ਨਵੀਂ ਸਬਜ਼ੀ ਮੰਡੀ ਦੇ ਠੇਕੇਦਾਰ ’ਤੇ ਵੱਧ ਫੀਸ ਵਸੂਲਣ ਦਾ ਦੋਸ਼
ਰੇਹੜੀ-ਫੜ੍ਹੀ ਵਾਲਿਆਂ ਤੇ ਹੋਰਨਾਂ ਨੇ ਕੀਤੀ ਸੀ ਮੁੱਖ ਮੰਤਰੀ ਨੂੰ ਲਿਖਤ ਸ਼ਿਕਾਇਤ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਜੂਨ
ਸ਼ਹਿਰ ਦੀ ਨਵੀਂ ਸਬਜ਼ੀ ਮੰਡੀ ਦੇ ਠੇਕੇਦਾਰ ਵੱਲੋਂ ਲਗਾਤਾਰ ਲੋਕਾਂ ਤੇ ਵਪਾਰੀਆਂ ਨਾਲ ਲੁੱਟ ਕੀਤੀ ਜਾ ਰਹੀ ਹੈ। ਸਬਜ਼ੀ ਮੰਡੀ ਵਿੱਚ ਦਾਖਲਾ ਫੀਸ ਤੇ ਰਹੇੜੀ ਫੜ੍ਹੀਆਂ ਲਗਾਉਣ ਦੀ ਫੀਸ ਜੋ ਸਰਕਾਰ ਨੇ ਤੈਅ ਕੀਤੀ ਹੈ ਉਕਤ ਠੇਕੇਦਾਰ ਉਸ ਤੋਂ ਤਿੰਨ ਗੁਣਾ ਪੈਸੇ ਵਸੂਲ ਰਿਹਾ ਹੈ। ਸਬਜ਼ੀ ਮੰਡੀ ਆਉਣ ਵਾਲੇ ਲੋਕ ਲਗਾਤਾਰ ਇਸ ਦੀ ਸ਼ਿਕਾਇਤ ਕਰਦੇ ਸਨ। ਪਰ ਸਬਜ਼ੀ ਮੰਡੀ ਮਾਰਕੀਟ ਕਮੇਟੀ ਵੱਲੋਂ ਇਸ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਸੀ।
ਇਸ ਤੋਂ ਬਾਅਦ ਜਦੋਂ ਇਹ ਮਾਮਲਾ ਲੋਕਾਂ ਨੇ ਲਿੱਖਿਤ ਸ਼ਿਕਾਇਤ ਕਰਕੇ ਮੁੱਖ ਮੰਤਰੀ ਦੇ ਦਰਬਾਰ ਵਿੱਚ ਪਹੁੰਚਾਇਆ ਤਾਂ ਅੱਜ ਮੰਡੀ ਸਕੱਤਰ ਰੁਮੇਲ ਸਿੰਘ ਨੇ ਸਵੇਰੇ 7 ਵਜੇ ਹੀ ਸਾਰੇ ਸੁਪਰਵਾਈਜ਼ਰਾਂ ਦੇ ਨਾਲ ਮੰਡੀ ਵਿੱਚ ਛਾਪੇਮਾਰੀ ਕੀਤੀ। ਇਸ ਦੌਰਾਨ ਜਿੰਨੇ ਵੀ ਲੋਕਾਂ ਕੋਲੋਂ ਪੁੱਛ ਪੜਤਾਲ ਕੀਤੀ ਗਈ ਤਾਂ ਉਨ੍ਹਾਂ ਨੇ ਸਰਕਾਰੀ ਫੀਸ ਦੀ ਤਿੰਨ ਗੁਣਾਂ ਪਰਚੀ ਕੱਟੇ ਜਾਣ ਦੀ ਸ਼ਿਕਾਇਤ ਕੀਤੀ। ਜਿਸ ਦੀਆਂ ਵੀਡੀਓ ਲੋਕਾਂ ਨੇ ਬਣਾ ਕੇ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀਆਂ। ਵਾਹਨਾਂ ਦੀ ਐਂਟਰੀ ਫੀਸ ਵੀ ਤਿੰਨ ਗੁਣਾਂ ਵਸੂਲੀ ਜਾ ਰਹੀ ਸੀ।
ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਸਰਕਾਰ ਵੱਲੋਂ ਤੈਅ ਕੀਤੀ ਗਈ ਈ-ਰਿਕਸ਼ਾ ਦੀ ਫੀਸ 15 ਰੁਪਏ ਦੀ ਥਾਂ 60 ਰੁਪਏ ਵਸੂਲੀ ਜਾ ਰਹੀ ਹੈ, ਜਦਕਿ 24 ਘੰਟੇ ਮਲਟੀਪਲ ਐਂਟਰੀ ਫੀਸ ਸਿਰਫ਼ 30 ਰੁਪਏ ਹੈ। ਇਸ ਦੇ ਨਾਲ ਹੀ, ਕਾਰਾਂ ਅਤੇ ਜੀਪਾਂ ਦੀ ਸਰਕਾਰੀ ਫੀਸ 25 ਰੁਪਏ ਦੀ ਥਾਂ 100 ਰੁਪਏ ਵਸੂਲੇ ਜਾ ਰਹੇ ਹਨ। ਇਸ ਦੇ ਨਾਲ ਹੀ ਮਲਟੀਪਲ ਐਂਟਰੀ ਲਈ 24 ਦੀ ਥਾਂ ਸਿਰਫ਼ 12 ਘੰਟੇ ਦਿੱਤੇ ਜਾ ਰਹੇ ਹਨ। ਇਹ ਸਾਰੀਆਂ ਵੀ ਸ਼ਿਕਾਇਤਾਂ ਵੀਡੀਓ ਵਿੱਚ ਮੰਡੀ ਦੇ ਸੁਪਰਵਾਈਜ਼ਰਾਂ ਵੱਲੋਂ ਬਣਾਈ ਗਈ ਵੀਡੀਓ ਵਿੱਚ ਸ਼ਾਹਮਣੇ ਆਈਆਂ ਹਨ। ਇਸਦੇ ਬਾਵਜੂਦ ਹਾਲੇ ਤੱਕ ਠੇਕੇਦਾਰ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ ਗਈ ਹੈ।
ਠੇਕੇਦਾਰ ਨੂੰ ਨੋਟਿਸ ਭੇਜਿਆ ਜਾਵੇਗਾ: ਸਕੱਤਰ
ਮੰਡੀ ਵਿੱਚ ਸਕੱਤਰ ਵੱਲੋਂ ਕੀਤੀ ਗਈ ਛਾਪੇਮਾਰੀ ਦੀ ਜਾਣਕਾਰੀ ਮਿਲਦੇ ਵਪਾਰੀ ਤੇ ਲੋਕ ਉਥੇ ਇਕੱਠੇ ਹੋ ਗਏ। ਜਾਂਚ ਤੋਂ ਬਾਅਦ ਸਕੱਤਰ ਰੁਮੇਲ ਸਿੰਘ ਨੇ ਸਖ਼ਤ ਲਹਿਜੇ ਵਿੱਚ ਕਿਹਾ ਕਿ ਮੰਡੀ ਵਿੱਚ ਕੋਈ ਵੀ ਧੱਕਾ ਨਹੀਂ ਹੋਣ ਦਿੱਤਾ ਜਾਵੇਗਾ। ਜਲਦ ਹੀ ਠੇਕੇਦਾਰ ਨੂੰ ਨੋਟਿਸ ਭੇਜਿਆ ਜਾਵੇਗਾ।
ਰੋਜ਼ਾਨਾ 5 ਲੱਖ ਰੁਪਏ ਵੱਧ ਵਸੂਸ ਰਿਹਾ ਹੈ ਠੇਕੇਦਾਰ: ਸ਼ਿਕਾਇਤਕਰਤਾ
ਠੇਕੇਦਾਰ ਬਾਰੇ ਸ਼ਿਕਾਇਤ ਕਰਨ ਵਾਲੇ ਰਾਕੇਸ਼ ਕਪੂਰ ਨੇ ਦੱਸਿਆ ਕਿ ਮੰਡੀ ਵਿੱਚ ਠੇਕੇਦਾਰ ਵੱਲੋਂ ਰੋਜ਼ਾਨਾ 5 ਲੱਖ ਰੁਪਏ ਤੋਂ ਵੱਧ ਦੀ ਲੁੱਟ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸ ਸਬੰਧੀ ਵੀਡੀਓ ਬਣਾ ਕੇ ਵੀ ਭੇਜੀਆਂ ਗਈਆਂ ਹਨ, ਜਿਸ ਵਿੱਚ ਲੋਕ ਕਹਿ ਰਹੇ ਹਨ ਕਿ ਸਰਕਾਰੀ ਪਰਚੀ ਤੋਂ ਤਿੰਨ ਗੁਣਾ ਪੈਸੇ ਵਸੂਲੇ ਜਾ ਰਹੇ ਹਨ।