ਜੀਜੇ ਨੂੰ ਕੁੱਟਣ ਦੇ ਦੋਸ਼ ਹੇਠ ਗ੍ਰਿਫ਼ਤਾਰ
ਪੱਤਰ ਪ੍ਰੇੇਰਕ
ਰਤੀਆ, 17 ਜੂਨ
ਸਥਾਨਕ ਪੁਲੀਸ ਨੇ ਇਕ ਵਿਅਕਤੀ ਨੂੰ ਉਸ ਦੇ ਜੀਜੇ ਨਾਲ ਕੁੱਟਮਾਰ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਗੁਰਪ੍ਰੀਤ ਸਿੰਘ ਵਾਸੀ ਪਿੰਡ ਸਰਦਾਰੇਵਾਲਾ ਵਜੋਂ ਹੋਈ। ਥਾਣਾ ਸਦਰ ਰਤੀਆ ਇੰਚਾਰਜ ਰਾਜਬੀਰ ਸਿੰਘ ਨੇ ਜਾਦੱਸਿਆ ਕਿ ਇਹ ਮਾਮਲਾ 3 ਜੂਨ ਨੂੰ ਪਿੰਡ ਬਲਿਆਲਾ ਵਾਸੀ ਮਨਦੀਪ ਸਿੰਘ ਦੀ ਸ਼ਿਕਾਇਤ ’ਤੇ ਦਰਜ ਕੀਤਾ ਗਿਆ ਸੀ। ਸ਼ਿਕਾਇਤਕਰਤਾ ਅਨੁਸਾਰ ਉਸ ਦਾ ਵਿਆਹ ਲਗਪਗ ਚਾਰ ਸਾਲ ਪਹਿਲਾਂ ਪਿੰਡ ਸਰਦਾਰੇਵਾਲਾ ਵਾਸੀ ਜੋਤੀ ਨਾਲ ਹੋਇਆ ਸੀ। ਵਿਆਹ ਤੋਂ ਬਾਅਦ ਉਸ ਦੀ ਪਤਨੀ ਜ਼ਿਆਦਾ ਸਮਾਂ ਆਪਣੇ ਭਰਾ ਗੁਰਪ੍ਰੀਤ ਸਿੰਘ ਕੋਲ ਹੀ ਰਹਿੰਦੀ ਸੀ। ਦੋ ਮਹੀਨੇ ਪਹਿਲਾਂ ਜੋਤੀ ਆਪਣੇ ਪੇਕੇ ਆਈ ਅਤੇ ਮਨਦੀਪ ਨੂੰ ਕਿਹਾ ਕਿ ਹੁਣ ਉਸ ਨੂੰ ਵੀ ਪੇਕੇ ਵਿਚ ਹੀ ਰਹਿਣਾ ਹੋਵੇਗਾ, ਜਿਸ ’ਤੇ ਮਨਦੀਪ ਨੇ ਅਸਹਿਮਤੀ ਪ੍ਰਗਟਾਈ। 2 ਜੂਨ ਨੂੰ ਜੋਤੀ ਨੇ ਫੋਨ ਕਰਕੇ ਮਨਦੀਪ ਨੂੰ ਉਸ ਨੂੰ ਲੈਣ ਲਈ ਬੁਲਾਇਆ। ਜਦੋਂ ਮਨਦੀਪ ਆਪਣੇ ਮਿੱਤਰ ਬਲਜੀਤ ਸਿੰਘ ਨਾਲ ਪਿੰਡ ਸਰਦਾਰੇਵਾਲਾ ਪਹੁੰਚਿਆ, ਤਾਂ ਉਥੇ ਉਸ ਦੀ ਪਤਨੀ ਮੌਜੂਦ ਨਹੀਂ ਸੀ। ਉਥੇ ਉਸ ਦੇ ਸਾਲੇ ਗੁਰਪ੍ਰੀਤ ਸਿੰਘ, ਮਾਸੀ ਦਾ ਪੁੱਤਰ ਸੇਵਕ ਸਿੰਘ ਅਤੇ ਉਨ੍ਹਾਂ ਦੇ ਤਿੰਨ ਹੋਰ ਸਾਥੀ ਮੌਜੂਦ ਸਨ। ਉਸ ਨੇ ਦੋਸ਼ ਲਾਇਆ ਕਿ ਇਨ੍ਹਾਂ ਸਭ ਨੇ ਮਿਲ ਕੇ ਮਨਦੀਪ ਨੂੰ ਫੜ ਲਿਆ ਅਤੇ ਕਮਰੇ ਵਿਚ ਬੰਦ ਕਰਕੇ ਉਸ ਨਾਲ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜਦੋਂ ਬਲਜੀਤ ਸਿੰਘ ਨੇ ਉਸ ਨੂੰ ਛੁਡਵਾਉਣ ਦੀ ਕੋਸ਼ਿਸ਼ ਕੀਤੀ ਤਾਂ ਹਮਲਾਵਰਾਂ ਨੇ ਉਸ ਨਾਲ ਵੀ ਕੁੱਟਮਾਰ ਕੀਤੀ। ਆਸ ਪਾਸ ਲੋਕ ਇਕੱਠੇ ਹੁੰਦੇ ਦੇਖ ਮੁਲਜ਼ਮ ਜਾਨੋਂ ਮਾਰਨ ਦੀ ਧਮਕੀ ਦੇ ਕੇ ਮੌਕੇ ਤੋਂ ਫ਼ਰਾਰ ਹੋ ਗਏ।