ਪੜ੍ਹਨਾ ਚੰਗਾ ਕਿਉਂ ਲੱਗਦਾ ਹੈ
ਰਾਜੇਸ਼ ਸ਼ਰਮਾ
ਪੜ੍ਹਨਾ ਐਨਾ ਚੰਗਾ ਕਿਉਂ ਲੱਗਦਾ ਤੈਨੂੰ? ਉਹ ਆਪਣੇ ਆਪ ਨੂੰ ਪੁੱਛਦਾ ਹੈ।
ਯਾਦਾਂ ਦੀ ਕਿਣਮਿਣ ਸ਼ੁਰੂ ਹੋ ਜਾਂਦੀ ਹੈ। ਬੂੰਦਾਂ ਵਿੱਚੋਂ ਬੀਤੀਆਂ ਘੜੀਆਂ ਤੱਕਦੀਆਂ ਹਨ।
ਪੜ੍ਹਨਾ ਤੈਨੂੰ ਚੰਗਾ ਲੱਗਦਾ ਹੈ ਕਿਉਂਕਿ ਚੰਗਾ ਲੱਗਦਾ ਸੀ। ਪਰ ਪੜ੍ਹਨਾ ਕੰਮ ਤਾਂ ਔਖਾ ਹੈ। ਔਖਾ ਕੰਮ ਕਦੋਂ ਚੰਗਾ ਲੱਗਣ ਲੱਗ ਗਿਆ, ਇਹ ਤਾਂ ਤੈਨੂੰ ਯਾਦ ਵੀ ਨਹੀਂ ਹੋਣਾ। ਉਂਜ ਸੌਖਾ ਤਾਂ ਇਹ ਅਜੇ ਵੀ ਨਹੀਂ ਲੱਗਦਾ, ਹੈ ਨਾ? ਜਦੋਂ ਤੂੰ ਪੜ੍ਹਦਾ ਏਂ, ਤੇਰੇ ਨੇੜੇ ਕੋਈ ਕੁਝ ਪੜ੍ਹ ਰਿਹਾ ਹੁੰਦਾ ਹੈ। ਪੜ੍ਹਨਾ ਤੈਨੂੰ ਸਫ਼ਰ ਕਰਨ ਜਿਹਾ ਮਹਿਸੂਸ ਹੁੰਦਾ ਏ। ਤੂੰ ਖੁੱਲ੍ਹਾ-ਖੁੱਲ੍ਹਾ, ਆਜ਼ਾਦ ਮਹਿਸੂਸ ਕਰਦਾ ਏਂ। ਤੇ ਅਕਸਰ ਹੋਰਾਂ ਨਾਲੋਂ ਬਿਹਤਰ, ਖ਼ੁਸ਼।
ਤੂੰ ਪੜ੍ਹਦਾ ਤਾਂ ਤਸਵੀਰਾਂ ਵੀ ਪੜ੍ਹਦਾ ਏਂ। ਫੇਰ ਸ਼ਬਦ ਆਪ ਤਸਵੀਰਾਂ ਵਿਚ ਬਦਲ ਜਾਂਦੇ ਹਨ। ਕਾੱਮਿਕ ਤੈਨੂੰ ਦੇਰ ਤੱਕ ਰੋਕ ਨਹੀਂ ਸਕੇ। ਤੇਰੀ ਕਲਪਨਾ ਨੂੰ ਜਾਗ ਜੋ ਲੱਗ ਗਈ ਸੀ।
ਬੱਚਿਆਂ ਦੇ ਰਸਾਲੇ ਛਪਦੇ। ਅਖ਼ਬਾਰ ਵੇਚਣ ਵਾਲੇ ਕੋਲ ਇਹ ਸੌਖਿਆਂ ਮਿਲ ਜਾਂਦੇ। ਉਹ ਆਦਮੀ ਤੈਨੂੰ ਚਾਅ ਨਾਲ ਰਸਾਲੇ ਦਿਖਾਉਂਦਾ। ਤੇਰੇ ਕੋਲ ਪੈਸੇ ਘੱਟ ਹੁੰਦੇ ਤਾਂ ਉਧਾਰ ਵੀ ਕਰ ਲੈਂਦਾ। ਤੇਰੇ ਉੱਪਰ ਉਹ ਇਸ ਲਈ ਭਰੋਸਾ ਕਰਦਾ ਕਿਉਂਕਿ ਪੜ੍ਹਨਾ ਤੈਨੂੰ ਬੜਾ ਚੰਗਾ ਲੱਗਦਾ। ਅਖ਼ਬਾਰਾਂ ਵਿੱਚ ਬੱਚਿਆਂ ਲਈ ਪੂਰਾ ਪੰਨਾ ਹੁੰਦਾ। ਕਈ ਵਾਰ ਤਾਂ ਦੋ ਵੀ ਹੁੰਦੇ। ਕਿੰਨੀਆਂ ਮੌਜਾਂ ਹੁੰਦੀਆਂ ਸਨ।
ਤੂੰ ਪੜ੍ਹਦਾ ਕਿਉਂਕਿ ਲਾਇਬਰੇਰੀਆਂ ਸਨ। ਸਕੂਲ ਵਿੱਚ ਵੀ ਅਤੇ ਬਾਹਰ ਵੀ। ਲਾਇਬਰੇਰੀਅਨ ਬੇਹੱਦ ਪਿਆਰ ਨਾਲ ਤੈਨੂੰ ਕਿਤਾਬਾਂ ਬਾਰੇ ਦੱਸਦੇ। ਕਿਤਾਬਾਂ ਦਿਖਾਉਂਦੇ, ਦਿੰਦੇ। ਤੈਨੂੰ ਮਹਿਸੂਸ ਹੁੰਦਾ ਉਹ ਤੈਨੂੰ ਸਨੇਹ ਹੀ ਨਹੀਂ ਕਰਦੇ, ਤੇਰਾ ਸਤਿਕਾਰ ਵੀ ਕਰਦੇ ਸਨ। ਭਾਵੇਂ ਨਿਆਣਾ ਹੀ ਸੀ ਤੂੰ। ਤੇਰੇ ਉੱਪਰ ਮਾਣ ਕਰਦੇ।
ਸੁਣਿਆ ਹੈ ਉਹ ਲਾਇਬਰੇਰੀ ਹੁਣ ਉਜਾੜ ਪਈ ਹੈ। ਕਿਤਾਬਾਂ ਲੈਣ ਵਾਲਾ ਕੋਈ ਨਹੀਂ, ਕਿਤਾਬਾਂ ਦੇਣ ਵਾਲੇ ਮਰ-ਖਪ ਜੋ ਗਏ ਹਨ। ਉਨ੍ਹਾਂ ਦੀ ਥਾਂ ਕੋਈ ਨਵਾਂ ਨਹੀਂ ਆਇਆ। ਕਹਿੰਦੇ ਹਨ ਇਹ ਸੱਭਿਆਚਾਰ ਖਿਲਾਫ਼ ਜੰਗ ਵਿਚਲੀ ਇੱਕ ਜੁਗਤ ਹੈ। ਆਪਣਿਆਂ ਦੀ ਬੌਧਿਕ ਨਸਲਕੁਸ਼ੀ ਕਰਨ ਦੀ ਅਹਿੰਸਕ ਵਿਧੀ।
ਕਿਤਾਬਾਂ ਦੇ ਪੰਨੇ ਪਲਟਦਿਆਂ ਤੂੰ ਸਮਝਣ ਲੱਗਾ ਕਿ ਹਰ ਕਿਸੇ ਕਿਤਾਬ ਨੂੰ ਸਮਝਣਾ ਅਜੇ ਤੇਰੇ ਵੱਸ ਨਹੀਂ। ਪਰ ਉਨ੍ਹਾਂ ਵਿਚਲਾ ਰਹੱਸ ਤੈਨੂੰ ਖਿੱਚਦਾ ਰਹਿੰਦਾ, ਪ੍ਰੇਰਦਾ ਰਹਿੰਦਾ। ਸੰਵੇਦਨਾ, ਸਮਝ, ਅਨੁਭੂਤੀ ਦੇ ਨਵੇਂ ਜਗਤ ਜਗਮਗਾਉਣ ਦੇ ਵਾਅਦੇ ਕਰਦਾ। ਤੈਨੂੰ ਫੇਰ ਕਦੇ ਪਰਤ ਆਉਣ ਲਈ ਕਹਿੰਦਾ।
ਤੈਨੂੰ ਪੜ੍ਹਨਾ ਚੰਗਾ ਲੱਗਦਾ ਹੈ ਕਿਉਂਕਿ ਤੂੰ ਪੜ੍ਹ ਸਕਦਾ ਏਂ। ਤੂੰ ਪੜ੍ਹ ਸਕਦਾ ਕਿਉਂਕਿ ਤੈਨੂੰ ਕਿਸੇ ਨੇ ਪੜ੍ਹਨਾ ਸਿਖਾਇਆ ਸੀ। ਇਹ ਗੱਲ ਵੀ ਹੈ ਕਿ ਤੂੰ ਕਿਤਾਬਾਂ, ਰਸਾਲੇ ਤੇ ਅਖ਼ਬਾਰ ਖਰੀਦ ਸਕਦਾ ਸੀ। ਫੇਰ, ਲਾਇਬਰੇਰੀ ਤੇਰੀ ਪਹੁੰਚ ਤੋਂ ਨਾ ਬਾਹਰ ਸੀ ਨਾ ਦੂਰ।
ਤਿੰਨ ਦਹਾਕਿਆਂ ਤੋਂ ਵੱਧ ਸਮਾਂ ਬੀਤ ਗਿਆ ਹੈ। ਬਹੁਤ ਕੁਝ ਚਲਾ ਗਿਆ। ਜਾਣਾ ਹੀ ਹੁੰਦਾ ਹੈ। ਪਰ ਕਿਤਾਬਾਂ ਨੇ ਤੇਰਾ ਸਾਥ ਕਦੇ ਨਹੀਂ ਛੱਡਿਆ। ਬਚਪਨ ਦੀ ਕਿਸ਼ਤੀ ਤੋਂ ਜਵਾਨੀ ਦੇ ਜਹਾਜ਼ ਉੱਪਰ ਪੈਰ ਧਰਨਾ ਤੂਫ਼ਾਨਾਂ ਨੂੰ ਪਾਰ ਕਰਨ ਜਿਹਾ ਸੀ। ਪਿਆਰ ਦੀ ਕੋਮਲਤਾ ਨੂੰ ਮੂਰਖਤਾ ਨਾਲੋਂ ਵੱਖ ਕਰਨਾ ਅਕਸਰ ਔਖਾ ਹੁੰਦਾ ਹੈ। ਫੇਰ ਦੁਨੀਆਦਾਰੀ ਤੇਰੇ ਦਿਲ-ਦਿਮਾਗ਼ ਦੀ ਮਾਲਿਕ ਬਣਨ ਲਈ ਵਾਰ-ਵਾਰ ਘਾਤ ਲਾਉਂਦੀ ਰਹੀ। ਤੰਗ ਸੋਚ, ਨਫ਼ਰਤ, ਘੁਮੰਡ, ਲਾਲਚ – ਨੇ ਜਿਊਣ ਦਾ ਦਾਇਰਾ ਛੋਟਾ ਕਰਨ ਦੀ ਵਾਰ-ਵਾਰ ਕੋਸ਼ਿਸ਼ ਕੀਤੀ। ਹਰ ਵੇਲੇ ਕਿਤਾਬਾਂ ਨੇ ਤੈਨੂੰ ਰਾਹ ਦੱਸੀ। ਉਹ ਵੀ ਬਿਨਾਂ ਕੋਈ ਅਹਿਸਾਨ ਜਤਾਇਆਂ। ਤੈਨੂੰ ਤਾਂ ਪਤਾ ਹੀ ਨਹੀਂ ਲੱਗਿਆ ਹੋਣਾ ਕਦੋਂ ਤੇ ਕਿਵੇਂ ਤੇਰਾ ਪੜ੍ਹਿਆ ਦੀਵੇ ਬਣ ਕੇ ਤੇਰੇ ਅੰਦਰ ਨੂੰ ਰੌਸ਼ਨ ਕਰ ਗਿਆ। ਕਿਤਾਬਾਂ ਨੇ ਹਮੇਸ਼ਾ ਆਪਣੇ ਰਾਹੀਂ ਤੈਨੂੰ ਤੇਰੇ ਵੱਲ ਮੋੜਿਆ। ਤੈਨੂੰ ਬਚਾ ਕੇ ਰੱਖਿਆ। ਇਸ ਨੂੰ ਕਹਿੰਦੇ ਨੇ ਪਰਉਪਕਾਰ। ਇਹ ਹੁੰਦਾ ਹੈ ਆਤਮ-ਬਲਿਦਾਨ। ਸਵੈਧਿਆਇ ਆਪਣੇ ਦੋਹਾਂ ਅਰਥਾਂ ਵਿੱਚ ਤੈਨੂੰ ਕਿਤਾਬ ਰਾਹੀਂ ਹਾਸਿਲ ਹੋਇਆ – ਅਧਿਐਨ ਦੇ ਰੂਪ ਵਿੱਚ ਅਤੇ ਆਤਮ-ਅਧਿਐਨ ਦੇ ਰੂਪ ਵਿੱਚ।
ਕਿਤਾਬ ਨੂੰ ਸੱਭਿਆਚਾਰ ਦੀ ਸਭ ਤੋਂ ਖ਼ੂਬਸੂਰਤ ਕਰਾਮਾਤ ਐਵੇਂ ਨਹੀਂ ਕਿਹਾ ਗਿਆ।
ਈ-ਮੇਲ: sharajesh@gmail.com