Waqf Amendment Bill: ਵਕਫ਼ ਸੋਧ ਬਿੱਲ ਨੂੰ ਸੁਪਰੀਮ ਕੋਰਟ ਵਿਚ ਜਲਦੀ ਚੁਣੌਤੀ ਦੇਵਾਂਗੇ: ਕਾਂਗਰਸ
ਟ੍ਰਿਬਿਊਨ ਨਿਊਜ਼ ਸਰਵਿਸ
ਨਵੀਂ ਦਿੱਲੀ, 4 ਅਪਰੈਲ
Waqf Amendment Bill ਕਾਂਗਰਸ ਨੇ ਅੱਜ ਕਿਹਾ ਕਿ ਉਹ ਵਕਫ਼ ਸੋਧ ਬਿੱਲ 2025 ਨੂੰ ਜਲਦੀ ਸੁਪਰੀਮ ਕੋਰਟ ਵਿਚ ਚੁਣੌਤੀ ਦੇਵੇਗੀ।
ਪਾਰਟੀ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ ਐਕਸ ’ਤੇ ਇਕ ਪੋਸਟ ਵਿਚ ਪਾਰਟੀ ਵੱਲੋਂ ਪਹਿਲੇ ਵੀ ਕਈ ਵਿਵਾਦਿਤ ਮੁੱਦਿਆਂ ਨੂੰ ਕੋਰਟ ਵਿਚ ਚੁਣੌਤੀ ਦੇਣ ਦੀ ਗੱਲ ਚੇਤੇ ਕਰਵਾਈ ਤੇ ਕਿਹਾ ਕਿ ਉਹ ਸਾਰੇ ਮਾਮਲੇ ਵੀ ਸੁਪਰੀਮ ਕੋਰਟ ਵਿਚ ਵਿਚਾਰਧੀਨ ਹਨ।
ਉਨ੍ਹਾਂ ਲਿਖਿਆ, ‘‘ਇੰਡੀਅਨ ਨੈਸ਼ਨਲ ਕਾਂਗਰਸ (INC) ਵੱਲੋਂ ਨਾਗਰਿਕਤਾ ਸੋਧ ਐਕਟ (CAA), 2019 ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦਿੱਤੀ ਗਈ ਹੈ ਤੇ ਇਹ ਮਾਮਲਾ ਸੁਣਵਾਈ ਅਧੀਨ ਹੈ। ਸੂਚਨਾ ਦਾ ਅਧਿਕਾਰ ਐਕਟ 2005 ਵਿਚ ਕੀਤੇ ਗਏ 2019 ਦੀਆਂ ਸੋਧਾਂ ਨੂੰ ਵੀ ਕਾਂਗਰਸ ਨੇ ਕੋਰਟ ਵਿਚ ਚੁਣੌਤੀ ਦਿੱਤੀ ਹੈ। ਇਸੇ ਤਰ੍ਹਾਂ 2024 ਵਿਚ ਚੋਣ ਨੇਮਾਂ ਵਿਚ ਕੀਤੀਆਂ ਗਈਆਂ ਸੋਧਾਂ ਦੀ ਵੈਧਤਾ ਨੂੰ ਲੈ ਕੇ ਵੀ INC ਸੁਪਰੀਮ ਕੋਰਟ ਵਿਚ ਕੇਸ ਲੜ ਰਹੀ ਹੈ।’’
ਉਨ੍ਹਾਂ ਲਿਖਿਆ, ‘‘1991 ਦੇ ਪੂਜਾ ਅਸਥਾਨ ਐਕਟ ਦੇ ਅਸਲ ਆਸੇ ਨੂੰ ਕਾਇਮ ਰੱਖਣ ਲਈ ਕਾਂਗਰਸ ਨੇ ਸੁਪਰੀਮ ਕੋਰਟ ਦਾ ਦਰ ਖੜਕਾਇਆ ਹੈ। ਹੁਣ ਬਹੁਤ ਜਲਦੀ ਪਾਰਟੀ ਵਕਫ਼ ਸੋਧ ਬਿੱਲ 2025 ਦੀ ਸੰਵਿਧਾਨਕ ਵੈਧਤਾ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣ ਜਾ ਰਹੀ ਹੈ।’’
ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਨਿਆਂਪਾਲਿਕਾ ਵਿਚ ਪੂਰਾ ਵਿਸ਼ਵਾਸ ਹੈ ਤੇ ਪਾਰਟੀ ਸੰਵਿਧਾਨ ਵਿਚ ਦਰਜ ਸਿਧਾਂਤਾਂ, ਵਿਵਸਥਾਵਾਂ ਤੇ ਰਵਾਇਤਾਂ ਉੱਤੇ ਨਰਿੰਦਰ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਹਮਲਿਆਂ ਦਾ ਡਟ ਕੇ ਵਿਰੋਧ ਕਰਦੀ ਰਹੇਗੀ।