣ ਲੋਕੀਂ
ਹੁਣੇ ਕਰੋ ਨਿਬੇੜਾ ਫ਼ੈਸਲੇ ਕੱਲ੍ਹ ਨਾ ਹੁੰਦੇ
ਜੰਗ ਨਾਲ ਮਸਲੇ ਹੱਲ ਨਾ ਹੁੰਦੇ।
ਖ਼ੁਦ ਮਸਲਾ ਬਣ ਕੇ ਰਹਿ ਜਾਂਦੀ
ਕਰੇ ਘੋਰ ਹਨੇਰਾ ਸੱਥਰ ਵਿਛਵਾਉਂਦੀ
ਸਾਲਾਂਬੱਧੀ ਜ਼ਖ਼ਮ ਏਸ ਦੇ ਝੱਲ ਨਾ ਹੁੰਦੇ
ਜੰਗ ਨਾਲ ਮਸਲੇ ਹੱਲ ਨਾ ਹੁੰਦੇ।
ਅਮਨ ਸ਼ਾਂਤੀ ਚਾਹੁੰਦੇ ਸਭ ਲੋਕੀਂ
ਇਸ ਲਈ ਰੱਬ ਨੂੰ ਧਿਆਉਂਦੇ ਲੋਕੀਂ
ਖ਼ੁਸ਼ੀਆਂ ਦੇ ਸਭ ਪਲ ਨਾ ਹੁੰਦੇ
ਜੰਗ ਨਾਲ ਮਸਲੇ ਹੱਲ ਨਾ ਹੁੰਦੇ।
ਕਰੋ ਦੁਆਵਾਂ ਇਹ ਮੁੜ ਨਾ ਆਵੇ
ਕਾਲੇ ਦਿਨ ਨਾ ਫਿਰ ਦਿਖਾਵੇ
ਆਪਸ ਵਿੱਚ ਚੰਗੇ ਛਲ ਨਾ ਹੁੰਦੇ
ਜੰਗ ਨਾਲ ਮਸਲੇ ਹੱਲ ਨਾ ਹੁੰਦੇ।
ਧਾਲੀਵਾਲ ਇਹ ਦੁਨੀਆ ਬਹੁਰੰਗੀ
ਦੇਸ਼ ਆਪਣੇ ਦੀ ਮਿੱਟੀ ਬਹੁਤੀ ਚੰਗੀ
ਲੜਾਈਆਂ ਦੇ ਕੋਈ ਤਲ ਨਾ ਹੁੰਦੇ
ਜੰਗ ਨਾਲ ਮਸਲੇ ਹੱਲ ਨਾ ਹੁੰਦੇ।
ਸੰਪਰਕ: 78374-90309
* * *
ਅੰਨ੍ਹਾ ਵਿਕਾਸ ..
ਰਾਜਬੀਰ ਮੱਤਾ
ਉਹ ਜਹਾਜ਼ ਉਡਾਉਂਦੇ
ਗੋਲੇ ਵਰ੍ਹਾਉਂਦੇ
ਤਬਾਹ ਕਰਦੇ
ਇੱਕ-ਦੂਜੇ ਦਾ ਘਰ ...
ਮਾਰ ਕੇ ਬੰਦੇ
ਖ਼ੁਸ਼ੀਆਂ ਮਨਾਉਂਦੇ
ਵਾਜੇ ਵਜਾਉਂਦੇ
ਦਿੰਦੇ ਸਬੂਤ
ਆਪਣੀ ਅਕਲ ਦੇ
ਬਲਬੂਤੇ ’ਤੇ ਬਣਾਈਆਂ
ਮਸ਼ੀਨਰੀਆਂ ਦਾ ...
ਉਹ ਜੰਗ ਨੂੰ ਜਾਇਜ਼ ਮੰਨਦੇ
ਵਰ੍ਹਾਉਂਦੇ ਗੋਲ਼ੀਆਂ
ਮੀਂਹਾਂ ਵਾਂਗ
ਕਰ ਦਿੰਦੇ
ਬੇ-ਪਰਦ ਮਾਨਵਤਾ
ਆਪਣੀ ਫ਼ੋਕੀ ਤੇ ਝੂਠੀ ਹੈਂਕੜਬਾਜ਼ੀ ਲਈ ...
ਧਰਤੀ ਆਪਣੇ ਹੀ
ਗੋਲ ਦਾਇਰੇ ’ਚ
ਅਡੋਲ ਖੜ੍ਹੀ
ਅੱਥਰੂ ਵਹਾਉਂਦੀ
ਕੋਸਦੀ ਹੈ
ਮਾਨਵਤਾ ਦੇ ਦੁਸ਼ਮਣ ਬਣੇ
ਏਸ
ਅੰਨ੍ਹੇ ਵਿਕਾਸ ਨੂੰ ...
ਸੰਪਰਕ: 84376-01702
* * *
ਜੰਗ
ਮੁਹੰਮਦ ਅੱਬਾਸ ਧਾਲੀਵਾਲ
ਜੰਗ ਤਾਂ ਵੀਰੇ ਜੰਗ ਹੁੰਦੀ ਐ।
ਨਾ ਤੁਧ ਨਾ ਮੁਝ ਸੰਗ ਹੁੰਦੀ ਐ।
ਬੰਬ ਫਟਣ ਦਾ ਰੌਲਾ-ਗੌਲਾ
ਸੁੱਖ ਸ਼ਾਂਤੀ ਸਭ ਭੰਗ ਹੁੰਦੀ ਐ।
ਸਰਹੱਦੀਂ ਬੈਠੇ ਜਵਾਨਾਂ ਦੇ।
ਹਰ ਪਲ ਮੌਤ ਜਿਵੇਂ ਸੰਗ ਹੁੰਦੀ ਐ।
ਚੁੰਨੀ ਕਿਸੇ ਦੀ ਲੱਥੀ ਹੋਈ।
ਟੁੱਟੀ ਮੁਟਿਆਰ ਦੀ ਵੰਗ ਹੁੰਦੀ ਐ।
ਭੁੱਖਮਰੀ ਅਤੇ ਚੀਕ ਚਿਹਾੜਾ।
ਖ਼ਲਕ਼ਤ ਇਕਦਮ ਨੰਗ ਹੁੰਦੀ ਐ।
ਖਾਧ-ਖੁਰਾਕ ਦੀ ਥੁੜ ਹੁੰਦੀ ਹੈ
ਆਟੇ-ਦਾਲ ਦੀ ਮੰਗ ਹੁੰਦੀ ਐ।
ਟੁੱਟੇ ਭੱਜੇ ਤਬਾਹ ਘਰਾਂ ਵਿੱਚ
ਦਹਿਸ਼ਤ ਅੱਖਾਂ ਸੰਗ ਹੁੰਦੀ ਐ।
ਚਾਰ-ਚੁਫ਼ੇਰੇ ਧੂੰਆਂ ਧੂੰਆਂ...
ਆਸ ਜੀਵਨ ਦੀ ਬੇ-ਰੰਗ ਹੁੰਦੀ ਐ।
ਯੁੱਧ ਦੇ ਖੇਤਰ ਵਿੱਚ ‘ਅੱਬਾਸ’
ਜ਼ਿੰਦਗੀ ਇਕਦਮ ਤੰਗ ਹੁੰਦੀ ਐ।
ਸੰਪਰਕ: 98552-59650
* * *
ਸ਼ੋਰ ਬੰਬਾਂ ਦਾ
ਹਰਭਿੰਦਰ ਸਿੰਘ ਸੰਧੂ
ਮੁੜ ਜਾ ਕੋਇਲੇ ਮੁੜ ਜਾ ਆਪਣੇ ਵਤਨਾਂ ਨੂੰ,
ਸਾਡੇ ਮੁਲਕ ’ਚ ਤੱਤੀਆਂ ਵਗਣ ਹਵਾਵਾਂ ਨੀ।
ਕਿਹਨੇ ਤੇਰੀ ਮਿੱਠੀ ਕੂ ਕੂ ਸੁਣਨੀ ਹੁਣ,
ਸ਼ੋਰ ਬੰਬਾਂ ਦਾ ਉੱਚੀ ਸੁਣਦੀਆਂ ਧਾਹਾਂ ਨੀ।
ਪੁੱਤ ਜਿਨ੍ਹਾਂ ਦੇ ਬਾਰਡਰਾਂ ਉੱਤੇ ਦੇਣ ਪਹਿਰੇ,
ਰੋਟੀ ਨਾ ਉਹ ਖਾਂਦੀਆਂ ਅੱਜਕਲ੍ਹ ਮਾਵਾਂ ਨੀ।
ਕੌਣ ਨਫ਼ਰਤਾਂ ਵਾਲੇ ਬੀਜ ਇੱਥੇ ਸੁੱਟ ਜਾਂਦਾ,
ਕਿਉਂ ਬੰਦਾ, ਮਾਰੇ ਬੰਦੇ, ਮੈਂ ਸੋਚੀਂ ਜਾਵਾਂ ਨੀ।
ਸੰਧੂਆ ਰਾਜੇ ਮਹਿਲਾਂ ਵਿੱਚੋਂ ਦੇਣ ਹੁਕਮ,
ਮੈਂ ਚੁੱਲ੍ਹਾ ਦੱਸ ਕਿਹੜੀ ਜਗ੍ਹਾ ਲੁਕਾਵਾਂ ਨੀ।
ਸੰਪਰਕ: 97810-81888
* * *
ਅਸੀਂ ਅਮਨ ਚਾਹੁੰਦੇ ਹਾਂ...
ਰਾਜਵਿੰਦਰ ਰੌਂਤਾ
ਅਸੀਂ ਅਮਨ ਚਾਹੁੰਦੇ ਹਾਂ
ਲੱਗੇ ਜੰਗ ਨ੍ਹੀਂ ਚਾਹੁੰਦੇ।
ਵੱਸਣ ਸੁਹਾਗ ਤੇ ਵੀਰੇ
ਟੁੱਟੇ ਵੰਗ ਨ੍ਹੀਂ ਚਾਹੁੰਦੇ।
ਵਗੇ ਦਰਿਆ ਮੁਹੱਬਤ ਦਾ
ਫ਼ਿਰਕੂ ਰੰਗ ਨ੍ਹੀਂ ਚਾਹੁੰਦੇ।
ਖਿੜਨ ਗੁਲਾਬ ਬਾਰਡਰ ’ਤੇ
ਸ਼ਾਂਤੀ ਭੰਗ ਨ੍ਹੀਂ ਚਾਹੁੰਦੇ।
ਮਾਂ ਬੋਲੀ ਇੱਕ ਹੈ ਸਾਡੀ
ਮਮਤਾ ਡੰਗ ਨ੍ਹੀਂ ਚਾਹੁੰਦੇ।
ਰੌਂਤੇ ਉਡਾਓ ਘੁੱਗੀਆਂ
ਕੁਤਰੇ ਫੰਙ ਨ੍ਹੀਂ ਚਾਹੁੰਦੇ।
ਸੰਪਰਕ: 98764-86187
* * *
ਗ਼ਜ਼ਲ
ਬਿੰਦਰ ਸਿੰਘ ਖੁੱਡੀ ਕਲਾਂ
ਇਸ ਧਰਤੀ ਉੱਪਰ ਅਮਨ ਜ਼ਰੂਰੀ ਏ।
ਫੁੱਲਾਂ ਦਾ ਖਿੜਿਆ ਚਮਨ ਜ਼ਰੂਰੀ ਏ।
ਜੰਗਾਂ ਦਾ ਜੋ ਵੀ ਕਾਰਨ ਬਣਦੇ ਨੇ,
ਐਸੇ ਤੱਤਾਂ ਦਾ ਦਮਨ ਜ਼ਰੂਰੀ ਏ।
ਵੋਟਾਂ ਖ਼ਾਤਰ ਜੋ ਛੇੜਨ ਜੰਗਾਂ ਨੂੰ,
ਉਨ੍ਹਾਂ ਦਾ ਫੜਨਾ ਗਬਨ ਜ਼ਰੂਰੀ ਏ।
ਮੇਰੀ ਮੇਰੀ ਕਰਦੇ ਬੰਦੇ ਖ਼ਾਤਰ,
ਅੰਤ ਸਮੇਂ ਕੇਵਲ ਕਫ਼ਨ ਜ਼ਰੂਰੀ ਏ।
ਸੁੱਖਾਂ ਵਾਲੇ ਜੋ ਸੰਦੇਸ਼ ਲਿਆਵੇ,
ਬਿੰਦਰ ਉਹ ਚਲਣੀ ਪਵਨ ਜ਼ਰੂਰੀ ਏ।
ਸੰਪਰਕ: 98786-05965
* * *
ਏਸ ਭਿਆਨਕ ਦੌਰ ਦੇ...
ਅਮਰਜੀਤ ਸਨ੍ਹੇਰਵੀ
ਜੰਨਤ ਵਰਗੀ ਧਰਤੀ ’ਤੇ ਕੁਝ,
ਲੋਕਾਂ ਕਹਿਰ ਕਮਾਇਆ ਹੈ।
ਬੇਦੋਸ਼ਿਆਂ ਨੂੰ ਮਾਰ, ਪਤਾ ਨਹੀਂ,
ਕਿਹੜਾ ਧਰਮ ਨਿਭਾਇਆ ਹੈ।
ਜਿਨ੍ਹਾਂ ਨੇ ਇਹ ਕਾਰਾ ਕੀਤਾ।
ਸੱਚੀਂ ਬਹੁਤ ਹੀ ਮਾੜਾ ਕੀਤਾ।
ਸੁੰਦਰ ਵਾਦੀ ਦੀ ਹਿੱਕ ਉੱਤੇ,
ਕਿੰਨਾ ਖੂਨ ਵਹਾਇਆ ਹੈ।
ਮਾਨਵਤਾ ਦੀ ਕਦਰ ਕਰਨ ਦੀ,
ਸਾਰੇ ਧਰਮ ਹੀ ਸਿੱਖਿਆ ਦਿੰਦੇ।
ਕਿਸੇ ਧਰਮ ਨੇ ਬੰਦਿਆਂ ਤਾਈਂ,
ਲੜਨਾ ਨਹੀਂ ਸਿਖਾਇਆ ਹੈ।
ਧਰਮਾਂ ਦੇ ਵਿੱਚ ਵੰਡਿਆ ਬੰਦਾ,
ਥਾਂ ਥਾਂ ਵੰਡੀਆਂ ਪਾਉਂਦਾ ਫਿਰਦਾ।
ਮਾਨਸ ਜਾਤ ਹੈ ਇੱਕ ਬਰਾਬਰ,
ਗੁਰੂਆਂ ਨੇ ਸਮਝਾਇਆ ਹੈ।
ਪਹਿਲਾਂ ਪਿੰਡਾਂ ਸ਼ਹਿਰਾਂ ਦੇ ਵਿੱਚ,
ਪਿਆਰ ਮੁਹੱਬਤ ਭਾਈਚਾਰਾ ਸੀ।
ਚੰਦਰੀ ਸਿਆਸਤ ਵਸਦੇ ਰਸਦੇ,
ਘਰਾਂ ’ਚ ਪਾੜਾ ਪਾਇਆ ਹੈ।
ਆਪਣੇ ਘਰ ਦੇ ਅੰਦਰ ਹੀ ਹੁਣ,
ਕੋਈ ਵੀ ਮਹਿਫ਼ੂਜ਼ ਨਹੀਂ ਹੈ।
ਏਸ ਭਿਆਨਕ ਦੌਰ ਦੇ ਅੰਦਰ,
ਹਰ ਬੰਦਾ ਘਬਰਾਇਆ ਹੈ।
ਫ਼ਿਰਕੂ ਦੈਂਤ ਨਾ ਟਿਕ ਕੇ ਬਹਿੰਦਾ,
ਹਰ ਪਲ ਨਫ਼ਰਤ ਵੰਡਦਾ ਰਹਿੰਦਾ।
ਅਮਰਜੀਤ ਇਸ ਨਫ਼ਰਤ ਸਾਡਾ,
ਬਹੁਤ ਨੁਕਸਾਨ ਕਰਵਾਇਆ ਹੈ।
ਸੰਪਰਕ: 99142-16191
* * *
ਸਾਕਾ ਪਹਿਲਗਾਮ
ਰਜਿੰਦਰ ਕੌਰ ਪੰਨੂੰ
ਧਰਤੀ ਦੇ ਪਵਿੱਤਰ ਪਿੰਡੇ ’ਤੇ, ਨਾ ਹਿੰਸਾ ਦੀਆਂ ਲਾਸਾਂ ਪਾਵੋ।
ਧਰਮ ਨੂੰ ਮਜ਼ਹਬ ਦੀ ਪੁੱਠ ਦੇ ਕੇ, ਨਾ ਦੋਹੇ ਕਲਮਾਂ ਨੂੰ ਗਾਵੋ।
ਅੱਜ ਦਾ ਸੂਰਜ ਵੀ ਸ਼ਰਮਿੰਦਾ, ਕਿਰਨਾਂ ਮੂੰਹ ਲਕੋਇਆ ਹੈ।
ਸਾਡੇ ਹੁੰਦਿਆਂ ਰੁੱਖ ਵੀ ਸੋਚਣ, ਇਹ ਕਿਉਂ ਕਿੱਦਾਂ ਹੋਇਆ ਹੈ।
ਸਾਰੇ ਪਾਣੀ ਵਗਦੇ ਰੁਕ ਗਏ, ਸੁਣ ਚੂੜੇ ਦੀਆਂ ਚੀਕਾਂ ਇਹ।
ਨਿਰੰਕਾਰ ਦੇ ਵਿਹੜੇ ਦੇ ਵਿੱਚ, ਕਿਸਨੇ ਵਾਹੀਆਂ ਲੀਕਾਂ ਇਹ।
ਚੰਦਰਮਾ ਦੇ ਚੌਂਹੀਂ ਪਾਸੀਂ, ਹੁੰਮਸ ਘੇਰਾ ਪਾਇਆ ਹੈ।
ਇਨ੍ਹਾਂ ਵਾਦੀਆਂ ਅੰਦਰ ਦਹਿਸ਼ਤ ਨੇ, ਫਿਰ ਡੇਰਾ ਲਾਇਆ ਹੈ।
ਪੱਥਰ, ਪਰਬਤ, ਪੰਛੀ, ਜੰਗਲ, ਚੁੱਪ ਹੋ ਗਏ ਨੇ, ਬੁੱਤ ਹੋ ਗਏ ਨੇ।
ਦੇਂਦੇ ਪਏ ਗਵਾਹੀ ਰੋ ਰੋ, ਸਭ ਹੰਝੂਆਂ ਦੇ ਪੁੱਤ ਹੋ ਗਏ ਨੇ।
ਚਾਰੇ ਪਾਸੇ ਹਵਾ ਸੋਗ ਦੀ, ਕਿੰਨੇ ਘਰਾਂ ’ਚ ਸੱਥਰ ਨੇ।
ਮੌਤ ਦਾ ਨੰਗਾ ਨਾਚ ਵੇਖਕੇ, ਗੂੰਗੇ ਹੋ ਗਏ ਅੱਖਰ ਨੇ।
ਮਾਨਵਤਾ ਦੇ ਮੱਥੇ ’ਤੇ ਅੱਜ, ਲਹੂ ਬੇਦੋਸ਼ਾ ਹੈ ਫਿਰ ਲੱਗਾ।
ਤਾਂ ਹੀ ਕੁਦਰਤ ਦਾ ਰੰਗ ਏਨਾ, ਅੱਜ ਹੋ ਗਿਆ ਬੱਗਾ ਬੱਗਾ।
ਅਸੀਂ ਤਾਂ ਸੁਣਿਆ ਸੀ ਇੱਕੋ ਹੈ, ਰਾਮ ਰਹੀਮ ਮਸੀਹ ਜਾਂ ਅੱਲ੍ਹਾ।
ਰਜਿੰਦਰ ਇਨ੍ਹਾਂ ਸ਼ੈਤਾਨੀ ਕਾਇਰਾਂ, ਕਿਸ ਅੱਲ੍ਹਾ ਦਾ ਫੜ ਲਿਆ ਪੱਲਾ।
ਸੰਪਰਕ: 95013-92150
* * *