ਮਜੀਠੀਆ ਵੱਲੋਂ ਪੰਜਾਬ ਨੂੰ ਲੁੱਟਣ ਵਾਲੀਆਂ ਪਾਰਨੀਆਂ ਨੂੰ ਵੋਟ ਨਾ ਪਾਉਣ ਦੀ ਅਪੀਲ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 12 ਜੂਨ
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਅੱਜ ਇਥੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਤੇ ਇਸ ਤੋਂ ਪਹਿਲਾਂ ਕਾਂਗਰਸ ਪਾਰਟੀ ਨੇ ਲੋਕਾਂ ਨੂੰ ਲੁੱਟਿਆ ਅਤੇ ਕੁੱਟਿਆ ਹੈ ਇਸ ਲਈ ਇਨ੍ਹਾਂ ਪਾਰਟੀਆਂ ਨੂੰ ਵੋਟਾਂ ਪਾਉਣ ਦਾ ਮਤਲਬ ਪੰਜਾਬ ਨੂੰ ਹੋਰ ਬਰਬਾਦੀ ਵੱਲ ਲਿਜਾਣਾ ਹੈ।
ਅੱਜ ਇੱਥੇ ਹਲਕਾ ਪੱਛਮੀ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੇ ਹੱਕ ਵਿੱਚ ਚੋਣ ਪ੍ਰਚਾਰ ਦੌਰਾਨ ਸਾਬਕਾ ਮੁੱਖ ਸੰਸਦੀ ਸਕੱਤਰ ਬਿਕਰਮਜੀਤ ਸਿੰਘ ਖਾਲਸਾ ਦੇ ਗੁਰੂ ਅਮਰਦਾਸ ਨਗਰ ਸਥਿਤ ਗ੍ਰਹਿ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਹਲਕਾ ਪੱਛਮੀ ਦੇ ਵੋਟਰਾਂ ਲਈ ਇਨ੍ਹਾਂ ਦੋਹਾਂ ਪਾਰਟੀਆਂ ਲਈ ਵੋਟ ਪਾਉਣ ਦੀ ਕੋਈ ਤੁੱਕ ਨਹੀਂ ਬਣਦੀ ਜਦਕਿ ਅਕਾਲੀ ਦਲ ਦੀ ਸਰਕਾਰ ਨੇ ਹਮੇਸ਼ਾਂ ਹੀ ਤੁਹਾਡੀ ਭਲਾਈ ਵਾਸਤੇ ਕੰਮ ਕੀਤਾ ਹੈ। ਉਨ੍ਹਾਂ ਵੋਟਰਾਂ ਨੂੰ ਇਹ ਵੀ ਅਪੀਲ ਕੀਤੀ ਕਿ ਉਹ ਜ਼ਿਮਨੀ ਚੋਣ ਵਿੱਚ ਆਪਣੀਆਂ ਵੋਟਾਂ ਪਾਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਸਰਕਾਰ ਦੀ ਕਾਰਗੁਜ਼ਾਰੀ ਦੀ ਤੁਲਨਾ ਅਕਾਲੀ ਦਲ ਦੀ ਸਰਕਾਰ ਨਾਲ ਜ਼ਰੂਰ ਕਰ ਲੈਣ।
ਸ੍ਰੀ ਮਜੀਠੀਆ ਨੇ ਕਿਹਾ ਕਿ ਲੁਧਿਆਣਾ ਦੀ ਐਲੀਵੇਟਡ ਰੋਡ, ਦੱਖਣੀ ਬਾਈਪਾਸ, ਸੀਵਰੇਜ ਦੇ ਕੰਮ, ਸਾਰੇ ਸ਼ਹਿਰ ਵਿੱਚ ਸੀਸੀਟੀਵੀ ਕਵਰੇਜ ਅਤੇ ਸਾਰੇ ਆਧੁਨਿਕ ਬੁਨਿਆਦੀ ਢਾਂਚੇ ਸਮੇਤ ਸਾਰੇ ਵਿਕਾਸ ਕਾਰਜ ਪਿਛਲੀ ਅਕਾਲੀ ਦਲ ਦੀ ਸਰਕਾਰ ਨੇ ਕਰਵਾਏ ਸਨ।
ਸ: ਮਜੀਠੀਆ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਲੀ ਅੱਗੇ ਆਤਮ ਸਮਰਪਣ ਕਰਨ ਨਾਲ ਪੰਜਾਬ ਵੱਡਾ ਸੰਤਾਪ ਹੰਢਾ ਰਿਹਾ ਹੈ ਅਤੇ ਲੁਧਿਆਣਾ ਨੇ ਵੀ ਇਹ ਸੰਤਾਪ ਹੰਢਾਇਆ ਹੈ ਕਿਉਂਕਿ ਇਸ ਦੌਰਾਨ ਉਦਯੋਗ ਅਤੇ ਵਪਾਰ ਦਾ ਸਭ ਤੋਂ ਵੱਧ ਨੁਕਸਾਨ ਹੋਇਆ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਅਮਨ ਕਾਨੂੰਨ ਦੀ ਮਾੜੀ ਸਥਿਤੀ ਕਾਰਨ ਇੱਥੇ ਫਿਰੌਤੀਆਂ ਅਤੇ ਮਿੱਥ ਕੇ ਕਤਲ ਨਿੱਤ ਦਾ ਕੰਮ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੀ ਦਿੱਲੀ ਹਾਈ ਕਮਾਂਡ ਵੱਲੋਂ ਸੂਬੇ ਵਿਚ ਸੱਤਾ ਦੀ ਸਾਰੀ ਵਾਗਡੋਰ ਆਪਣੇ ਹੱਥ ਵਿੱਚ ਲੈਣ ਕਾਰਣ ਪ੍ਰਸ਼ਾਸਨ ਦਾ ਕੰਮ ਠੱਪ ਹੋ ਗਿਆ ਹੈ ਅਤੇ ਮੰਤਰੀ ਜੋ ਕਿ ਰਬੜ ਦੀਆਂ ਮੋਹਰਾਂ ਬਣ ਗਈਆਂ ਹਨ ਕਿਉਂਕਿ ਉਨ੍ਹਾਂ ਦੇ ਦਿੱਲੀ ਵੱਲੋਂ ਲਗਾਏ ਗਏ ਨਿੱਜੀ ਸਹਾਇਕ ਹੀ ਸਾਰੇ ਫ਼ੈਸਲੇ ਲੈ ਰਹੇ ਹਨ ਅਤੇ ਚੇਅਰਮੈਨੀਆਂ ਵੀ ਬਾਹਰਲਿਆਂ ਨੂੰ ਦੇ ਦਿੱਤੀਆਂ ਗਈਆਂ ਹਨ। ਇਸ ਮੌਕੇ ਬਿਕਰਮਜੀਤ ਸਿੰਘ ਖਾਲਸਾ ਨੇ ਬਿਕਰਮ ਸਿੰਘ ਮਜੀਠੀਆ ਨੂੰ ਸਨਮਾਨਿਤ ਵੀ ਕੀਤਾ। ਇਸ ਮੌਕੇ ਰਾਜੂ ਖੰਨਾ, ਜਸਦੀਪ ਸਿੰਘ ਕਾਉਂਕੇ ਅਤੇ ਮਨਜੀਤ ਸਿੰਘ ਵਾਲੀਆ ਅਤੇ ਹੋਰ ਆਗੂ ਵੀ ਹਾਜ਼ਰ ਸਨ।