ਕਵਿਤਾਵਾਂ
ਗ਼ਜ਼ਲ
ਰਾਕੇਸ਼ ਕੁਮਾਰ
ਸਿੱਕਿਆਂ ਵਿੱਚ ਤੁਲਦੇ ਉੱਚੇ ਕਿਰਦਾਰ ਵੇਖੇ।
ਮੁਲਕ ਨੁੂੰ ਵੇਚਣ ਵਾਲੇ ਕਿੰਨ ਹੀ ਗੱਦਾਰ ਵੇਖੇ।
ਮਨ ਦੀ ਗੱਲ ਕਿਸੇ ਦੇ ਪੱਲੇ ਕਿਵੇਂ ਪੈ ਸਕਦੀ ਹੈ,
ਇੱਥੇ ਕਾਗ਼ਜ਼ਾਂ ਵਿੱਚ ਹੀ ਉਲਝਦੇ ਹੱਕਦਾਰ ਵੇਖੇ।
ਛੱਡ ਆਏ ਤੂਫ਼ਾਨਾਂ ਵਿੱਚ ਉਹ ਕਿਸ਼ਤੀਆਂ,
ਫਿਰ ਦੇਣ ਆਵਾਜ਼ਾਂ ਕਿਨਾਰੇ ਤੇ ਖੇਵਨਹਾਰ ਵੇਖੇ।
ਬੱਦਲਾਂ ਦੀ ਗਰਜਣਾ ਨਾਲ ਅੰਬਰ ਡਰ ਨਹੀਂ ਜਾਂਦਾ,
ਲਿਸ਼ਕਦੀਆਂ ਬਿਜਲੀਆਂ ਥੱਲੇ ਪਲਦੇ ਪਰਿਵਾਰ ਵੇਖੇ।
ਰੋਸ਼ਨੀਆਂ ਨੇ ਨਿਗਲ ਜਾਣਾ ਹੁੰਦੈ ਹਨੇਰਿਆਂ ਨੂੰ,
ਤੇਜ਼ ਹਵਾਵਾਂ ਵਿੱਚ ਬਲਦੇ ਚਿਰਾਗ਼ ਕਈ ਵਾਰ ਵੇਖੇ।
ਖੁਸ਼ਬੂਆਂ ਨੂੰ ਇਸ ਗੱਲ ਤੇ ਅਫ਼ਸੋਸ ਹੋਵੇ ਜਦੋਂ,
ਬੁੱਤਾਂ ਦੇ ਗਲ਼ਾਂ ਵਿੱਚ ਪਾਏ ਫੁੱਲਾਂ ਦੇ ਹਾਰ ਵੇਖੇ।
ਸੰਪਰਕ: 94630-24455
* * *
ਕਿਸ ਨੇ ਹੈ...?
ਗੁਰਤੇਜ ਸਿੰਘ ਖੁਡਾਲ
ਜਦੋਂ ਕੁੱਤੀ ਚੋਰਾਂ ਨਾਲ ਰਲ ਜਾਵੇ,
ਫਿਰ ਦੱਸੋ ਜਗਾਉਣਾ ਕਿਸ ਨੇ ਹੈ।
ਜਦੋਂ ਵਾੜ ਖੇਤ ਨੂੰ ਖਾਣ ਲੱਗ ਜਾਵੇ,
ਫਿਰ ਦੱਸੋ ਬਚਾਉਣਾ ਕਿਸਨੇ ਹੈ।
ਜਦੋਂ ਮਾਲੀ ਹੀ ਬੇਈਮਾਨ ਹੋ ਜਾਵੇ,
ਫਿਰ ਫੁੱਲਾਂ ਨੂੰ ਮਹਿਕਉਣਾ ਕਿਸ ਨੇ ਹੈ।
ਜਦੋਂ ਕਲਮ ਹੀ ਵਿਕਾਊ ਹੋ ਜਾਵੇ,
ਫਿਰ ਸੱਚ ਫ਼ਰਮਾਉਣਾ ਕਿਸ ਨੇ ਹੈ।
ਜਦੋਂ ਮਾਂ ਪਿਓ ਜੱਗ ਤੋਂ ਤੁਰ ਜਾਵਣ,
ਫਿਰ ਲਾਡ ਲਡਾਉਣਾ ਕਿਸ ਨੇ ਹੈ।
ਜਦੋਂ ਪਿਆਰ ਵਿੱਚ ਹੋ ਤਕਰਾਰ ਜਾਵੇ,
ਫਿਰ ਰੁੱਸਿਆਂ ਨੂੰ ਮਨਾਉਣਾ ਕਿਸ ਨੇ ਹੈ।
‘ਖੁਡਾਲ’ ਵਕਤ ਐਵੇਂ ਨਾ ਲੰਘ ਜਾਵੇ,
ਇੱਥੇ ਮੁੜ ਆਉਣਾ ਫਿਰ ਕਿਸ ਨੇ ਹੈ।
ਸੰਪਰਕ: 94641-29118
* * *
ਸਮਝ ਮੁਤਾਬਿਕ
ਜਗਤਾਰ ਗਰੇਵਾਲ ‘ਸਕਰੌਦੀ’
ਡਿੱਗਣਾ ਮਤਲਬ ਰੁਕਣਾ ਤਾਂ ਨਈਂ।
ਹਾਰਨਾ ਮਤਲਬ ਮੁੱਕਣਾ ਤਾਂ ਨਈਂ।
ਪਤਝੜ ਰੁੱਤ ਪੱਤਿਆਂ ਦਾ ਝੜਨਾ
ਪਤਝੜ ਰੁੱਖਾਂ ਦਾ ਸੁੱਕਣਾ ਤਾਂ ਨਈਂ।
ਸੱਜਣਾ ਗੱਲ ਐਵੇਂ ਦਿਲ ’ਤੇ ਲਾ ਲਈ
ਰੁੱਸਣਾ ਰਿਸ਼ਤਾ ਟੁੱਟਣਾ ਤਾਂ ਨਈਂ।
ਸਿਰ ਨੀਵਾਂ ਸਤਿਕਾਰ ’ਚ ਸਿਜਦਾ
ਸਿਜਦਾ ਮਤਲਬ ਝੁਕਣਾ ਤਾਂ ਨਈਂ।
ਕਾਗਜ਼ਾਂ ਨੂੰ ਜੇ ਮੋਹ ਕਲਮਾਂ ਨਾਲ
ਤਾਂ ਸ਼ਬਦਾਂ ਸਿਰ ਚੁੱਕਣਾ ਤਾਂ ਨਈਂ।
ਗੰਗਾ ਨਾਵ੍ਹੇ ਭਾਵੇਂ ਹੱਜ ਕੋਈ ਜਾਵੇ
ਕੀਤਾ ਹੋਏ ਪਾਪਾਂ ਲੁਕਣਾ ਤਾਂ ਨਈਂ।
ਕਿਸੇ ਦਾ ਉੱਚਾ ਉੱਡਣਾ ਮਤਲਬ
ਕਿਸੇ ਨੂੰ ਹੇਠਾਂ ਸੁੱਟਣਾ ਤਾਂ ਨਈਂ।
ਧਰਮ ਦੀ ਗੱਲ ਬਹੁਤੀ ਕੀ ਕਰਨੀ
ਧਰਮ ਦਾ ਮਤਲਬ ਲੁੱਟਣਾ ਤਾਂ ਨਈਂ।
ਨਸ਼ਾ ਤਾਂ ਆਪ ਹੀ ਛੱਡਣਾ ਪੈਂਦਾ
ਨਸ਼ਿਆਂ ਖ਼ੁਦ ਕਦੇ ਮੁੱਕਣਾ ਤਾਂ ਨਈਂ।
ਸ਼ਾਇਰਾਂ ਦਾ ਕੰਮ ਸ਼ਾਇਰੀ ਲਿਖਣਾ
ਸ਼ਾਇਰਾਂ ਦਾ ਕੰਮ ਵਿਕਣਾ ਤਾਂ ਨਈਂ।
ਸਮਝ ਮੁਤਾਬਿਕ ਆਪ ਹੀ ਸਮਝ ਲੈ
‘ਜਗਤਾਰ’ ਕਿ ਬਹੁਤਾ ਲਿਖਣਾ ਤਾਂ ਨਈਂ।
ਸੰਪਰਕ: 94630-36033
* * *
ਫੁੱਲਾਂ ਮਹਿਕਾਂ ਰੰਗਾਂ ਨਾਲ
ਗੁਰਦਿੱਤ ਸਿੰਘ ਸੇਖੋਂ
ਫੁੱਲਾਂ ਮਹਿਕਾਂ ਰੰਗਾਂ ਨਾਲ ਸਲਾਹਾਂ ਕਰੀਏ ਜੀ।
ਫਿੱਕੀ ਉਹਦੀ ਜ਼ਿੰਦਗੀ ’ਚ ਰੰਗ ਸੁਨਹਿਰੀ ਭਰੀਏ ਜੀ।
ਖ਼ਿਆਲ ਤੇ ਖ਼ੁਆਬ ਲੈ ਕੇ ਜੋਬਨ ਜੁਗਤ ਸਬਾਬ ਲੈ ਕੇ,
ਦੇਹੀ ਦਿਲ ਮਨ ਮਸਤਕ ਉਹਦੇ ਕਦਮੀਂ ਜਾ ਧਰੀਏ ਜੀ।
ਝੱਲ ਝੱਖੜ ਝੇੜੇ ਲੰਘ ਲੰਘ ਚਿੱਕੜ ਜੰਗਲ ਬੇਲੇ,
ਆਖ਼ਰ ਸੱਜਣਾਂ ਦੇ ਮੇਲੇ ਨਦੀ ਇਸ਼ਕ ਦੀ ਤਰੀਏ ਜੀ।
ਵਫ਼ਾ ਸੱਜਣ ਦੀ ਜਫ਼ਾ ਸਾਡੀ ਫਿਰ ਸਾਡਾ ਈ ਕਸੂਰ,
ਨਿੰਮੋਝੂਣੇ ਹੋ ਕੇ ਚੱਲ ਚੱਲ ਹਰਜਾਨਾ ਭਰੀਏ ਜੀ।
ਰੁੱਤਾਂ ਥਿਤਾਂ ਵਾਰਾਂ ਨੂੰ ਪੱਲੇ ਬੰਨ੍ਹ ਸੱਜਣਾਂ ਦੇ ਇਤਬਾਰਾਂ ਨੂੰ,
ਚੱਲ ਟਿਕਾਣੇ ਪਹੁੰਚੀਏ ਚਾਹੇ ਹਜ਼ਾਰ ਝੱਖੜ ਜਰੀਏ ਜੀ।
ਇਕੱਠੀਆਂ ਕਰਕੇ ਬੂੰਦ ਤਰੇਲਾਂ, ਦੇਹੀ ਸਾਗਰ ਨਾਲੇ ਮੇਲਾਂ,
ਸੁੱਕ ਚੱਲੀ ਨਦੀ ਵਿਚਾਰੀ ਤੇ ਬੱਦਲ ਬਣ ਵਰ੍ਹੀਏ ਜੀ।
ਸੰਪਰਕ: 97811-72781
* * *
ਗ਼ਜ਼ਲ
ਬਲਵਿੰਦਰ ਬਾਲਮ ਗੁਰਦਾਸਪੁਰ
ਇਲਜ਼ਾਮ ਲਗਾਏ ਲੋਕਾਂ ਇਉਂ ਚੁਣ-ਚੁਣ ਕੇ।
ਜਿਉਂ ਰੰਗਦਾਰ ਸਵੈਟਰ ਰੱਖੇ ਬੁਣ-ਬੁਣ ਕੇ।
ਬਸ ਵੀ ਕਰ ਹੁਣ ਐਵੇਂ ਬੋਲੀ ਜਾਨਾਂ ਏ,
ਕੰਨ ਪੜਵਾ ਲਏ ਤੇਰੀਆਂ ਗੱਲਾਂ ਸੁਣ-ਸੁਣ ਕੇ।
ਖ਼ੁਸ਼ਬੂਆਂ ਨੂੰ ਉਮਰਾਂ ਭਰ ਲਈ ਤਰਸੇਗਾ,
ਫੁੱਲ ਮਾਲੀ ਨੇ ਤੋੜ ਲਏ ਨੇ ਚੁਣ-ਚੁਣ ਕੇ।
ਦੂਰ-ਦੁਰਾਡੇ ਖ਼ੁਸ਼ਬੂਆਂ ਦਾ ਆਲਮ ਹੈ,
ਰੂਪ ਕਲੀ ਨੂੰ ਰੱਬ ਨੇ ਦਿੱਤਾ ਗੁੰਨ੍ਹ ਗੁੰਨ੍ਹ ਕੇ।
ਰੱਬ ਵਿਛੋੜਾ ਐਵੇਂ ਕਿਧਰੇ ਪਾਵੇ ਨਾ,
ਖ਼ੂਨ ਦੇ ਹੰਝੂ ਉਸ ਨੇ ਸੁੱਟੇ ਪੁਣ-ਪੁਣ ਕੇ।
ਤੜਕ ਸਵੇਰੇ ਨੇ ਧਰਤੀ ਨੂੰ ਚੁੰਮਿਆ ਹੈ,
ਬੈਲਾਂ ਦੇ ਗਲ ਘੁੰਗਰੂ ਛਣਕੇ ਟੁਣ-ਟੁਣ ਕੇ।
ਜੀਵਨ ਦੇ ਵਿੱਚ ਸਾਹਾਂ ਦਾ ਹਿਚਕੋਰਾ ਇਉਂ,
ਡੋਰ ਜਿਵੇਂ ਗੁੱਡੀ ਦੇ ਮਾਰੇ ਤੁਣ-ਤੁਣ ਕੇ।
ਬਾਲਮ ਐਵੇਂ ਮਾਣ ਨਾ ਕਰੀਏ ਤਨਮਨ ਦਾ,
ਲੀਰਾਂ ਦੇ ਨਾਲ ਖਿੱਦੋ ਭਰਿਆ ਤੁੰਨ-ਤੁੰਨ ਕੇ।
ਸੰਪਰਕ: 98156-25409
* * *
ਮੁਹੱਬਤ
ਸਤਨਾਮ ਸ਼ਦੀਦ
ਮੈਂ ਉਹਨੂੰ
ਬਸ ਇਸ ਤਰ੍ਹਾਂ ਹੀ
ਦੇਖਣਾ ਚਾਹੁੰਦਾ ਹਾਂ
ਦੂਰੋਂ-ਦੂਰੋਂ
ਲੁਕ-ਲੁਕ ਕੇ
ਚੋਰੀ-ਚੋਰੀ
ਅਜ਼ਲਾਂ ਤੀਕ
ਮੁੱਦਤਾਂ ਤੀਕ
ਮੈਂ ਨਹੀਂ ਚਾਹੁੰਦਾ ਕਿ
ਉਹ ਮੇਰੇ ਬਾਰੇ ਸੋਚੇ
ਮੇਰੇ ਸੁਪਨੇ ਲਵੇ
ਮੇਰੀ ਖ਼ਾਤਰ
ਪਿਉ ਦੀ ਪੱਗ ਨੂੰ ਰੋਲੇ
ਭਾਈਆਂ ਦੀ ਅਣਖ ਨੂੰ ਵੰਗਾਰੇ
ਮਾਂ ਲਈ ਤਾਅਨੇ-ਮਿਹਣੇ
ਬਣ ਜਾਵੇ
ਕਿਉਂਕਿ
ਮੈਂ ਜਾਣਦਾ ਹਾਂ
ਮੁਹੱਬਤ ਪਾ ਲੈਣ ਤੋਂ ਪਿੱਛੋਂ
ਆਪਣਾ ਮੂਲ ਗੁਆ ਬੈਠਦੀ ਹੈ
ਤੇ ਮੈਂ
ਨਹੀਂ ਗੁਆਉਣਾ ਚਾਹੁੰਦਾ
ਮੁਹੱਬਤ ਦਾ ਮੂਲ
ਭੱਜਦੇ ਰਹਿਣਾ ਚਾਹੁੰਦਾ ਹਾਂ
ਦੌੜਦੇ ਰਹਿਣਾ ਚਾਹੁੰਦਾ ਹਾਂ
ਮੁੱਦਤਾਂ ਤੀਕ
ਅਜ਼ਲਾਂ ਤੀਕ
ਰੂਹਾਂ ਦੇ ਵਿਛੜਣ ਤੀਕ...
ਸੰਪਰਕ: 99142-98580
* * *
ਭੈਣਾਂ ਰੱਬ ਕੋਲੋਂ...
ਰਾਜਿੰਦਰ ਵਰਮਾ
ਭੈਣਾਂ ਰੱਬ ਕੋਲੋਂ ਮੰਗਣ ਦੁਆਵਾਂ,
ਵੀਰ ਸਦਾ ਰਹਿਣ ਵੱਸਦੇ
ਫੁੱਲਾਂ ਵਾਂਗ ਰਹਿਣ ਹੱਸਦੇ
ਵੀਰ ਸਦਾ...
ਦਿਨ ਤੀਆਂ ਦੇ ਪੇਕੇ ਘਰ ਆਉਣ ਭੈਣਾਂ
ਲੱਜਾਂ ਟਾਹਣਿਆਂ ਦੇ ਨਾਲ ਰਹਿਣ ਕੱਸਦੇ
ਵੀਰ ਸਦਾ...
ਗੁੰਦ ਲਿਆਉਂਦੀਆਂ ਧਾਗਿਆਂ ’ਚ ਪਿਆਰ ਇਹ
ਮੱਲ ਲੈਂਦੀਆਂ ਆ ਵੀਰ ਦਾ ਦੁਆਰ ਇਹ
ਰੋਸੇ ਗਿਲੇ ਦਿਲਾਂ ’ਚੋਂ ਦੂਰ ਨੱਸਦੇ
ਵੀਰ ਸਦਾ...
ਚੰਨ ਚੜ੍ਹੇ ਜਦੋਂ ਬਾਪ ਦੇ ਦਰ ਵੀਰਾ
ਲੈਣ ਆ ਕੇ ਮੱਝੀਆਂ ਦਾ ਸੰਗਲ ਫੜ ਵੀਰਾ
ਭਤੀਜੇ ਆਉਣ, ਭੂਆ ਕੋਲ ਭੱਜਦੇ
ਵੀਰ ਸਦਾ...
‘ਰਾਜ’ ਉਮਰਾਂ ਹੋਣ ਲੰਮੇਰੀਆਂ
ਸੁੱਖਾਂ ਸੁੱਖਦੀਆਂ ਭੈਣਾਂ ਸਦਾ ਤੇਰੀਆਂ
ਵੀਰਾ ਆਵੇਂਗਾ ਕਦੋਂ ਹੁਣੇ ਦੱਸਦੇ
ਵੀਰ ਸਦਾ...
ਸੰਪਰਕ: 99142-21910
* * *
ਹਾਲ ਦਿਲ ਦਾ
ਓਮਕਾਰ ਸੂਦ ਬਹੋਨਾ
ਧਕ-ਧਕ ਜੋ ਧੜਕਦਾ ਸੀ ਓਸੇ ਬੇਤਾਬ ਦਿਲ ਦਾ!
ਹੋਇਆ ਕੀ ਹਾਲ ਵੇਖੋ ਵੱਡੇ ਨਵਾਬ ਦਿਲ ਦਾ!
ਨਾ ਹੀ ਸ਼ਰਾਬ ਪੀਤੀ, ਨਾ ਹੀ ਸ਼ਬਾਬ ਮਾਣੇ,
ਕਿਉਂ ਫਿਰ ਵੀ ਹੋ ਗਿਆ ਹੈ ਖਾਨਾ ਖਰਾਬ ਦਿਲ ਦਾ!
ਇਹ ਮਿੱਤਰਾਂ ਦਾ ਮਿੱਤਰ ਸਾਥੀ ਹੈ ਬਚਪਨੇ ਦਾ,
ਹੋਇਆ ਹੈ ਰੰਗ ਫਿੱਕਾ ਸੁਹਣੇ ਗੁਲਾਬ ਦਿਲ ਦਾ।
ਰੋਟੀ ਵੀ ਰੁੱਖੀ-ਸੁੱਕੀ ਤੇ ਦੁੱਧ ਬਿਨ ਥਿੰਦਾਈ,
ਪ੍ਰਹੇਜ਼ ਕਰਕੇ ਰੱਖਣਾ ਪੈਣੈ ਹਿਸਾਬ ਦਿਲ ਦਾ।
ਮਨਮਾਨੀਆਂ ਜੇ ਕਰਦੇ ਰਹਿ ਗਏ ਜਵਾਨੀ ਵਾਂਗੂੰ,
ਛੇਤੀ ਹੀ ਦੇਖਿਓ ਫਿਰ ਉੱਡ ਜਾਊ ਉਕਾਬ ਦਿਲ ਦਾ।
ਚਿੰਤਾ ਹੰਢਾਉਂਦਿਆਂ ਹੀ ਜ਼ਰਜ਼ਰ ਇਹ ਹੋ ਗਿਆ ਹੈ,
ਮਿੱਟੀ ’ਚ ਮਿਲਦਾ ਦਿਸਦਾ ਜੋ ਵੀ ਖ਼ਾਬ ਦਿਲ ਦਾ।
ਤਕੜਾ ਸੀ ਬਹੁਤ ਪਹਿਲਾਂ ਹੁਣ ਧੜਕਦਾ ਵੀ ਕੰਬੇ,
ਕਮਜ਼ੋਰ ਪੈ ਗਿਆ ਹੈ ਹਰ ਇੱਕ ਹੀ ਆਬ ਦਿਲ ਦਾ।
ਸੰਪਰਕ: 96540-36080
* * *