ਵਿਸ਼ਵ ਦੀ ਸਭ ਤੋਂ ਉੱਚੀ ਸੜਕ ’ਤੇ ਯੋਗ ਅਭਿਆਸ
ਪੱਤਰ ਪ੍ਰੇਰਕ
ਯਮੁਨਾਨਗਰ, 28 ਜੂਨ
ਦਿਆਲ ਸਿੰਘ ਪਬਲਿਕ ਸਕੂਲ ਜਗਾਧਰੀ ਦੀ ਯੋਗ ਅਤੇ ਮਲਖੰਬ ਟੀਮ ਨੇ ਵਿਸ਼ਵ ਦੀ ਸਭ ਤੋਂ ਉੱਚੀ ਮੋਟਰ ਸੜਕ ਉਮਲਿੰਗ ਲਾ ਪਾਸ ‘ਤੇ ਯੋਗਾ ਅਤੇ ਮਲਖੰਬ ਕਰ ਕੇ ਵਿਸ਼ਵ ਰਿਕਾਰਡ ਬਣਾਇਆ ਹੈ। ਹੋਣਹਾਰ ਬੱਚਿਆਂ ਅਤੇ ਕੋਚ ਦਾ ਸਕੂਲ ਪਹੁੰਚਣ ‘ਤੇ ਸ਼ਾਨਦਾਰ ਸਵਾਗਤ ਕੀਤਾ ਗਿਆ। ਦਿਆਲ ਸਿੰਘ ਪਬਲਿਕ ਸਕੂਲ ਜਗਾਧਰੀ ਦੇ ਪ੍ਰਿੰਸੀਪਲ ਪਾਰੁਲ ਕੁਮਾਰ ਨੇ ਕਿਹਾ ਕਿ ਅਜਿਹਾ ਕਰਨ ਵਾਲੀ ਇਹ ਦੁਨੀਆਂ ਦੇ ਕਿਸੇ ਵੀ ਸਕੂਲ ਦੀ ਪਹਿਲੀ ਟੀਮ ਬਣ ਗਈ ਹੈ। ਇਸ ਨਾਲ ਹਰਮਨ ਰਾਓ, ਮਯੰਕ ਸ਼ਰਮਾ ਇਸ ਸਥਾਨ ‘ਤੇ ਯੋਗ ਅਤੇ ਮਲਖੰਬ ਕਰਨ ਵਾਲੇ ਪਹਿਲੇ ਐੱਨਸੀਸੀ ਕੈਡਿਟ ਬਣ ਗਏ ਹਨ। ਉਨ੍ਹਾਂ ਦੱਸਿਆ ਕਿ ਅਜਿਹਾ ਕਰਨ ਤੋਂ ਪਹਿਲਾਂ ਇਸ ਬਾਰੇ ਵਿਸ਼ਵ ਰਿਕਾਰਡ ਦੀਆਂ ਸਾਰੀਆਂ ਕਿਤਾਬਾਂ ਤੋਂ ਇਜਾਜ਼ਤ ਲਈ ਗਈ ਸੀ। ਟੀਮ ਵਿੱਚ ਮਯੰਕ ਸ਼ਰਮਾ, ਸ਼੍ਰੀਜੀ, ਹਰਮਨ ਰਾਓ, ਮਨੀਸ਼, ਅਯਾਨ ਬਖਸ਼ੀ, ਹਰਿਆਣਾ ਪੁਲੀਸ ਦੇ ਸਬ-ਇੰਸਪੈਕਟਰ ਰਾਮ ਲਾਲ ਸ਼ਰਮਾ ਅਤੇ ਸਕੂਲ ਕੋਚ ਸੁਭਾਸ਼ ਸ਼ਰਮਾ ਸ਼ਾਮਲ ਸਨ। ਇਸ ਮੋਟਰੇਬਲ ਸੜਕ ਦੀ ਉਚਾਈ 19024 ਫੁੱਟ ਹੈ ਅਤੇ ਇੱਥੇ ਆਕਸੀਜਨ ਦਾ ਪੱਧਰ ਬਹੁਤ ਘੱਟ ਹੈ। ਇਨ੍ਹਾਂ ਸਾਰੀਆਂ ਮੁਸ਼ਕਿਲਾਂ ਨੂੰ ਪਾਰ ਕਰਦਿਆਂ ਦਿਆਲ ਸਿੰਘ ਪਬਲਿਕ ਸਕੂਲ ਜਗਾਧਰੀ ਦੀ ਟੀਮ ਨੇ ਨਾ ਸਿਰਫ਼ ਉੱਥੇ ਕੌਮੀ ਝੰਡਾ ਲਹਿਰਾਇਆ, ਸਗੋਂ ਯੋਗ ਅਤੇ ਮਲਖੰਬ ਦਾ ਪ੍ਰਦਰਸ਼ਨ ਕਰ ਕੇ ਵਿਸ਼ਵ ਰਿਕਾਰਡ ਲਈ ਆਪਣਾ ਦਾਅਵਾ ਪੇਸ਼ ਕੀਤਾ।