ਵਿਧਾਇਕ ਵੱਲੋਂ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਨਾਲ ਮੁਲਾਕਾਤ
ਪੱਤਰ ਪ੍ਰੇਰਕ
ਸ਼ਾਹਬਾਦ ਮਾਰਕੰਡਾ, 17 ਜੂਨ
ਥਾਨੇਸਰ ਦੇ ਵਿਧਾਇਕ ਅਸ਼ੋਕ ਅਰੋੜਾ ਨੇ ਯੂਥ ਕਾਂਗਰਸ ਦੇ ਨਵੇਂ ਚੁਣੇ ਗਏ ਜ਼ਿਲ੍ਹਾ ਪ੍ਰਧਾਨ ਕੁਲਦੀਪ ਢਿੱਲੋਂ ਤੇ ਉਨ੍ਹਾਂ ਦੀ ਟੀਮ ਵਿਚ ਸ਼ਾਮਲ ਨਵੇਂ ਚੁਣੇ ਗਏ ਬਲਾਕ ਪ੍ਰਧਾਨਾਂ ਨੂੰ ਵਧਾਈ ਦਿੱਤੀ ਤੇ ਉਮੀਦ ਪ੍ਰਗਟਾਈ ਕਿ ਇਹ ਸਾਰੇ ਆਹੁਦੇਦਾਰ ਯੁਵਾ ਸ਼ਕਤੀ ਨੂੰ ਕਾਂਗਰਸ ਪਾਰਟੀ ਨਾਲ ਜੋੜ ਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੇ। ਅਰੋੜਾ ਨੇ ਕਿਹਾ ਕਿ ਯੂਥ ਕਾਂਗਰਸ ਦੇ ਸਾਰੇ ਚੁਣੇ ਹੋਏ ਅਹੁਦੇਦਾਰ ਪਾਰਟੀ ਦੇ ਵਫਾਦਾਰ ਸਿਪਾਹੀ ਹਨ ਤੇ ਸੰਗਠਨ ਨੂੰ ਮਜ਼ਬੂਤ ਕਰਨ ਲਈ ਨਿਰੰਤਰ ਕੰਮ ਕਰਦੇ ਰਹਿਣਗੇ। ਅਰੋੜਾ ਨੇ ਸਾਰੇ ਨਵੇਂ ਚੁਣੇ ਗਏ ਮੁਖੀਆਂ ਦਾ ਮੂੰਹ ਮਿੱਠਾ ਕਰਾਇਆ ਤੇ ਉਨ੍ਹਾਂ ਦੇ ਉਜਵਲ ਭਵਿੱਖ ਦੀ ਕਾਮਨਾ ਕੀਤੀ। ਨਵੇਂ ਚੁਣੇ ਗਏ ਯੂਥ ਪ੍ਰਧਾਨ ਕੁਲਦੀਪ ਢਿੱਲੋਂ ਹਥੀਰਾ ਨੇ ਕਿਹਾ ਕਿ ਵਿਧਾਇਕ ਅਰੋੜਾ ਦੇ ਅਸ਼ੀਰਵਾਦ ਨਾਲ ਨਵੀਂ ਟੀਮ ਦੇ ਆਗੂ ਵੱਧ ਤੋਂ ਵੱਧ ਨੌਜਵਾਨਾਂ ਨੂੰ ਪਾਰਟੀ ਨਾਲ ਜੋੜਨਗੇ। ਹਥੀਰਾ ਨੇ ਦੱਸਿਆ ਕਿ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਲਈ ਵੋਟਾਂ ਫਰਵਰੀ ਵਿੱਚ ਪਈਆਂ ਸਨ, ਜਿਸ ਦਾ ਨਤੀਜਾ ਅੱਜ ਐਲਾਨਿਆ ਗਿਆ ਹੈ। ਇਸ ਵਿੱਚ ਉਹ 900 ਵੋਟਾਂ ਪ੍ਰਾਪਤ ਕਰਕੇ ਯੂਥ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਚੁਣੇ ਗਏ ਹਨ। ਜਦਕਿ ਬਲਾਕ ਮੁਖੀ ਸਾਰੇ ਸਰਬਸੰਮਤੀ ਨਾਲ ਚੁਣੇ ਗਏ ਹਨ। ਇਸ ਮੌਕੇ ਯੂਥ ਕਾਂਗਰਸ ਆਗੂ ਹਿੰਮਾਸ਼ੂ ਅਰੋੜਾ ਹਨੀ, ਸਾਬਕਾ ਨਗਰ ਕੌਂਸਲਰ ਓਮ ਪ੍ਰਕਾਸ਼, ਸੁਭਾਸ਼ ਪਾਲੀ, ਸਾਬਕਾ ਸਰਪੰਚ ਟੇਕ ਚੰਦ ਬਾਰਨਾ, ਵਿਵੇਕ ਭਾਰਦਵਾਜ ਸੌਰਭ ਗਰਗ ਨੇ ਨਵੇਂ ਚੁਣੇ ਗਏ ਪ੍ਰਧਾਨ ਕੁਲਦੀਪ ਢਿੱਲੋਂ ਹਥੀਰਾ ਤੇ ਉਨਾਂ ਦੀ ਟੀਮ ਨੂੰ ਵਧਾਈ ਦਿੱਤੀ।