ਵਿੱਜ ਵੱਲੋਂ ਨੱਗਲ ’ਚ ਬਣ ਰਹੇ ਐੱਨਸੀਡੀਸੀ ਦਾ ਜਾਇਜ਼ਾ
ਸਰਬਜੀਤ ਸਿੰਘ ਭੱਟੀ
ਅੰਬਾਲਾ, 16 ਮਾਰਚ
ਊਰਜਾ, ਟਰਾਂਸਪੋਰਟ ਤੇ ਕਿਰਤ ਮੰਤਰੀ ਅਨਿਲ ਵਿੱਜ ਨੇ ਅੱਜ ਦੁਪਹਿਰ ਅੰਬਾਲਾ ਛਾਉਣੀ ਦੇ ਨੱਗਲ ਵਿੱਚ ਬਣ ਰਹੇ ਐੱਨਸੀਡੀਸੀ ਦਾ ਨਿਰੀਖਣ ਕੀਤਾ। ਉਨ੍ਹਾਂ ਦੱਸਿਆ ਕਿ ਇੱਥੇ ਰੋਗਾਂ ਦੀ ਟੈਸਟਿੰਗ ਦੀ ਸਹੂਲਤ ਹੋਣ ਦੇ ਨਾਲ-ਨਾਲ ਰੋਗਾਂ ਉੱਤੇ ਰਿਸਰਚ ਵੀ ਹੋਵੇਗੀ, ਜਿਸ ਨਾਲ ਦੇਸ਼ ਤੇ ਵਿਦੇਸ਼ ਨੂੰ ਲਾਭ ਹੋਵੇਗਾ।
ਉਨ੍ਹਾਂ ਕਿਹਾ ਕਿ ਲੈਬ ਬਣਾਉਣ ਲਈ ਚਾਰ ਏਕੜ ਜ਼ਮੀਨ ਖਰੀਦੀ ਗਈ ਹੈ, ਜਿੱਥੇ ਵਿਗਿਆਨਿਕ ਟੈਸਟਿੰਗ ਤੇ ਰਿਸਰਚ ਕਰਣਗੇ। ਇਹ ਪ੍ਰਯੋਗਸ਼ਾਲਾ 17 ਕਰੋੜ ਰੁਪਏ ਦੀ ਲਾਗਤ ਨਾਲ ਬਣਾਈ ਜਾ ਰਹੀ ਹੈ। ਹਰਿਆਣਾ ਦੇ ਨਾਲ-ਨਾਲ ਸੱਤ ਰਾਜਾਂ ਦਿੱਲੀ, ਉੱਤਰ ਪ੍ਰਦੇਸ਼, ਜੰਮੂ, ਪੰਜਾਬ, ਰਾਜਸਥਾਨ, ਪੱਛਮੀ ਤੇ ਉੱਤਰੀ-ਪੂਰਬੀ ਖੇਤਰਾਂ ਦੇ ਲੋਕਾਂ ਨੂੰ ਇੱਥੋਂ ਲਾਭ ਮਿਲੇਗਾ।
ਉਨ੍ਹਾਂ ਦੱਸਿਆ ਕਿ ਪਹਿਲੇ ਫੇਜ਼ ’ਚ ਕੰਮ ਚੱਲ ਰਿਹਾ ਹੈ, ਜੋ ਜਲਦੀ ਪੂਰਾ ਹੋ ਜਾਵੇਗਾ। ਬਾਅਦ ’ਚ ਚਾਰ ਏਕੜ ਵਿੱਚ ਮੁੱਖ ਇਮਾਰਤ ਬਣਾਈ ਜਾਵੇਗੀ। ਸ੍ਰੀ ਵਿੱਜ ਨੇ ਨਿਰਮਾਣ ਸਾਈਟ ’ਤੇ ਅਧਿਕਾਰੀਆਂ ਨਾਲ ਪਹਿਲੇ ਫੇਜ਼ ਦੇ ਕੰਮ ਦੀ ਜਾਣਕਾਰੀ ਲਈ ਤੇ ਦੂਜੇ ਫੇਜ਼ ਦੀ ਯੋਜਨਾ ਵੀ ਸਮਝੀ। ਇਸ ਮੌਕੇ ਸਿਵਲ ਸਰਜਨ ਡਾ. ਰਾਕੇਸ਼ ਸਹਲ, ਡਾ. ਹਿਤੇਸ਼ ਵਰਮਾ, ਡਾ. ਸੁਨੀਲ ਹਰੀ ਤੇ ਹੋਰ ਅਧਿਕਾਰੀ ਮੌਜੂਦ ਸਨ।
ਐੱਨਸੀਡੀਸੀ ਲਈ ਅੰਬਾਲਾ ਛਾਉਣੀ ਨੂੰ ਇਸ ਲਈ ਚੁਣਿਆ ਗਿਆ ਕਿਉਂਕਿ ਇਹ ਹਵਾਈ, ਰੇਲਵੇ ਜੰਕਸ਼ਨ ਅਤੇ ਰੋਡ ਨੈਟਵਰਕ ਨਾਲ ਜੁੜੀ ਹੋਈ ਹੈ। ਇੱਥੇ ਅਟਲ ਕੈਂਸਰ ਕੇਅਰ ਸੈਂਟਰ, ਸਿਵਲ ਹਸਪਤਾਲ ਤੇ ਤਿੰਨ ਮੈਡੀਕਲ ਕਾਲਜ ਨੇੜੇ ਹਨ, ਜਿੱਥੋਂ ਨਮੂਨੇ ਆਸਾਨੀ ਨਾਲ ਮਿਲ ਸਕਦੇ ਹਨ।
ਐਨਸੀਡੀਸੀ ਦੀ ਇਹ ਸ਼ਾਖਾ ਇਬੋਲਾ (2014), ਐਚ1ਐਨ1 (2009-10), ਐਸਏਆਰਐਸ ਵਰਗੀਆਂ ਬਿਮਾਰੀਆਂ ਦੀ ਪਛਾਣ, ਇਲਾਜ ਤੇ ਰੋਕਥਾਮ ਵਿੱਚ ਮਦਦ ਕਰੇਗੀ। ਇੱਥੇ ਡਾਇਰੀਆ, ਹੈਜਾ, ਟਾਈਫਾਇਡ, ਹੈਪੇਟਾਇਟਸ-ਏ ਅਤੇ ਈ, ਚਿਕਨਪੌਕਸ, ਖਸਰਾ ਵਰਗੀਆਂ ਬਿਮਾਰੀਆਂ ਦੀ ਜਾਂਚ ਤੇ ਇਲਾਜ ਹੋਵੇਗਾ।