Haryana Budget: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਬਤੌਰ ਵਿੱਤ ਮੰਤਰੀ ਕੀਤਾ ਬਜਟ ਪੇਸ਼
ਆਤਿਸ਼ ਗੁਪਤਾ
ਚੰਡੀਗੜ੍ਹ, 17 ਮਾਰਚ
ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਅੱਜ ਵਿਧਾਨ ਸਭਾ ਵਿੱਚ ਆਪਣੀ ਸਰਕਾਰ ਦਾ ਪਹਿਲਾ ਅਤੇ ਵਿੱਤ ਵਰੇ 2025-26 ਦਾ ਬਜਟ ਪੇਸ਼ ਕੀਤਾ। ਮੁੱਖ ਮੰਤਰੀ ਨੇ ਇਹ ਬਜਟ 2.05 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਹੈ, ਜੋ ਕਿ ਪਿਛਲੀ ਵਾਰ ਨਾਲੋਂ 13 ਫੀਸਦ ਵੱਧ ਹੈ। ਪਿਛਲੀ ਵਾਰ 1.80 ਲੱਖ ਕਰੋੜ ਰੁਪਏ ਦਾ ਬਜਟ ਪੇਸ਼ ਕੀਤਾ ਗਿਆ ਸੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਨੇ ਇਸ ਵਾਰ 11000 ਲੋਕਾਂ ਦੇ ਸੁਝਾਵਾਂ ਦੇ ਨਾਲ ਬਜਟ ਤਿਆਰ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਚੋਣ ਮੈਨੀਫੈਸਟੋ ਵਿਚਲੇ 217 ਵਾਅਦਿਆਂ ਵਿੱਚੋਂ 19 ਪਹਿਲਾਂ ਹੀ ਪੂਰੇ ਹੋ ਚੁੱਕੇ ਹਨ। ਉਨ੍ਹਾਂ ਨੇ ਭਵਿੱਖ ਦੇ ਇੱਕ ਨਵੇਂ ਵਿਭਾਗ ਦੀ ਸਥਾਪਨਾ ਦਾ ਵੀ ਐਲਾਨ ਕੀਤਾ, ਜੋ ਭਵਿੱਖੀ ਤਕਨੀਕਾਂ ਅਤੇ ਉਨ੍ਹਾਂ ਦੇ ਸੰਭਾਵੀ ਲਾਭਾਂ ਅਤੇ ਵਰਤੋਂ ਦੀ ਪੜਚੋਲ ਕਰਨ ’ਤੇ ਕੇਂਦਰਿਤ ਹੋਵੇਗਾ। ਇਸ ਤੋਂ ਇਲਾਵਾ ਸੂਬੇ ਵਿੱਚ ਨਸ਼ਿਆਂ ਦੀ ਅਲਾਮਤ ਨਾਲ ਨਜਿੱਠਣ ਲਈ ‘ਸੰਕਲਪ’ ਨਾਮ ਦੀ ਅਥਾਰਟੀ ਦੇ ਗਠਨ ਦਾ ਵੀ ਐਲਾਨ ਕੀਤਾ।
ਇਸ ਮੌਕੇ ਸੈਣੀ ਦੀ ਪਤਨੀ ਸੁਮਨ ਸੈਣੀ, ਹਰਿਆਣਾ ਭਾਜਪਾ ਇੰਚਾਰਜ ਸਤੀਸ਼ ਪੂਨੀਆ, ਸੂਬਾ ਪਾਰਟੀ ਮੁਖੀ ਮੋਹਨ ਲਾਲ ਬਡੋਲੀ ਅਤੇ ਹੋਰ ਸੀਨੀਅਰ ਆਗੂ ਮੁੱਖ ਮੰਤਰੀ ਦੇ ਪਹਿਲੇ ਬਜਟ ਭਾਸ਼ਣ ਨੂੰ ਸੁਣਨ ਲਈ ਸਪੀਕਰ ਦੀ ਗੈਲਰੀ ਵਿੱਚ ਮੌਜੂਦ ਸਨ।
ਬਜਟ ਦੇ ਮੁੱਖ ਨੁਕਤੇ:
➤ਏਆਈ ਮਿਸ਼ਨ ਬਣਾਉਣ ਦਾ ਐਲਾਨ
➤ਸਟਾਰਟਅੱਪ ਲਈ 2000 ਕਰੋੜ ਦੇ ਫੰਡ
➤ਭਵਿੱਖੀ ਵਿਭਾਗ ਦਾ ਗਠਨ
➤ਨਸ਼ਿਆਂ ਖ਼ਿਲਾਫ਼ ਸੰਕਲਪ(Substance Abuse Nacotics Knowledge Awareness & Liberation Program) ਆਥਾਰਟੀ ਦਾ ਗਠਨ
➤ਝੋਨੇ ਦੀ ਸਿੱਧੀ ਬਿਜਾਈ ਕਰਨ ਵਾਲੇ ਕਿਸਾਨਾਂ ਨੂੰ 4000 ਰੁਪਏ ਪ੍ਰਤੀ ਏਕੜ ਤੋਂ ਵਧਾ ਕੇ 4500 ਰੁਪਏ ਪ੍ਰਤੀ ਏਕੜ ਦੇਣ ਦਾ ਪ੍ਰਸਤਾਵ।
➤ਪਰਾਲੀ ਪ੍ਰਬੰਧਨ ਲਈ ਕਿਸਾਨਾਂ ਨੂੰ 1000 ਪ੍ਰਤੀ ਏਕੜ ਤੋਂ ਵਧਾ ਕੇ 1200 ਰੁਪਏ ਪ੍ਰਤੀ ਏਕੜ ਦੇਣ ਦਾ ਪ੍ਰਸਤਾਵ।
➤ਸੂਬੇ ਦੇ ਸਾਰੇ ਜ਼ਿਲ੍ਹਿਆਂ ਵਿੱਚ ਬੀਜਾਂ ਦੇ ਨਿਰਖਣ ਲਈ ਲੈਬੋਰਟਰੀ ਸਥਾਪਿਤ ਕੀਤੀ ਜਾਵੇਗੀ।
➤ਰਜਿਸਟਰਡ ਗਉਸ਼ਾਲਾਵਾਂ ਵਿੱਚ ਨਵੇਂ ਸ਼ੈਡ ਬਣਾਉਣ ਦਾ ਪ੍ਰਸਤਾਵ।