ਸੜਕ ਹਾਦਸੇ ਵਿੱਚ ਨੌਜਵਾਨ ਦੀ ਮੌਤ; ਇੱਕ ਜ਼ਖ਼ਮੀ
ਲੁਧਿਆਣਾ (ਨਿੱਜੀ ਪੱਤਰ ਪ੍ਰੇਰਕ): ਇੱਥੇ ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਜਦੋਂਕਿ ਇੱਕ ਹੋਰ ਹਾਦਸੇ ਵਿੱਚ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਥਾਣਾ ਜਮਾਲਪੁਰ ਦੀ ਪੁਲੀਸ ਨੂੰ ਪਿੰਡ ਭਾਗਪੁਰ ਵਾਸੀ ਬੁੱਧ ਸਿੰਘ ਨੇ ਦੱਸਿਆ ਹੈ ਕਿ ਉਸ ਦਾ ਭਰਾ ਹਰਜਿੰਦਰ ਸਿੰਘ (35) ਮੋਟਰਸਾਈਕਲ ’ਤੇ ਕੰਮ ਤੋਂ ਘਰ ਆ ਰਿਹਾ ਸੀ। ਵੇਰਕਾ ਜੰਡਿਆਲੀ ਚੌਕ ਕੋਲ ਸੁਖਵਿੰਦਰ ਸਿੰਘ ਨੇ ਟਰੱਕ ਤੇਜ਼ ਰਫ਼ਤਾਰ ਨਾਲ ਲਿਆ ਕੇ ਉਸ ਦੇ ਮੋਟਰਸਾਈਕਲ ਵਿੱਚ ਫੇਟ ਮਾਰੀ ਜਿਸ ਨਾਲ ਉਹ ਹੇਠਾਂ ਡਿੱਗ ਪਿਆ ਅਤੇ ਉਸ ਦੇ ਕਾਫ਼ੀ ਸੱਟਾਂ ਲੱਗੀਆਂ। ਜ਼ਖ਼ਮੀ ਹਾਲਤ ਵਿੱਚ ਉਸ ਨੂੰ ਇਲਾਜ ਲਈ ਫੋਰਟਿਸ ਹਸਪਤਾਲ ਦਾਖ਼ਲ ਕਰਾਇਆ ਗਿਆ ਜਿੱਥੇ ਉਸ ਦੀ ਮੌਤ ਹੋ ਗਈ। ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮੁੰਡੀਆਂ ਖੁਰਦ ਵਾਸੀ ਸੁਖਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ, ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ। ਇਸੇ ਤਰ੍ਹਾਂ ਥਾਣਾ ਫੋਕਲ ਪੁਆਇੰਟ ਦੀ ਪੁਲੀਸ ਨੂੰ ਪਿੰਡ ਕਲਾਲ ਮਾਜਰਾ ਖੰਨਾ ਵਾਸੀ ਹਰਪ੍ਰੀਤ ਸਿੰਘ ਹਨੀ ਨੇ ਦੱਸਿਆ ਕਿ ਉਹ ਸ਼ਾਮ ਨੂੰ ਮੋਟਰਸਾਈਕਲ ’ਤੇ ਪੋਦਾਰ ਟਾਇਰ ਕੰਪਨੀ ਪਿੰਡ ਜੁਗਿਆਣਾ ਜਾ ਰਿਹਾ ਸੀ। ਉਹ ਢੰਡਾਰੀ ਪੁਲ ਉੱਪਰ ਆਟੋ ਰਿਕਸ਼ਾ ਚਾਲਕ ਨੇ ਅਣਗਹਿਲੀ ਨਾਲ ਆਟੋ ਰਿਕਸ਼ਾ ਉਸ ਦੇ ਮੋਟਰਸਾਈਕਲ ਵਿੱਚ ਮਾਰਿਆ। ਇਸ ਨਾਲ ਉਸ ਨੂੰ ਸੱਟਾਂ ਲੱਗੀਆਂ। ਇਲਾਜ ਲਈ ਉਸ ਨੂੰ ਹਸਪਤਾਲ ਦਾਖ਼ਲ ਕਰਾਇਆ ਗਿਆ ਹੈ। ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਵੱਲੋਂ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਕੀਤੀ ਜਾ ਰਹੀ ਹੈ।