ਟਰੈਕਟਰ ਨਾਲ ਕਾਰ ਟਕਰਾਈ; ਔਰਤ ਦੀ ਮੌਤ
ਜੋਗਿੰਦਰ ਸਿੰਘ ਮਾਨ
ਭੀਖੀ (ਮਾਨਸਾ), 16 ਜੂਨ
ਮਾਨਸਾ-ਪਟਿਆਲਾ ਮੁੱਖ ਰੋਡ ’ਤੇ ਰਿਲਾਇੰਸ ਪੰਪ ਦੇ ਸਾਹਮਣੇ ਖੜ੍ਹੇ ਇੱਕ ਟਰੈਕਟਰ ਨਾਲ ਇੱਕ ਆਲਟੋ ਕਾਰ ਟਕਰਾ ਗਈ। ਇਸ ਹਾਦਸੇ ਵਿੱਚ ਘੁੱਦਾ ਪਿੰਡ ਦੀ ਅਮਰਜੀਤ ਕੌਰ ਦੀ ਮੌਤ ਹੋ ਗਈ। ਕਾਰ ਵਿੱਚ ਸਵਾਰ ਦਵਿੰਦਰ ਸਿੰਘ ਅਤੇ ਸੁਖਵੀਰ ਸਿੰਘ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਮਾਨਸਾ ਸਿਵਲ ਹਸਪਤਾਲ ਲਿਜਾਇਆ ਗਿਆ। ਉਨ੍ਹਾਂ ਦੀ ਹਾਲਤ ਨਾਜ਼ੁਕ ਹੋਣ ’ਤੇ ਡਾਕਟਰਾਂ ਨੇ ਉਨ੍ਹਾਂ ਨੂੰ ਬਾਹਰੀ ਹਸਪਤਾਲ ਰੈਫ਼ਰ ਕਰ ਦਿੱਤਾ ਹੈ।
ਥਾਣਾ ਭੀਖੀ ਦੇ ਐੱਸਐੱਚਓ ਜਸਪਾਲ ਸਿੰਘ ਨੇ ਦੱਸਿਆ ਕਿ ਟਰੈਕਟਰ ਟਾਈਲਾਂ ਅਤੇ ਇੱਟਾਂ ਨਾਲ ਲੱਦਿਆ ਹੋਇਆ ਸੀ ਅਤੇ ਇਹ ਸੜਕ ਦੇ ਕਿਨਾਰੇ ਖੜ੍ਹਾ ਸੀ, ਜਿਸ ਨਾਲ ਇਹ ਕਾਰ ਟਕਰਾ ਗਈ। ਇਸ ਹਾਦਸੇ ਦੌਰਾਨ ਇੱਕ ਔਰਤ ਦੀ ਮੌਤ ਹੋ ਗਈ ਹੈ। ਹਾਦਸੇ ਤੋਂ ਬਾਅਦ ਅਮਰਜੀਤ ਕੌਰ ਕਾਫ਼ੀ ਦੇਰ ਤੱਕ ਦਰਦ ਨਾਲ ਤੜਫਦੀ ਪਈ ਰਹੀ। ਮੌਕੇ ’ਤੇੇ ਮੌਜੂਦ ਲੋਕਾਂ ਨੇ ਦੱਸਿਆ ਕਿ ਸਰਕਾਰੀ ਐਂਬੂਲੈਂਸ ਨੂੰ ਕਈ ਵਾਰ ਬੁਲਾਇਆ ਗਿਆ ਸੀ, ਪਰ ਐਂਬੂਲੈਂਸ ਦੇਰ ਨਾਲ ਪਹੁੰਚੀ।
ਇਸ ਤੋਂ ਬਾਅਦ ਜ਼ਖਮੀਆਂ ਨੂੰ ਭੀਖੀ ਤੋਂ ਇੱਕ ਨਿੱਜੀ ਐਂਬੂਲੈਂਸ ਵਿੱਚ ਮਾਨਸਾ ਦੇ ਸਿਵਲ ਹਸਪਤਾਲ ਲਿਜਾਇਆ ਗਿਆ। ਲੋਕਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰੀ ਐਂਬੂਲੈਂਸ ਸਮੇਂ-ਸਿਰ ਪਹੁੰਚ ਜਾਂਦੀ ਤਾਂ ਅਮਰਜੀਤ ਕੌਰ ਦੀ ਜਾਨ ਬਚਾਈ ਜਾ ਸਕਦੀ ਸੀ।