ਪਿਆਰੇਆਣਾ ਨੇੜੇ ਸੜਕ ਹਾਦਸੇ ਵਿੱਚ ਪਤੀ-ਪਤਨੀ ਦੀ ਮੌਤ
ਸੰਜੀਵ ਹਾਂਡਾ
ਫ਼ਿਰੋਜ਼ਪੁਰ, 25 ਮਾਰਚ
ਪਿੰਡ ਪਿਆਰੇਆਣਾ ਦੇ ਨਜ਼ਦੀਕ ਲੰਘੀ ਰਾਤ ਦੋ ਕਾਰਾਂ ਦੀ ਆਹਮੋ ਸਾਹਮਣੀ ਟੱਕਰ ਦੌਰਾਨ ਇੱਕ ਕਾਰ ਸਵਾਰ ਪਤੀ-ਪਤਨੀ ਦੀ ਮੌਕੇ ’ਤੇ ਹੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਛਾਉਣੀ ਵਾਸੀ ਭਾਰਤ ਭੂਸ਼ਣ ਉਰਫ਼ ਟਿੰਕੂ (40) ਅਤੇ ਉਸ ਦੀ ਪਤਨੀ ਸੋਨੀਆ (36) ਵਜੋਂ ਹੋਈ ਹੈ। ਟਿੰਕੂ ਛਾਉਣੀ ਵਿੱਚ ਜਰਨਲ ਸਟੋਰ ਚਲਾਉਂਦਾ ਸੀ ਤੇ ਲੰਘੀ ਰਾਤ ਉਹ ਆਪਣੀ ਪਤਨੀ ਨਾਲ ਲੁਧਿਆਣਾ ਤੋਂ ਵਾਪਸ ਆ ਰਿਹਾ ਸੀ। ਦੂਜੀ ਗੱਡੀ ਵਿਚ ਸਵਾਰ ਵਿਅਕਤੀ ਪਿੰਡ ਗੁਲਾਮੀ ਵਾਲਾ ਦਾ ਜਗਸੀਰ ਸਿੰਘ ਦੱਸਿਆ ਜਾ ਰਿਹਾ ਹੈ ਜਿਸ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਉਸ ਦਾ ਇਲਾਜ ਅੰਮ੍ਰਿਤਸਰ ਦੇ ਕਿਸੇ ਨਿੱਜੀ ਹਸਪਤਾਲ ਵਿਚ ਚੱਲ ਰਿਹਾ ਹੈ। ਟੱਕਰ ਏਨੀ ਭਿਆਨਕ ਸੀ ਕਿ ਦੋਵੇਂ ਕਾਰਾਂ ਹਾਦਸੇ ਤੋਂ ਬਾਅਦ ਸੜਕ ਤੋਂ ਕਾਫ਼ੀ ਦੂਰ ਜਾ ਕੇ ਡਿੱਗੀਆਂ ਤੇ ਚਕਨਾਚੂਰ ਹੋ ਗਈਆਂ। ਇਹ ਹਾਦਸਾ ਰਾਤ ਗਿਆਰਾਂ ਵਜੇ ਦੇ ਕਰੀਬ ਵਾਪਰਿਆ। ਹਾਦਸੇ ਦਾ ਕਾਰਟ ਅਜੇ ਤੱਕ ਪਤਾ ਨਹੀਂ ਚੱਲ ਸਕਿਆ। ਹਾਦਸੇ ਤੋਂ ਕੁਝ ਚਿਰ ਮਗਰੋਂ ਨਜ਼ਦੀਕੀ ਪਿੰਡ ਦੇ ਕੁਝ ਲੋਕਾਂ ਨੇ ਪੁਲੀਸ ਅਤੇ ਟਿੰਕੂ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਟਿੰਕੂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਉਸ ਦੀਆਂ ਤਿੰਨ ਬੇਟੀਆਂ ਤੇ ਇੱਕ ਬੇਟਾ ਹੈ। ਟਿੰਕੂ ਦੀ ਮੌਤ ਤੋਂ ਬਾਅਦ ਪਰਿਵਾਰ ਵਿਚ ਹੁਣ ਕਮਾਉਣ ਵਾਲਾ ਕੋਈ ਨਹੀਂ ਬਚਿਆ। ਘਰ ਵਿਚ ਉਸਦੀ ਬਜ਼ੁਰਗ ਮਾਂ ਦਾ ਅੱਜ ਰੋ-ਰੋ ਕੇ ਬੁਰਾ ਹਾਲ ਹੋ ਰਿਹਾ ਸੀ। ਇਸ ਜੋੜੇ ਦੀ ਮੌਤ ਤੋਂ ਬਾਅਦ ਛਾਉਣੀ ਵਿਚ ਸੋਗ ਦਾ ਮਾਹੌਲ ਬਣਿਆ ਹੋਇਆ ਹੈ।