ਅਕਸ਼ੈ ਨੇ ਫ਼ਿਲਮ ‘ਟਾਇਲਟ’ ਬਾਰੇ ਜਯਾ ਬੱਚਨ ਦੀ ਟਿੱਪਣੀ ਦਾ ਜਵਾਬ ਦਿੱਤਾ
ਮੁੰਬਈ:
ਬੌਲੀਵੁੱਡ ਅਦਾਕਾਰ ਅਕਸ਼ੈ ਕੁਮਾਰ, ਜੋ ਆਪਣੀ ਨਵੀਂ ਫ਼ਿਲਮ ‘ਕੇਸਰੀ ਚੈਪਟਰ-2 ਦੇ ਪ੍ਰਚਾਰ ’ਚ ਰੁੱਝਾ ਹੋਇਆ ਹੈ, ਨੇ ਆਪਣੀਆਂ ਫ਼ਿਲਮਾਂ ’ਤੇ ਹੋਰ ਕਲਾਕਾਰਾਂ ਦੀਆਂ ਟਿੱਪਣੀਆਂ ਦਾ ਜਵਾਬ ਦਿੱਤਾ ਹੈ। ਇਥੇ ਪ੍ਰੈੱਸ ਕਾਨਫਰੰਸ ’ਚ ਪੱਤਰਕਾਰ ਨੇ ਅਕਸ਼ੈ ਨੂੰ ਅਦਾਕਾਰਾ ਤੇ ਸਿਆਸਤਦਾਨ ਜਯਾ ਬੱਚਨ ਵੱਲੋਂ ਉਸ ਦੀ 2017 ਵਿੱਚ ਆਈ ਫ਼ਿਲਮ ‘ਟਾਇਲਟ: ਏਕ ਪ੍ਰ੍ਰੇਮ ਕਥਾ’ ਬਾਰੇ ਕੀਤੀ ਟਿੱਪਣੀ ਬਾਰੇ ਸਵਾਲ ਪੁੱਛਿਆ ਸੀ। ਜਯਾ ਬੱਚਨ ਨੇ ਕਿਹਾ ਸੀ ਕਿ ਉਸ ਨੇ ਫ਼ਿਲਮ ਦੇ ਟਾਈਟਲ ਵਿੱਚ ‘ਟਾਇਲੇਟ’ ਸ਼ਬਦ ਹੋਣ ਕਾਰਨ ਇਹ ਫ਼ਿਲਮ ਨਹੀਂ ਦੇਖੀ। ਜਵਾਬ ’ਚ ਅਕਸ਼ੈ ਕੁਮਾਰ ਨੇ ਕਿਹਾ,‘ਜੇ ਉਨ੍ਹਾਂ ਨੇ ਕਿਹਾ ਹੈ ਤਾਂ ਠੀਕ ਹੀ ਹੋਵੇਗਾ। ਮੈਨੂੰ ਨਹੀਂ ਪਤਾ। ਜੇ ‘ਟਾਇਲਟ: ਏਕ ਪ੍ਰ੍ਰੇਮ ਕਥਾ’ ਫ਼ਿਲਮ ਬਣਾ ਕੇ ਮੈਂ ਕੋਈ ਗਲਤ ਕੰਮ ਕੀਤਾ ਹੈ.... ਜੇ ਉਹ ਕਹਿ ਰਹੇ ਹਨ ਤਾਂ ਠੀਕ ਹੀ ਹੋਵੇਗਾ।’’ ਇੱਕ ਸੱਚੀ ਘਟਨਾ ’ਤੇ ਅਧਾਰਿਤ ਇਸ ਫ਼ਿਲਮ ’ਚ ਅਕਸ਼ੈ ਕੁਮਾਰ ਨਾਲ ਭੂਮੀ ਪੇਡਨੇਕਰ ਨੇ ਮੁੱਖ ਭੂਮਿਕਾ ਨਿਭਾਈ ਸੀ। ਅਦਾਕਾਰ ਦੀ ਨਵੀਂ ਫ਼ਿਲਮ ‘ਕੇਸਰੀ ਚੈਪਟਰ-2’ 18 ਅਪਰੈਲ ਨੂੰ ਰਿਲੀਜ਼ ਹੋਣੀ ਹੈ। -ਏਐੱਨਆਈ