ਯੁੱਧ ਨਸ਼ਿਆਂ ਵਿਰੁੱਧ: ਮੋਗਾ ’ਚ ਪੁਲੀਸ ਦੀ ਤਲਾਸ਼ੀ ਮੁਹਿੰਮ
ਨਿੱਜੀ ਪੱਤਰ ਪ੍ਰੇਰਕ
ਮੋਗਾ, 22 ਮਾਰਚ
ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਮੋਗਾ ਵਿਚ ਵਿਸ਼ੇਸ਼ ਘੇਰਾਬੰਦੀ ਅਤੇ ਸਰਚ ਅਪਰੇਸ਼ਨ ਅਭਿਆਨ ਚਲਾਇਆ ਗਿਆ। ਇਸ ਮੁਹਿੰਮ ਤਹਿਤ ਅੱਜ ਏਡੀਜੀਪੀ (ਇੰਟਰਨਲ ਸਕਿਉਰਿਟੀ) ਪੰਜਾਬ ਸ਼ਿਵ ਕੁਮਾਰ ਵਰਮਾ ਅਤੇ ਐੱਸਐੱਸਪੀ ਅਜੈ ਗਾਂਧੀ ਦੀ ਯੋਗ ਅਗਵਾਈ ਵਿੱਚ ਸਵੇਰੇ 10 ਤੋਂ 2 ਵਜੇ ਤੱਕ ਜ਼ਿਲ੍ਹੇ ਦੇ ਨਸ਼ਾ ਪ੍ਰਭਾਵਿਤ ਖੇਤਰਾਂ ਅਤੇ ਹੋਰ ਸ਼ੱਕੀ ਸਥਾਨਾਂ ’ਤੇ ਤਲਾਸ਼ੀ ਮੁਹਿੰਮ ਚਲਾਈ ਗਈ। ਇਸ ਅਪਰੇਸ਼ਨ ਦੌਰਾਨ ਪੁਲੀਸ ਨੇ ਪਿੰਡ ਨੂਰਪੁਰ ਹਕੀਮਾਂ, ਪਿੰਡ ਬੁੱਕਣਵਾਲਾ, ਸਾਧਾਂ ਵਾਲੀ ਬਸਤੀ ਅਤੇ ਐੱਮਪੀ ਬਸਤੀ ਵਿੱਚ ਚੈਕਿੰਗ ਕੀਤੀ ਗਈ। ਇਸ ਦੌਰਾਨ ਸ਼ੱਕੀ ਵਿਅਕਤੀਆਂ ਦੇ ਘਰਾਂ ਅਤੇ ਉਨ੍ਹਾਂ ਦੇ ਸ਼ੱਕੀ ਟਿਕਾਣਿਆਂ ਤੇ ਤਲਾਸ਼ੀ ਅਭਿਆਨ ਚਲਾਇਆ ਗਿਆ। ਦੌਰਾਨ ਚੈਕਿੰਗ 140 ਨਸ਼ੀਲੀਆਂ ਗੋਲੀਆਂ ਅਤੇ 40 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ, ਜਿਸ ਸਬੰਧੀ ਅਗਲੇਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ। 85 ਸ਼ੱਕੀ ਵਿਅਕਤੀਆਂ ਪਾਸੋਂ ਪੁੱਛਗਿੱਛ ਕੀਤੀ ਗਈ ਅਤੇ 5 ਸ਼ੱਕੀ ਵਹੀਕਲ ਕਬਜ਼ ’ਚ ਲਏ ਗਏ। ਏਡੀਜੀਪੀ ਸ਼ਿਵ ਕੁਮਾਰ ਵਰਮਾ ਨੇ ਇਸ ਕਾਰਵਾਈ ਵਿਚ ਸ਼ਾਮਲ ਪੁਲੀ ਮੁਲਾਜ਼ਮਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਹ ਅਪਰੇਸ਼ਨ ਸ਼ਾਂਤੀ ਅਤੇ ਅਮਨ-ਕਾਨੂੰਨ ਦੀ ਵਿਵਸਥਾ ਬਣਾਈ ਰਖਣ ਲਈ ਸਾਡੀ ਵਚਨਬਧਤਾ ਨੂੰ ਦਰਸਾਉਂਦਾ ਹੈ। ਉਨ੍ਹਾਂ ਆਮ ਪਬਲਿਕ ਨੂੰ ਅਪੀਲ ਕੀਤੀ ਕਿ ਉਹ ਨਸ਼ਾ ਮੁਕਤ ਪੰਜਾਬ ਦੀ ਸਿਰਜਨਾ ਸਬੰਧੀ ਪੁਲਿਸ ਵਿਭਾਗ ਨੂੰ ਸਹਿਯੋਗ ਦੇਣ।