ਨਸ਼ਿਆਂ ਦੇ ਖ਼ਾਤਮੇ ਲਈ ਲੱਗੇਗਾ ਐਂਟੀ ਡਰੋਨ ਸਿਸਟਮ: ਡੀਆਈਜੀ
ਪੱਤਰ ਪ੍ਰੇਰਕ
ਜਲਾਲਾਬਾਦ/ਅਬੋਹਰ, 25 ਮਾਰਚ
ਫ਼ਿਰੋਜ਼ਪੁਰ ਰੇਂਜ ਪੁਲੀਸ ਦੇ (ਡੀਆਈਜੀ) ਸਵਪਨ ਸ਼ਰਮਾ ਨੇ ਨਸ਼ਿਆਂ ਵਿਰੁੱਧ ਚੱਲ ਰਹੇ ਅਭਿਆਨ ਤਹਿਤ ਲੋਕਾਂ ਕੋਲੋਂ ਸਹਿਯੋਗ ਮੰਗਿਆ। ਇਸ ਸਬੰਧੀ ਅੱਜ ਪਿੰਡ ਗੁਮਾਨੀ ਵਾਲਾ ਵਿੱਚ ਵਿਸ਼ੇਸ਼ ਮੀਟਿੰਗ ਕਰ ਕੇ ਵਪਾਰ ਮੰਡਲ, ਉਦਯੋਗਪਤੀਆਂ, ਪਿੰਡ ਪੰਚਾਇਤਾਂ ਦੇ ਸਰਪੰਚਾਂ ਤੇ ਬਾਰ ਐਸੋਸੀਏਸ਼ਨ ਦੇ ਮੈਂਬਰਾਂ ਨਾਲ ਨਸ਼ਿਆਂ ਵਿਰੁੱਧ ਲੜਾਈ ਨੂੰ ਲੈ ਕੇ ਵਿਚਾਰ-ਵਟਾਂਦਰਾ ਕੀਤਾ। ਐੱਸਐੱਸਪੀ ਵਰਿੰਦਰ ਸਿੰਘ ਬਰਾੜ, ਐੱਸਪੀ ਪ੍ਰਦੀਪ ਸੰਧੂ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ। ਮੀਟਿੰਗ ਦੌਰਾਨ ਵਪਾਰ ਮੰਡਲ ਦੇ ਜ਼ਿਲ੍ਹਾ ਪ੍ਰਧਾਨ ਜਤਿੰਦਰ ਇੱਛਪੁਜਾਨੀ, ਸੁਰਿੰਦਰ ਪੁੰਛੀ, ਬੰਟੀ, ਬਾਰ ਐਸੋਸੀਏਸ਼ਨ ਦੇ ਪ੍ਰਧਾਨ ਅਸ਼ੋਕ ਕੰਬੋਜ ਅਤੇ ਹੋਰ ਪਤਵੰਤਿਆਂ ਨੇ ਡੀਆਈਜੀ ਸਵਪਨ ਸ਼ਰਮਾ ਨਾਲ ਨਸ਼ਿਆਂ ਦੇ ਪੂਰਨ ਉਨ੍ਹਾਂ ਦੇ ਨਵੀਨਤਮ ਯੋਜਨਾਵਾਂ ਉੱਤੇ ਵਿਚਾਰ-ਵਟਾਂਦਰਾ ਕੀਤਾ। ਉਨ੍ਹਾਂ ਨੇ ਕਿਹਾ ਕਿ ਨਸ਼ਾ ਦੇ ਖ਼ਾਤਮੇ ਲਈ ਲੋਕਾਂ ਦਾ ਸਹਿਯੋਗ ਬਹੁਤ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਦੇ ਖਾਤਮੇ ਲਈ ਐਂਟੀ ਡਰੋਨ ਸਿਸਟਮ ਲਾਇਆ ਜਾਵੇਗਾ। ਡੀਆਈਜੀ ਸ਼ਰਮਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਵਿਰੁੱਧ ਚੱਲ ਰਹੇ ਅਭਿਆਨ ਵਿੱਚ ਸਰਗਰਮ ਹਿੱਸਾ ਲੈਣ। ਇਸੇ ਦੌਰਾਨ ਡੀਆਈਜੀ ਫਿਰੋਜ਼ਪੁਰ ਰੇਂਜ ਸਵਪਨ ਸ਼ਰਮਾ ਵੱਲੋਂ ਅੱਜ ਅਬੋਹਰ ਦਾ ਦੌਰਾ ਕੀਤਾ ਗਿਆ। ਇਸ ਦੌਰਾਨ ਉਨ੍ਹਾਂ ਥਾਣਾ ਸਦਰ ਦਾ ਨਿਰੀਖਣ ਕੀਤਾ ਅਤੇ ਸਟਾਫ ਨਾਲ ਮੀਟਿੰਗ ਕਰਕੇ ਵਿਭਾਗ ਦੇ ਕੰਮਕਜ ਦੀ ਸਮੀਖਿਆ ਕੀਤੀ। ਇਸ ਮੌਕੇ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਵਿਸ਼ੇਸ਼ ਤੌਰ ’ਤੇ ਹਾਜ਼ਰ ਸਨ।