‘ਜਾਟ -2’ ਹੋਰ ਵੀ ਬਿਹਤਰ ਹੋਵੇਗੀ: ਸਨੀ ਦਿਓਲ
ਨਵੀਂ ਦਿੱਲੀ: ਅਦਾਕਾਰ ਸਨੀ ਦਿਓਲ ਨੇ ਆਪਣੀ ਨਵੀਂ ਆਈ ਫ਼ਿਲਮ ‘ਜਾਟ’ ਨੂੰ ਮਿਲੇ ਪਿਆਰ ਲਈ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ ਅਤੇ ਵਾਅਦਾ ਕੀਤਾ ਹੈ ਕਿ ਇਸ ਫ਼ਿਲਮ ਦਾ ਸੀਕਵਲ ‘ਜਾਟ-2’ ਹੋਰ ਵੀ ਬਿਹਤਰ ਹੋਵੇਗਾ। ਦੱਸਣਯੋਗ ਹੈ ਕਿ ਫ਼ਿਲਮ 10 ਅਪਰੈਲ ਨੂੰ ਸਿਨੇਮਾਘਰਾਂ ’ਚ ਰਿਲੀਜ਼ ਹੋਈ ਅਤੇ ਬਾਕਸ ਆਫਿਸ ’ਤੇ ਹੁਣ ਤੱਕ 89 ਕਰੋੜ ਦੀ ਕਮਾਈ ਕਰ ਚੁੱਕੀ ਹੈ। ਫ਼ਿਲਮ ਨਿਰਮਾਤਾਵਾਂ ਨੇ ਇਸੇ ਹਫ਼ਤੇ ਫ਼ਿਲਮ ਦੇ ਸੀਕਵਲ ਦਾ ਐਲਾਨ ਕੀਤਾ ਸੀ। ਦਰਸ਼ਕਾਂ ਦਾ ਧੰਨਵਾਦ ਕਰਨ ਲਈ ਦਿਓਲ ਨੇ ਇੰਸਟਾਗ੍ਰਾਮ ’ਤੇ ਵੀਡੀਓ ਸਾਂਝੀ ਕੀਤੀ ਹੈ। ਇਸ ਦੌਰਾਨ ਉਹ ਖੂਬਸੂਰਤ ਘਾਟੀ ’ਚ ਟਹਿਲ ਰਹੇ ਸਨ। ਵੀਡੀਓ ’ਚ ਸਨੀ ਨੇ ਕਿਹਾ,‘‘ ਤੁਸੀਂ ਮੇਰੀ ਫਿਲਮ ਜਾਟ ਨੂੰ ਬਹੁਤ ਪਿਆਰ ਦਿੱਤਾ ਹੈ, ਮੈਂ ਵਾਅਦਾ ਕਰਦਾ ਹਾਂ ਕਿ ‘ਜਾਟ-2’ ਇਸ ਤੋਂ ਵੀ ਬਿਹਤਰ ਹੋਵੇਗੀ।’’ ਉਨ੍ਹਾਂ ਇਹ ਵੀ ਦੱਸਿਆ ਕਿ ਉਹ ਜਲਦੀ ਹੀ ਆਪਣੀ ਅਗਲੀ ਫ਼ਿਲਮ ‘ਬਾਰਡਰ-2’ ਦੀ ਸ਼ੂਟਿੰਗ ਸ਼ਰੂ ਕਰਨਗੇ। ਦੱਸਣਯੋਗ ਹੈ ਜਾਟ ਫਿਲਮ ਦਾ ਨਿਰਦੇਸ਼ਨ ਗੋਪੀਚੰਦ ਮਲਿਨੇਨੀ ਨੇ ਕੀਤਾ ਹੈ। ਫ਼ਿਲਮ ’ਚ ਸਨੀ ਦੇ ਨਾਲ ਰਣਦੀਪ ਹੁੱਡਾ, ਰੇਜੀਨਾ ਕੈਸੈਂਡਰਾ, ਸਿਆਮੀ ਖੇਰ, ਜਗਪਤੀ ਬਾਬੂ, ਰਾਮਿਆ ਕ੍ਰਿਸ਼ਨਨ ਅਤੇ ਵਿਨੀਤ ਕੁਮਾਰ ਸਿੰਘ ਵੀ ਹਨ। -ਪੀਟੀਆਈ