ਨਸ਼ਿਆਂ ਖ਼ਿਲਾਫ਼ ਇਕਜੁੱਟ ਹੋਏ ਪਿੰਡਾਂ ਦੇ ਲੋਕ
ਜੋਗਿੰਦਰ ਸਿੰਘ ਮਾਨ
ਮਾਨਸਾ, 25 ਅਗਸਤ
ਮਾਨਸਾ ਦੇ ਥਾਣਾ ਸਿਟੀ-2 ਸਾਹਮਣੇ ਨਸ਼ਿਆਂ ਦੇ ਮੁਕੰਮਲ ਖਾਤਮੇ ਅਤੇ ਨੌਜਵਾਨ ਪਰਵਿੰਦਰ ਸਿੰਘ ਝੋਟਾ ਦੀ ਰਿਹਾਈ ਨੂੰ ਲੈ ਕੇ ਲੱਗੇ ਪੱਕੇ ਮੋਰਚੇ ਉਪਰ ਅੱਜ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਦੀ ਅਗਵਾਈ ’ਚ ਐਂਟੀ ਡਰੱਗ ਟਾਸਕ ਫੋਰਸ ਦੇ ਸੱਦੇ ’ਤੇ ਨੌਜਵਾਨ ਭਾਰੀ ਗਿਣਤੀ ਵਿਚ ਧਰਨੇ ’ਤੇ ਪਹੁੰਚੇ। ਸ਼ਹਿਰ ਵਿੱਚ ਪੰਜਾਬ ਸਰਕਾਰ, ਪੁਲੀਸ ਪ੍ਰਸ਼ਾਸਨ ਅਤੇ ਨਸ਼ੇ ਦੇ ਕਾਰੋਬਾਰੀਆਂ ਖਿਲਾਫ਼ ਇੱਕ ਜੋਸ਼ੀਲਾ ਮੁਜ਼ਾਹਰਾ ਕਰਨ ਤੋਂ ਬਾਅਦ ਮਾਨਸਾ ਦੇ ਵਿਧਾਇਕ ਡਾ.ਵਿਜੈ ਸਿੰਗਲਾ ਦੇ ਘਰ ਅੱਗੇ ਪਹੁੰਚੇ। ਮੁਜ਼ਾਹਰਕਾਰੀਆਂ ਨੇ ’ਆਪ’ ਸੁਪਰੀਮੋ ਕੇਜਰੀਵਾਲ, ਰਾਜ ਸਭਾ ਮੈਂਬਰ ਰਾਘਵ ਚੱਢਾ,ਮੁੱਖ ਮੰਤਰੀ ਭਗਵੰਤ ਮਾਨ ਅਤੇ ਜ਼ਿਲ੍ਹਾ ਮਾਨਸਾ ਦੇ ਸੱਤਾਧਾਰੀ ਪਾਰਟੀ ਦੇ ਤਿੰਨ ਵਿਧਾਇਕਾਂ ਦੀਆਂ ਅਰਥੀਆਂ ਸਾੜੀਆਂ ਗਈਆਂ। ਵਿਖਾਵਾਕਾਰੀਆਂ ਨੇ ਵਿਧਾਇਕ ਡਾ. ਵਿਜੈ ਸਿੰਗਲਾ ਨੂੰ ਪੰਜਾਬ ਸਰਕਾਰ ਦੇ ਵਾਅਦੇ-ਦਾਅਵੇ ਚੇਤੇ ਕਰਵਾਉਂਦਿਆਂ ਚਿਤਾਵਨੀ ਪੱਤਰ ਵੀ ਸੌਂਪਿਆ,ਜਿਸ ਵਿ ਚ ਪਰਵਿੰਦਰ ਝੋਟੇ ਦੀ ਬਿਨਾਂ ਸ਼ਰਤ ਰਿਹਾਈ ਸਮੇਤ ਨਸ਼ਾ ਵਿਰੋਧੀ ਸੰਘਰਸ਼ ਦੀਆਂ ਸਾਰੀਆਂ ਮੰਗਾਂ ਦਰਜ ਸਨ। ਇਸ ਪੱਤਰ ਵਿਚ ਇਹ ਵੀ ਦਰਜ ਸੀ ਕਿ ਅਗਰ ਵਿਧਾਇਕਾਂ ਨੇ ਸਰਕਾਰ ਉਤੇ ਆਪਣਾ ਦਬਾਅ ਤੇ ਰਸੂਖ ਵਰਤਕੇ 31 ਅਗਸਤ ਤੱਕ ਮੰਗਾਂ ਨੂੰ ਪੂਰਾ ਨਾ ਕਰਵਾਇਆ ਤਾਂ ਉਸ ਤੋਂ ਬਾਅਦ ਉਨ੍ਹਾਂ ਦੀ ਰਿਹਾਇਸ਼ ਸਾਹਮਣੇ ਪੱਕੇ ਧਰਨੇ ਲਾਏ ਜਾਣਗੇ। ਵਿਧਾਇਕ ਨੇ ਇੱਕਠ ਵਿੱਚ ਆ ਕੇ ਚਿਤਾਵਨੀ ਪੱਤਰ ਲੈਂਦਿਆਂ ਭਰੋਸਾ ਦਿਵਾਇਆ ਕਿ ਉਹ ਜਲਦੀ ਹੀ ਨਸ਼ਾ ਵਿਰੋਧੀ ਐਕਸ਼ਨ ਕਮੇਟੀ ਦੀਆਂ ਮੰਗਾਂ ਪੂਰੀਆਂ ਕਰਵਾਉਣ ਲਈ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਨੂੰ ਮਿਲਣਗੇ ਅਤੇ ਜੇਕਰ ਉਹ ਇਸ ਕਾਰਜ ਵਿਚ ਸਫ਼ਲ ਨਾ ਹੋਏ ਤਾਂ ਉਨ੍ਹਾਂ ਨੂੰ ਆਪਣੇ ਹਲਕੇ ਦੇ ਲੋਕਾਂ ਨਾਲ ਧਰਨੇ ’ਤੇ ਬੈਠਣ ਵਿਚ ਵੀ ਕੋਈ ਝਿਜਕ ਨਹੀਂ ਹੋਵੇਗੀ।
ਭਗਤਾ ਭਾਈ (ਰਾਜਿੰਦਰ ਸਿੰਘ ਮਰਾਹੜ): ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਨਸ਼ਿਆਂ ਦੇ ਕੋਹੜ ਲਈ ਜ਼ਿੰਮੇਵਾਰ ਤਾਕਤਾਂ ਖਿਲਾਫ ਵਿੱਢੀ ਮੁਹਿੰਮ ਤਹਿਤ 6 ਸਤੰਬਰ ਨੂੰ ਪੰਜਾਬ ਤੇ ਕੇਂਦਰ ਸਰਕਾਰ ਵਿਰੁੱਧ ਕੀਤੇ ਜਾ ਰਹੇ ਜ਼ਿਲ੍ਹਾ ਪੱਧਰੀ ਮੁਜ਼ਾਹਰਿਆਂ ਦੀ ਤਿਆਰੀ ਲਈ ਪਿੰਡ ਭੋਡੀਪੁਰਾ ਅਤੇ ਭਗਤਾ ਭਾਈ ਵਿੱਚ ਵੱਡੇ ਇਕੱਠ ਕੀਤੇ ਗਏ। ਔਰਤਾਂ ਨੇ ਵੱਡੀ ਗਿਣਤੀ ਵਿਚ ਹਾਜ਼ਰੀ ਭਰੀ। ਇਸ ਮੌਕੇ ਨਾਟਕਕਾਰ ਇਕੱਤਰ ਸਿੰਘ ਦੀ ਟੀਮ ਵੱਲੋਂ ‘ਛੇਵਾਂ ਦਰਿਆ’ ਨਾਟਕ ਖੇਡਿਆ ਗਿਆ। ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਤੇ ਔਰਤ ਵਿੰਗ ਦੀ ਆਗੂ ਮਾਲਣ ਕੌਰ ਨੇ ਕਿਹਾ ਕਿ ਨਸ਼ਿਆਂ ਦੇ ਕੋਹੜ ਦੀਆਂ ਜ਼ਿੰਮੇਵਾਰ ਤਾਕਤਾਂ ’ਚ ਕਾਰਪੋਰੇਟ ਉਤਪਾਦਕ ਕੰਪਨੀਆਂ, ਥੋਕ ਨਸ਼ਾ ਵਪਾਰੀ ਅਤੇ ਉਨ੍ਹਾਂ ’ਤੇ ਸੁਰੱਖਿਆ ਛਤਰੀ ਤਾਨਣ ਵਾਲੇ ਪੁਲੀਸ, ਪ੍ਰਸ਼ਾਸਨਿਕ ਅਧਿਕਾਰੀ ਤੇ ਸਿਆਸੀ ਆਗੂ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਮੁਜ਼ਾਹਰਿਆਂ ਦੀ ਤਿਆਰੀ ਮੁਹਿੰਮ ਲਈ ਪਿੰਡ ਪਿੰਡ ਜਨਤਕ ਮੀਟਿੰਗਾਂ, ਰੈਲੀਆਂ ਤੇ ਝੰਡਾ ਮਾਰਚ ਕੀਤੇ ਜਾ ਰਹੇ ਹਨ।
ਚੱਕ ਰਾਮ ਸਿੰਘ ਵਾਲਾ ਵਾਸੀਆਂ ਵੱਲੋਂ ਨਸ਼ਾ ਵਿਰੋਧੀ ਕਮੇਟੀ ਕਾਇਮ
ਭੁੱਚੋ ਮੰਡੀ (ਪਵਨ ਗੋਇਲ): ਨਸ਼ਿਆਂ ਕਾਰਨ ਪਰਿਵਾਰਾਂ ਦੀ ਹੋਈ ਭਾਰੀ ਬਰਬਾਦੀ ਤੋਂ ਅੱਕੇ ਲੋਕ ਹੁਣ ਨਸ਼ਿਆਂ ਖ਼ਿਲਾਫ਼ ਇਕਜੁੱਟ ਹੋ ਗਏ ਹਨ। ਨਸ਼ਿਆਂ ਦੇ ਖ਼ਾਤਮੇ ਲਈ ਪਿੰਡਾਂ ਅਤੇ ਸ਼ਹਿਰਾਂ ਵਿੱਚ ਨਸ਼ਾ ਵਿਰੋਧੀ ਕਮੇਟੀਆਂ ਬਣ ਰਹੀਆਂ ਹਨ ਅਤੇ ਪੁਲੀਸ ਵੀ ਕਮੇਟੀਆਂ ਨੂੰ ਭਰਵਾਂ ਸਹਿਯੋਗ ਦੇਣ ਦੇ ਠੋਕਵੇਂ ਵਾਅਦੇ ਕਰਦੀ ਨਜ਼ਰ ਆਈ ਹੈ। ਪਿੰਡ ਚੱਕ ਰਾਮ ਸਿੰਘ ਵਾਲਾ ਦੇ ਵਾਸੀਆਂ ਨੇ ਮਾਈ ਵੀਰੋ ਭਾਈ ਭਗਤੂ ਗੁਰਦੁਆਰੇ ਵਿੱਚ ਵੱਡਾ ਇਕੱਠ ਕੀਤਾ। ਇਸ ਵਿੱਚ ਸ਼ਹੀਦ ਭਗਤ ਸਿੰਘ ਕਲੱਬ ਦੇ ਪ੍ਰਧਾਨ ਜਸਵਿੰਦਰ ਸਿੰਘ ਸਿੱਧੂ, ਟੂਰਨਾਮੈਂਟ ਕਮੇਟੀ ਦੇ ਪ੍ਰਧਾਨ ਜੋਗਿੰਦਰ ਸਿੰਘ ਤੇ ਖਜ਼ਾਨਚੀ ਖੁਸ਼ਪ੍ਰੀਤ ਸਿੰਘ, ਸਰਪੰਚ ਸਰਬਜੀਤ ਸਿੰਘ, ਸਾਬਕਾ ਸਰਪੰਚ ਕੇਹਰ ਸਿੰਘ, ਪੰਚ ਨਿਰਮਲ ਸਿੰਘ, ਸੀਨੀਅਰ ਅਕਾਲੀ ਆਗੂ ਪ੍ਰਦੀਪ ਗਰੇਵਾਲ ਅਤੇ ਵੱਡੀ ਗਿਣਤੀ ਵਿੱਚ ਨੌਜਵਾਨ, ਸੂਝਵਾਨ ਪਤਵੰਤੇ ਅਤੇ ਔਰਤਾਂ ਸ਼ਾਮਲ ਹੋਈਆਂ। ਇਸ ਮੌਕੇ ਪਿੰਡ ਵਾਸੀਆਂ ਨੇ ਪੰਚ ਪਲਵਿੰਦਰ ਸਿੰਘ ਨੂੰ ਨਸ਼ਾ ਵਿਰੋਧੀ ਕਮੇਟੀ ਦਾ ਪ੍ਰਧਾਨ ਨਿਯੁਕਤ ਕੀਤਾ। ਇਸ ਮੌਕੇ ਚੌਕੀ ਇੰਚਾਰਜ ਗੁਰਮੇਜ ਸਿੰਘ ਨੇ ਪਿੰਡ ਵਾਸੀਆਂ ਨੂੰ ਭਰਵੇਂ ਸਹਿਯੋਗ ਦਾ ਵਾਅਦਾ ਕੀਤਾ। ਇਸ ਮੌਕੇ ਪਿੰਡ ਵਾਸੀਆਂ ਨੇ ਸੱਚੇ ਦਿਲੋਂ ਨਸ਼ਿਆਂ ਖ਼ਿਲਾਫ਼ ਡਟਣ ਦੇ ਅਹਿਦ ਵਜੋਂ ਅਰਦਾਸ ਕਰਵਾਈ ਗਈ। ਇਸ ਮੌਕੇ ਨਸ਼ਿਆਂ ਕਾਰਨ ਵਿਧਵਾ ਹੋਈਆਂ ਕੁੱਝ ਔਰਤਾਂ ਨੇ ਕਿਹਾ ਕਿ ਨਸ਼ਿਆਂ ਨੇ ਉਨ੍ਹਾਂ ਦੇ ਸੁਹਾਗ ਉਜਾੜ ਦਿੱਤੇ ਹਨ। ਇੱਕ ਔਰਤ ਨੇ ਕਿਹਾ ਕਿ ਉਸ ਦਾ ਇੱਕ ਪੁੱਤ ਨਸ਼ਿਆਂ ਕਾਰਨ ਮਰ ਚੁੱਕਾ ਹੈ ਅਤੇ ਦੂਜਾ ਵੀ ਇਸ ਦਲਦਲ ਵਿੱਚ ਫਸਿਆ ਹੋਇਆ ਹੈ। ਔਰਤਾਂ ਅਨੁਸਾਰ ਪਿੰਡ ਵਿੱਚ 60 ਤੋਂ ਵੱਧ ਨੌਜਵਾਨ ਨਸ਼ੇ ਵਿੱਚ ਡੁੱਬੇ ਹੋਏ ਹਨ। ਪਿੰਡ ਵਾਸੀਆਂ ਨੇ ਦੋਸ਼ ਲਗਾਇਆ ਕਿ ਪਿੰਡ ਚੱਕ ਫ਼ਤਹਿ ਸਿੰਘ ਵਾਲਾ ਵਿੱਚ ਭਾਰੀ ਨਸ਼ਾ ਵਿਕ ਰਿਹਾ ਹੈ, ਜਿਸ ਦੀ ਪੁਸ਼ਟੀ ਨਸ਼ਾ ਛੱਡ ਚੁੱਕੇ ਨੌਜਵਾਨਾਂ ਨੇ ਕੀਤੀ। ਪਿੰਡ ਵਾਸੀਆਂ ਨੇ ਪੁਲੀਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਪਿੰਡਾਂ ਵਿੱਚ ਨਸ਼ੇ ਵੇਚ ਰਹੇ ਤਸਕਰਾਂ ਨੂੰ ਜਲਦੀ ਕਾਬੂ ਕੀਤਾ ਜਾਵੇ।