ਮੂੰਗੀ ਦੀ ਲੁੱਟ ਖ਼ਿਲਾਫ਼ ਬੀਕੇਯੂ (ਡਕੌਂਦਾ) ਵੱਲੋਂ ਸਰਕਾਰ ਨੂੰ ਚਿਤਾਵਨੀ
ਜਸਬੀਰ ਸ਼ੇਤਰਾ
ਜਗਰਾਉਂ, 12 ਜੂਨ
ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਨੇ ਮੂੰਗੀ ਦੀ ਖਰੀਦ ਵਿੱਚ ਵਪਾਰੀਆਂ ਵੱਲੋਂ ਕਿਸਾਨਾਂ ਨੂੰ ਮੋਟਾ ਰਗੜਾ ਲਾਏ ਜਾਣ ਖ਼ਿਲਾਫ਼ ਸਰਕਾਰ ਨੂੰ ਚਿਤਾਵਨੀ ਦਿੱਤੀ ਹੈ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ ਨੇ ਕਿਹਾ ਹੈ ਕਿ ਪੰਜਾਬ ਦੀਆਂ ਮੰਡੀਆਂ ਵਿੱਚ ਸਰਕਾਰੀ ਖਰੀਦ ਨਾ ਹੋਣ ਕਾਰਨ ਵਪਾਰੀ ਕੁਇੰਟਲ ਪਿੱਛੇ ਦੋ ਹਜ਼ਾਰ ਘੱਟ ਰੇਟ 'ਤੇ ਮੂੰਗੀ ਖਰੀਦ ਕੇ ਕਿਸਾਨਾਂ ਨੂੰ ਮੋਟਾ ਰਗੜਾ ਲਾ ਰਹੇ ਹਨ। ਮੂੰਗੀ ਦੀ ਹੱਬ ਬਣ ਚੁੱਕੀ ਜਗਰਾਉਂ ਮੰਡੀ ਵਿੱਚ ਵੀ ਕਿਸਾਨਾਂ ਨੂੰ ਇਸੇ ਤਰ੍ਹਾਂ ਰਗੜਾ ਲੱਗ ਰਿਹਾ ਹੈ।
ਉਨ੍ਹਾਂ ਕਿਹਾ ਕਿ ਸਰਕਾਰੀ ਸਮਰਥਨ ਮੁੱਲ ਘੱਟੋ ਘੱਟ 8768 ਰੁਪਏ ਹੈ। ਪਰ ਪੰਜਾਬ ਦੀਆਂ ਮੰਡੀਆਂ ਵਿੱਚ ਕਿਸਾਨਾਂ ਦੀ ਮੂੰਗੀ ਨਿੱਜੀ ਕੰਪਨੀਆਂ ਤੇ ਵਪਾਰੀਆਂ ਵਲੋਂ 6500 ਤੋਂ ਲੈ ਸੱਤ ਹਜ਼ਾਰ ਰੁਪਏ ਤਕ ਖਰੀਦੀ ਜਾ ਰਹੀ ਹੈ। ਇਸ ਤਰ੍ਹਾਂ ਇਕ ਕੁਇੰਟਲ ਪਿੱਛੇ ਕਿਸਾਨ ਦੋ ਤੋਂ ਲੈ ਕੇ ਢਾਈ ਹਜ਼ਾਰ ਰੁਪਏ ਤਕ ਦੀ ਮਾਰ ਝੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨਾਲ ਦੁਸ਼ਮਣੀ ਪੁਗਾ ਰਹੀ ਭਗਵੰਤ ਮਾਨ ਸਰਕਾਰ ਦੇ 94 'ਤੋਤੇ' ਚੁੱਪ ਵੱਟੀ ਬੈਠੇ ਹਨ। ਪੰਜਾਬ ਸਰਕਾਰ ਦਾ ਖੇਤੀ ਮੰਤਰੀ ਵੀ ਖਾਮੋਸ਼ ਹੈ। ਇਸ ਤੋਂ ਪਹਿਲਾਂ ਜਗਰਾਉਂ ਇਲਾਕੇ ਵਿੱਚ ਗੜਿਆਂ ਦੀ ਮਾਰ ਕਾਰਨ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਪੀੜਤ ਕਿਸਾਨਾਂ ਲਈ ਊਠ ਦਾ ਬੁੱਲ ਬਣ ਚੁੱਕਾ ਹੈ। ਉਨ੍ਹਾਂ ਕਿਹਾ ਕਿ ਅੱਤ ਦੀ ਗਰਮੀ ਵਿੱਚ ਦਾਣਾ ਮੰਡੀਆਂ ਵਿੱਚ ਕਿਸਾਨੀ ਦੀ ਹੋ ਰਹੀ ਲੁੱਟ ਤੁਰੰਤ ਰੋਕਣ ਲਈ ਪੰਜਾਬ ਸਰਕਾਰ ਨਾਕਾਮ ਸਾਬਤ ਹੋ ਰਹੀ ਹੈ ਤੇ ਹੱਥ 'ਤੇ ਹੱਥ ਰੱਖ ਕੇ ਬਹਿ ਗਈ ਹੈ। ਕਿਸਾਨ ਆਗੂ ਨੇ ਪੰਜਾਬ ਸਰਕਾਰ ਤੋਂ ਤੁਰੰਤ ਦਖ਼ਲ ਦੀ ਮੰਗ ਕਰਦਿਆਂ ਮੂੰਗੀ ਖਰੀਦ ਵਿੱਚ ਹੁੰਦੀ ਲੁੱਟ ਬੰਦ ਕਰਵਾਉਣ 'ਤੇ ਜ਼ੋਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਖਰੀਦ ਸ਼ੁਰੂ ਕਰਾਉਣ ਅਤੇ ਘੱਟ ਰੇਟ 'ਤੇ ਹੁਣ ਤਕ ਖਰੀਦੀ ਮੂੰਗੀ ਦੇ ਨੁਕਸਾਨ ਦੀ ਭਰਪਾਈ ਹੋਣੀ ਚਾਹੀਦੀ ਹੈ। ਜੇਕਰ ਇਕ ਦੋ ਦਿਨਾਂ ਵਿੱਚ ਸਰਕਾਰ ਨੇ ਮਸਲਾ ਹੱਲ ਨਾ ਕੀਤਾ ਤਾਂ ਜਥੇਬੰਦੀ ਸਖ਼ਤ ਐਕਸ਼ਨ ਲਈ ਮਜਬੂਰ ਹੋਵੇਗੀ।