ਸਟੱਡੀ ਵੀਜ਼ਾ ਦੇ ਨਾਂ ’ਤੇ ਧੋਖਾਧੜੀ
ਪੱਤਰ ਪ੍ਰੇਰਕ
ਏਲਨਾਬਾਦ, 16 ਜੂਨ
ਪਿੰਡ ਤਲਵਾੜਾ ਖੁਰਦ ਵਾਸੀ ਵਿਕਾਸ ਕੁਮਾਰ ਪੁੱਤਰ ਰਾਜ ਕੁਮਾਰ ਨਾਲ ਚੰਡੀਗੜ੍ਹ ਦੀ ਇੱਕ ਕੰਪਨੀ ਵੱਲੋਂ ਸਟੱਡੀ ਵੀਜ਼ਾ ਦਿਵਾਉਣ ਦੇ ਨਾਮ ’ਤੇ ਕਰੀਬ ਚਾਰ ਲੱਖ ਰੁਪਏ ਦੀ ਧੋਖਾਧੜੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੀੜਤ ਨੇ ਕੰਪਨੀ ਵਿਰੁੱਧ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਵਿਕਾਸ ਕੁਮਾਰ ਨੇ ਦੱਸਿਆ ਕਿ ਉਸਦੇ ਦੋਸਤ ਅਮਨ ਰੰਧਾਵਾ ਨੇ ਉਸਨੂੰ ਮਨਿੰਦਰ ਕੌਰ ਅਤੇ ਰੂਪ ਮਲਹੋਤਰਾ ਨਾਲ ਮਿਲਾਇਆ ਜਿਨ੍ਹਾਂ ਦਾ ਕੌਸ਼ਲ ਐਬਰੌਡ ਕੰਸਲਟੈਂਟ ਚੰਡੀਗੜ੍ਹ ਨਾਮ ’ਤੇ ਚੰਡੀਗੜ੍ਹ ਵਿੱਚ ਦਫ਼ਤਰ ਹੈ। ਗੱਲਬਾਤ ਤੈਅ ਹੋਣ ਤੋਂ ਬਾਅਦ ਉਸਨੇ 13 ਨਵੰਬਰ 2024 ਨੂੰ ਏਜੰਟ ਮਨਿੰਦਰ ਕੌਰ ਪਤਨੀ ਰਾਹੁਲ (ਰਿਸ਼ਵ) ਅਤੇ ਰੂਪ ਮਲਹੋਤਰਾ ਨੂੰ ਫੋਨ ਪੇਅ ਰਾਹੀਂ 8000 ਰੁਪਏ ਭੇਜੇ ਅਤੇ ਫਿਰ 26 ਦਸੰਬਰ 2024 ਨੂੰ ਫੋਨ ਪੇਅ ਰਾਹੀਂ 45000 ਰੁਪਏ ਫਾਈਲ ਪ੍ਰੋਸੈਸਿੰਗ ਫੀਸ ਵਜੋਂ ਦਿੱਤੇ।
ਪੀੜਤ ਨੇ ਦੱਸਿਆ ਕਿ 3 ਦਸੰਬਰ 2024 ਨੂੰ ਉਸਨੇ ਉਪਰੋਕਤ ਲੋਕਾਂ ਦੇ ਕਹਿਣ ’ਤੇ ਆਕਸਫੋਰਡੀਅਨ ਕਾਲਜ ਦੇ ਖਾਤੇ ਵਿੱਚ 354250 ਰੁਪਏ ਜਮ੍ਹਾਂ ਕਰਵਾਏ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੂੰ ਕਿਹਾ ਗਿਆ ਸੀ ਕਿ ਵੀਜ਼ਾ ਇੱਕ ਮਹੀਨੇ ਵਿੱਚ ਆ ਜਾਵੇਗਾ ਪਰ ਜਦੋਂ 3 ਮਹੀਨੇ ਇੰਤਜ਼ਾਰ ਤੋਂ ਬਾਅਦ ਵੀ ਵੀਜ਼ਾ ਨਾ ਆਇਆ ਤਾਂ ਉਸਨੂੰ ਇਨ੍ਹਾਂ ਲੋਕਾਂ ’ਤੇ ਧੋਖਾਧੜੀ ਕਰਨ ਦਾ ਸ਼ੱਕ ਹੋਣ ਲੱਗਾ। ਇਸ ਲਈ ਉਸਨੇ 5 ਮਾਰਚ 2025 ਨੂੰ ਦੂਤਾਵਾਸ ਤੋਂ ਆਪਣੀ ਫਾਈਲ ਵਾਪਸ ਲੈ ਲਈ।
ਕਾਲਜ ਵੱਲੋਂ ਵੀ ਫ਼ੀਸ ਵਾਪਸ ਕਰਨ ਲਈ 8 ਹਫ਼ਤਿਆਂ ਦਾ ਸਮਾਂ ਸੀ ਪਰ ਅਜੇ ਤੱਕ ਕੋਈ ਫ਼ੀਸ ਵਾਪਸ ਨਹੀਂ ਮਿਲੀ ਹੈ। ਕਾਲਜ ਸਟਾਫ਼ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਵੀਜ਼ਾ ਆਉਣ ਤੋਂ ਪਹਿਲਾਂ ਕਿਸੇ ਵੀ ਵਿਦਿਆਰਥੀ ਤੋਂ ਫ਼ੀਸ ਨਹੀਂ ਲੈਂਦੇ। ਪੀੜਤ ਨੇ ਦੱਸ਼ ਲਾਇਆ ਕਿ ਏਜੰਟ ਮਨਿੰਦਰ ਕੌਰ ਪਤਨੀ ਰਾਹੁਲ (ਰਿਸ਼ਵ) ਅਤੇ ਰੂਪ ਮਲਹੋਤਰਾ ਨੇ ਮਿਲ ਕੇ ਉਸ ਨਾਲ ਕਰੀਬ 4 ਲੱਖ ਰੁਪਏ ਦੀ ਠੱਗੀ ਮਾਰੀ ਹੈ। ਪੀੜਤ ਨੇ ਉਪਰੋਕਤ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਅਤੇ ਉਸਦੇ ਪੈਸੇ ਵਾਪਸ ਦਿਵਾਉਣ ਦੀ ਮੰਗ ਕੀਤੀ ਹੈ। ਪੁਲੀਸ ਨੇ ਸ਼ਿਕਾਇਤ ਦੇ ਆਧਾਰ ’ਤੇ ਧਾਰਾ 318 (4) ਤਹਿਤ ਕੇਸ ਦਰਜ ਕੀਤਾ ਹੈ।