ਗੁਜਰਾਤੀ ਬੀਜਾਂ ਨੂੰ ਰੋਕਣ ਲਈ ਸਖ਼ਤ ਹੋਏ ਅਧਿਕਾਰੀ
ਜੋਗਿੰਦਰ ਸਿੰਘ ਮਾਨ
ਮਾਨਸਾ, 28 ਮਾਰਚ
ਪੰਜਾਬ ਸਰਕਾਰ ਨੇ ਖੇਤੀ ਵਿਭਾਗ ਨੂੰ ਮਾਲਵਾ ਖੇਤਰ ਵਿੱਚ ਨਰਮੇ ਦੀ ਬਿਜਾਈ ਲਈ ਗੁਜਰਾਤ ਦੇ ਬੀਜਾਂ ਨੂੰ ਰੋਕਣ ਲਈ ਆਦੇਸ਼ ਜਾਰੀ ਕੀਤੇ ਹਨ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਲਵਾ ਖੇਤਰ ਨਾਲ ਜੁੜੇ ਜ਼ਿਲ੍ਹਿਆਂ ’ਚ ਗੁਜਰਾਤੀ ਬੀਜ ਨਾਲ ਲੰਬੇ ਸਮੇਂ ਤੋਂ ਕਿਸਾਨਾਂ ਦਾ ਵੱਡਾ ਨੁਕਸਾਨ ਹੋ ਰਿਹਾ ਹੈ ਪਰ ਕਿਸਾਨ ਗੁਜਰਾਤ ਤੋਂ ਬੀਜ ਲਿਆ ਕੇ ਆਪਣੇ ਖੇਤਾਂ ਵਿੱਚ ਲਗਾਤਾਰ ਬੀਜ ਰਹੇ ਹਨ, ਜਿਸ ਕਰਕੇ ਖੇਤੀ ਵਿਭਾਗ ਦੇ ਅੰਕੜੇ ਫੇਲ੍ਹ ਹੋ ਰਹੇ ਹਨ ਅਤੇ ਇਸ ਸਬੰਧੀ ਸਰਕਾਰ ਕੋਲ ਸ਼ਿਕਾਇਤਾਂ ਆ ਰਹੀਆਂ ਹਨ।
ਦੂਜੇ ਪਾਸੇ, ਪੰਜਾਬ ਸਰਕਾਰ ਦੇ ਹੁਕਮਾਂ ਮਗਰੋਂ ਮਾਨਸਾ ਸਣੇ ਬਰਨਾਲਾ, ਬਠਿੰਡਾ, ਮੁਕਤਸਰ, ਫ਼ਾਜ਼ਿਲਕਾ, ਫ਼ਰੀਦਕੋਟ, ਸੰਗਰੂਰ, ਮੋਗਾ ਜ਼ਿਲ੍ਹਿਆਂ ਵਿੱਚ ਖੇਤੀ ਅਧਿਕਾਰੀ ਗੁਜਰਾਤੀ ਬੀਜ ਦੀ ਵਿਕਰੀ ਰੋਕਣ ਲਈ ਮੀਟਿੰਗਾਂ ਕਰਨ ਲੱਗੇ ਹਨ। ਦਿਲਚਸਪ ਗੱਲ ਹੈ ਕਿ ਇਹ ਗੁਜਰਾਤੀ ਬੀਜ ਕਿਸਾਨਾਂ ਦੀ ਪਹਿਲੀ ਪਸੰਦ ਬਣੇ ਹੋਏ ਦੱਸੇ ਜਾਂਦੇ ਹਨ, ਜੋ ਨਾਮੀ ਕੰਪਨੀਆਂ ਤੋਂ ਭਾਅ ਵਿੱਚ ਵੀ ਸਸਤੇ ਮਿਲਦੇ ਦੱਸੇ ਜਾਂਦੇ ਹਨ।
ਉਧਰ, ਇੱਥੇ ਮੁੱਖ ਖੇਤੀਬਾੜੀ ਅਫ਼ਸਰ ਡਾ. ਹਰਪ੍ਰੀਤ ਪਾਲ ਕੌਰ ਵੱਲੋੋਂ ਬੀਜ ਮੁਹੱਈਆ ਕਰਵਾਉਣ ਲਈ ਬੀਜ ਕੰਪਨੀਆਂ ਦੇ ਨੁਮਾਇੰਦਿਆਂ ਨਾਲ ਮੀਟਿੰਗ ਕੀਤੀ ਗਈ। ਇਸ ਦੌਰਾਨ ਅਜੀਤ, ਰਾਸ਼ੀ, ਮਹੀਕੋ, ਨੁਜੀਵਿਡੂ, ਸੁਪਰਸੀਡ, ਰੈਲਿੰਸ ਅੰਕੁਰ ਕੰਪਨੀਆਂ ਦੇ ਨੁਮਾਇੰਦਿਆਂ ਤੋਂ ਇਲਾਵਾ ਵੱਖ-ਵੱਖ ਬਲਾਕਾਂ ਦੇ ਅਧਿਕਾਰੀ ਵੀ ਸ਼ਾਮਲ ਸਨ। ਇਸੇ ਦੌਰਾਨ ਬੀਜ ਕੰਪਨੀ ਦੇ ਨੁਮਾਇੰਦਿਆਂ ਵੱਲੋਂ ਦੱਸਿਆ ਗਿਆ ਕਿ ਕੁਆਲਟੀ ਦਾ ਬੀਜ ਭਰਪੂਰ ਮਾਤਰਾ ਵਿੱਚ ਉਪਲਬਧ ਹੈ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ’ਤੇ ਦੁਕਾਨਾਂ ਦੀ ਜਾਂਚ ਕੀਤੀ ਜਾਵੇ ਤਾਂ ਜੋ ਅਣ-ਅਧਿਕਾਰਤ ਨਰਮੇ ਦੇ ਬੀਜ (ਗੁਜਰਾਤੀ) ਮਾਨਸਾ ਜ਼ਿਲ੍ਹੇ ਵਿੱਚ ਨਾ ਵਿਕ ਸਕਣ।