ਪ੍ਰਾਈਵੇਟ ਇਮਾਰਤਾਂ ਤੋਂ ਹੋਰਡਿੰਗ ਤੇ ਪੋਸਟਰ ਹਟਾਉਣ ਦਾ ਹੁਕਮ
ਟ੍ਰਿਬਿਊਨ ਨਿਊਜ਼ ਸਰਵਿਸ
ਲੁਧਿਆਣਾ, 12 ਜੂਨ
ਲੁਧਿਆਣਾ ਪੱਛਮੀ ਜ਼ਿਮਨੀ ਚੋਣ ਲਈ ਨਿਯੁਕਤ ਖਰਚ ਨਿਗਰਾਨ ਇੰਦਾਨਾ ਅਸ਼ੋਕ ਕੁਮਾਰ ਨੇ ਵੀਰਵਾਰ ਨੂੰ ਪੰਜਾਬ ਖੇਤੀਬਾੜੀ ਯੂਨੀਵਰਸਿਟੀ (ਪੀ.ਏ.ਯੂ) ਵਿੱਚ ਵੱਖ-ਵੱਖ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੇ ਨੋਡਲ ਅਧਿਕਾਰੀਆਂ ਨਾਲ ਇੱਕ ਮੀਟਿੰਗ ਕੀਤੀ ਅਤੇ ਉਨ੍ਹਾਂ ਨੂੰ ਹਲਕੇ ਭਰ ਵਿੱਚ ਕਾਰਵਾਈਆਂ ਨੂੰ ਤੇਜ਼ ਕਰਨ ਅਤੇ ਚੌਕਸੀ ਵਧਾਉਣ ਦੇ ਨਿਰਦੇਸ਼ ਦਿੱਤੇ।
ਮੀਟਿੰਗ ਦਾ ਉਦੇਸ਼ ਸਾਰੇ ਗ਼ੈਰ-ਕਾਨੂੰਨੀ ਹੋਰਡਿੰਗ ਤੇ ਪੋਸਟਰ ਹਟਾਉਣ, ਖਪਤਕਾਰ ਵਸਤੂਆਂ ਦੀ ਗ਼ੈਰ-ਕਾਨੂੰਨੀ ਥੋਕ ਆਵਾਜਾਈ ਤੇ ਸ਼ਰਾਬ ਆਦਿ ਦੀ ਆਵਾਜਾਈ ਰੋਕਣਾ ਸੀ। ਸਬੰਧਤ ਅਧਿਕਾਰੀਆਂ ਨੂੰ ਚੋਣਾਂ ਦੌਰਾਨ ਕਿਸੇ ਵੀ ਸ਼ੱਕੀ ਬੈਂਕ ਲੈਣ-ਦੇਣ ’ਤੇ ਨਜ਼ਰ ਰੱਖਣ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਮੀਟਿੰਗ ਵਿੱਚ ਏ.ਡੀ.ਸੀ ਅਮਰਜੀਤ ਬੈਂਸ, ਏਡੀਸੀਪੀ ਐਚਐਸ ਮਾਨ ਸਮੇਤ ਆਬਕਾਰੀ ਵਿਭਾਗ, ਜ਼ਿਲ੍ਹਾ ਪ੍ਰਸ਼ਾਸਨ, ਐਮ.ਸੀ, ਜੀ.ਐਸ.ਟੀ, ਆਮਦਨ ਕਰ, ਜੰਗਲਾਤ ਵਿਭਾਗ ਦੇ ਹੋਰ ਅਧਿਕਾਰੀ ਮੌਜੂਦ ਸਨ।
ਖਰਚਾ ਨਿਗਰਾਨ ਇੰਦਾਨਾ ਅਸ਼ੋਕ ਕੁਮਾਰ ਨੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਆਦਰਸ਼ ਚੋਣ ਜ਼ਾਬਤੇ (ਐਮ.ਸੀ.ਸੀ) ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ। ਐਮ.ਸੀ ਟੀਮਾਂ ਨੂੰ ਚੌਕਸੀ ਵਧਾਉਣ ਅਤੇ ਸਾਰੇ ਗੈਰ-ਕਾਨੂੰਨੀ ਹੋਰਡਿੰਗਾਂ ਤੇ ਪੋਸਟਰਾਂ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਗਏ ਹਨ। ਜੇਕਰ ਲੋੜ ਹੋਵੇ ਤਾਂ ਇਸ ਉਦੇਸ਼ ਲਈ ਹੋਰ ਟੀਮਾਂ ਤਾਇਨਾਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਅਤੇ ਗੈਰ-ਕਾਨੂੰਨੀ ਹੋਰਡਿੰਗਾਂ ਤੇ ਪੋਸਟਰਾਂ ਦੇ ਖਰਚੇ ’ਤੇ ਵੀ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਸ਼ਰਾਬ ਤੇ ਨਸ਼ੀਲੇ ਪਦਾਰਥਾਂ ਆਦਿ ਦੀ ਗੈਰ-ਕਾਨੂੰਨੀ ਆਵਾਜਾਈ ’ਤੇ ਨਜ਼ਰ ਰੱਖਣ ਤੋਂ ਇਲਾਵਾ ਐਫ.ਐਸ.ਟੀ ਟੀਮਾਂ ਅਤੇ ਹੋਰ ਸਬੰਧਤ ਵਿਭਾਗਾਂ ਨੂੰ ਮੋਬਾਈਲ, ਭਾਂਡੇ, ਛੱਤ ਵਾਲੇ ਪੱਖੇ, ਕੁੱਕਰ, ਮਿਕਸਰ, ਗ੍ਰਾਈਂਡਰ, ਮਸ਼ੀਨਾਂ, ਕੱਪੜੇ ਆਦਿ ਸਮੇਤ ਖਪਤਕਾਰਾਂ ਦੀਆਂ ਵਸਤਾਂ ਦੀ ਆਵਾਜਾਈ ’ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ। ਕਿਸੇ ਵੀ ਜ਼ਬਤੀ ਸਬੰਧੀ ਰਿਪੋਰਟਾਂ ਰੋਜ਼ਾਨਾ ਅਧਾਰ ’ਤੇ ਅਪਡੇਟ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਖਰਚਾ ਨਿਗਰਾਨ ਅਸ਼ੋਕ ਕੁਮਾਰ ਨੇ ਕਿਹਾ ਕਿ ਇਨ੍ਹਾਂ ਵਸਤਾਂ ਨੂੰ ਵੋਟਰਾਂ ਨੂੰ ਸਿੱਧੇ ਤੌਰ ’ਤੇ ਵੰਡ ਜਾਂ ਕੂਪਨ ਪ੍ਰਣਾਲੀ ਰਾਹੀਂ ਭਰਮਾਉਣ ਲਈ ਮੁਫ਼ਤ ਤੋਹਫਿਆਂ ਵਜੋਂ ਵਰਤਿਆ ਜਾ ਸਕਦਾ ਹੈ। ਉਨ੍ਹਾਂ ਨੇ ਚੋਣਾਂ ਦੇ ਸੁਚਾਰੂ, ਨਿਰਪੱਖ ਅਤੇ ਪਾਰਦਰਸ਼ੀ ਸੰਚਾਲਨ ਨੂੰ ਯਕੀਨੀ ਬਣਾਉਣ ਲਈ ਏਜੰਸੀਆਂ ਵਿਚਕਾਰ ਬਿਹਤਰ ਤਾਲਮੇਲ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ। ਨਿਗਰਾਨ ਨੇ ਉਨ੍ਹਾਂ ਨੂੰ ਅਜਿਹੀਆਂ ਵਸਤੂਆਂ ਦੀ ਢੋਆ-ਢੁਆਈ ’ਤੇ ਨਜ਼ਰ ਰੱਖਣ ਦੇ ਵੀ ਨਿਰਦੇਸ਼ ਦਿੱਤੇ।