ਸਲਮਾਨ ਖ਼ਾਨ ਵੱਲੋਂ ਬਰਤਾਨੀਆ ਦਾ ਦੌਰਾ ਰੱਦ
ਜੈਪੁਰ: ਪਹਿਲਗਾਮ ’ਚ ਅਤਿਵਾਦੀ ਹਮਲੇ ਮਗਰੋਂ ਬੌਲੀਵੁੱਡ ਅਦਾਕਾਰ ਸਲਮਾਨ ਖ਼ਾਨ ਨੇ ਆਪਣਾ ਬਰਤਾਨੀਆ ਦਾ ‘ਦਿ ਬੌਲੀਵੁੱਡ ਬਿਗ ਵਨ’ ਦੌਰਾ ਰੱਦ ਕਰ ਦਿੱਤਾ ਹੈ। ਇਸ ਬਾਰੇ ਅਦਾਕਾਰ ਨੇ ਸੋਮਵਾਰ ਨੂੰ ਆਪਣੇ ਇੰਸਟਗ੍ਰਾਮ ਖਾਤੇ ’ਤੇ ਜਾਣਕਾਰੀ ਸਾਂਝੀ ਕੀਤੀ ਹੈ। ‘ਦਿ ਬੌਲੀਵੁੱਡ ਬਿਗ ਵਨ’ ਟੂਰ ਤਹਿਤ ਅਦਾਕਾਰ ਨੇ ਚਾਰ ਤੇ ਪੰਜ ਮਈ ਨੂੰ ਮੈਨਚੈਸਟਰ ਅਤੇ ਲੰਡਨ ਵਿੱਚ ਸ਼ੋਅ ਕਰਨੇ ਸਨ। ਇਨ੍ਹਾਂ ਵਿੱਚ ਬੌਲੀਵੁੱਡ ਦੇ ਹੋਰ ਵੱਡੇ ਕਲਾਕਾਰ ਜਿਵੇਂ ਮਾਧੁਰੀ ਦੀਕਸ਼ਿਤ, ਕ੍ਰਿਤੀ ਸੈਨਨ, ਵਰੁਣ ਧਵਨ, ਸਾਰਾ ਅਲੀ ਖ਼ਾਨ, ਟਾਈਗਰ ਸ਼ਰੌਫ, ਦੀਸ਼ਾ ਪਟਾਨੀ, ਸੁਨੀਲ ਗਰੋਵਰ ਅਤੇ ਮਨੀਸ਼ ਪੌਲ ਨੇ ਵੀ ਪੇਸ਼ਕਾਰੀ ਦੇਣੀ ਸੀ। ਇੰਸਟਾਗ੍ਰਾਮ ’ਤੇ ਅਦਾਕਾਰ ਨੇ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਫ਼ੈਸਲਾ ਕੀਤਾ ਹੈ ਕਿ ਇਸ ਦੁੱਖ ਦੀ ਘੜੀ ਵਿੱਚ ਅਜਿਹੇ ਪ੍ਰੋਗਰਾਮ ਕਰਨਾ ਚੰਗਾ ਨਹੀਂ ਲਗਦਾ, ਇਨ੍ਹਾਂ ਨੂੰ ਕੁਝ ਸਮੇਂ ਲਈ ਟਾਲ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੁਲਕ ਵਿੱਚ ਹੋਈ ਇਸ ਵੱਡੀ ਅਤੇ ਦੁਖਦਾਈ ਘਟਨਾ ਮਗਰੋਂ ਉਨ੍ਹਾਂ ਨੇ ਸ਼ੋਅ ਦੇ ਪ੍ਰਮੋਟਰਾਂ ਨੂੰ ਚਾਰ ਅਤੇ ਪੰਜ ਮਈ ਨੂੰ ਹੋਣ ਵਾਲੇ ਸ਼ੋਅ ਰੱਦ ਕਰਨ ਦੀ ਅਪੀਲ ਕੀਤੀ ਹੈ। ਅਦਾਕਾਰ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਦੇ ਪ੍ਰਸ਼ੰਸਕ ਇਸ ਸ਼ੋਅ ਦੀ ਉਡੀਕ ਕਰ ਰਹੇ ਸਨ ਪਰ ਇਸ ਘਟਨਾ ਕਾਰਨ ਇਹ ਸ਼ੋਅ ਫ਼ਿਲਹਾਲ ਨਾ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਉਹ ਦਰਸ਼ਕਾਂ ਨੂੰ ਹੋਈ ਇਸ ਪ੍ਰੇਸ਼ਾਨੀ ਲਈ ਮੁਆਫ਼ੀ ਮੰਗਦੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਪ੍ਰੋਗਰਾਮ ਨੂੰ ਰੱਦ ਕਰਨ ਦੀ ਭਾਵਨਾ ਨੂੰ ਸਮਝਦੇ ਹੋਏ ਦਰਸ਼ਕਾਂ ਵੱਲੋਂ ਮਿਲੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕਰਦੇ ਹਨ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਦੀਆਂ ਅਗਲੀਆਂ ਤਰੀਕਾਂ ਦਾ ਐਲਾਨ ਛੇਤੀ ਹੀ ਕੀਤਾ ਜਾਵੇਗਾ। ਉਨ੍ਹਾਂ ਨੇ ਬੌਲੀਵੁੱਡ ਦੇ ਹੋਰ ਕਲਾਕਾਰਾਂ ਸਣੇ ਇਸ ਅਤਿਵਾਦੀ ਹਮਲੇ ਦੀ ਨਿਖੇਧੀ ਕੀਤੀ ਸੀ। -ਏਐੱਨਆਈ