ਸਲਮਾਨ ਖ਼ਾਨ ਦਾ ਡਿਲੀਟ ਕੀਤਾ ‘ਗੋਲੀਬੰਦੀ’ ਬਾਰੇ ਬਿਆਨ ਵਾਇਰਲ
ਮੁੰਬਈ: ਭਾਰਤ ਅਤੇ ਪਾਕਿਸਤਾਨ ਵਿਚਕਾਰ ਦਸ ਮਈ ਨੂੰ ਤਣਾਅ ਖ਼ਤਮ ਹੋਣ ਮਗਰੋਂ ਦੇਸ਼ ਭਰ ਤੋਂ ਪ੍ਰਤੀਕਿਰਿਆਵਾਂ ਦੀ ਝੜੀ ਲੱਗ ਗਈ। ਇਸ ਦੌਰਾਨ ਕਈ ਬੌਲੀਵੁੱਡ ਹਸਤੀਆਂ ਨੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਵਿੱਚ ਸਲਮਾਨ ਖਾਨ ਵੀ ਸ਼ਾਮਲ ਸੀ। ਉਸ ਨੇ ਐੱਕਸ ’ਤੇ ਸਮਝੌਤਾ ਹੋਣ ਦੇ ਕੁਝ ਮਿੰਟਾਂ ਮਗਰੋਂ ਪੋਸਟ ਪਾਈ ਸੀ। ਹਾਲਾਂਕਿ, ਥੋੜ੍ਹੀ ਦੇਰ ਬਾਅਦ ਅਦਾਕਾਰ ਨੇ ਪੋਸਟ ਡਿਲੀਟ ਕਰ ਦਿੱਤੀ। ਆਪਣੇ ਡਿਲੀਟ ਕੀਤੇ ਗਏ ਟਵੀਟ ਵਿੱਚ ਸਲਮਾਨ ਨੇ ਲਿਖਿਆ,‘ਗੋਲੀਬੰਦੀ ਲਈ ਅੱਲ੍ਹਾ ਦਾ ਸ਼ੁੱਕਰ ਹੈ।’ ਇਸ ਪੋਸਟ ’ਤੇ ਕਈ ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਈਆਂ। ਕੁਝ ਲੋਕਾਂ ਨੇ ਸ਼ਾਂਤੀ ਲਈ ਅਦਾਕਾਰ ਦੇ ਸਮਰਥਨ ਦੀ ਸ਼ਲਾਘਾ ਕੀਤੀ ਅਤੇ ਕਈਆਂ ਨੇ ਪਹਿਲਗਾਮ ਅਤਿਵਾਦੀ ਹਮਲੇ ਵਿੱਚ ਮਾਰੇ ਲੋਕਾਂ ਦੇ ਨੁਕਸਾਨ ਦੇ ਮੱਦੇਨਜ਼ਰ ਉਸ ਦੀ ਆਲੋਚਨਾ ਕੀਤੀ। ਉਸ ਦੇ ਇੱਕ ਚਾਹੁਣ ਵਾਲੇ ਨੇ ਲਿਖਿਆ,‘ਜੇ ਤੁਸੀਂ ਸੱਚੇ ਭਾਰਤੀ ਹੋ ਤਾਂ ਉਸ ਦੀਆਂ ਫ਼ਿਲਮਾਂ ਦੁਬਾਰਾ ਕਦੇ ਨਾ ਦੇਖਿਓ।’ ਇੱਕ ਹੋਰ ਨੇ ਅਦਾਕਾਰ ਦਾ ਬਚਾਅ ਕਰਦਿਆਂ ਕਿਹਾ,‘ਅਸੀਂ ਸਲਮਾਨ ਭਾਈ ਨੂੰ ਅਜਿਹੇ ਵਿਅਕਤੀ ਵਜੋਂ ਜਾਣਦੇ ਹਾਂ ਜੋ ਹਮੇਸ਼ਾ ਸ਼ਾਂਤੀ ਤੇ ਪਿਆਰ ਚਾਹੁੰਦਾ ਹੈ, ਨਾ ਸਿਰਫ਼ ਪਾਕਿਸਤਾਨ ਨਾਲ ਸਗੋਂ ਸਾਰੇ ਗੁਆਂਢੀ ਦੇਸ਼ਾਂ ਨਾਲ। ਉਹ ਪ੍ਰਧਾਨ ਮੰਤਰੀ ਦੇ ਗੋਲੀਬੰਦੀ ਦੇ ਫੈਸਲੇ ਦਾ ਸਮਰਥਨ ਕਰਦਾ ਹੈ, ਜੋ ਸਹੀ ਹੈ।’ -ਏਐੱਨਆਈ