ਸਿੱਖ ਜਥੇਬੰਦੀਆਂ ਨੂੰ ਚੁਣੌਤੀ ਦੇ ਕੇ ਨਹੀਂ ਆਇਆ ਟਾਈਟਲਰ ਦਾ ਬੋਰਡ ਲਾਉਣ ਵਾਲਾ; ਪੁਲੀਸ ਕੋਲੋਂ ਕੀਤੀ ਕਾਰਵਾਈ ਦੀ ਮੰਗ
ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 18 ਅਗਸਤ
ਸਾਬਕਾ ਕੇਂਦਰੀ ਮੰਤਰੀ ਜਗਦੀਸ਼ ਟਾਈਟਲਰ ਨੂੰ ਜਨਮ ਦਿਨ ਦੀ ਵਧਾਈ ਦੇਣ ਦਾ ਮਾਮਲਾ ਅੱਜ ਉਸ ਵੇਲੇ ਭਖ਼ ਗਿਆ, ਜਦੋਂ ਕੁਝ ਸਿੱਖ ਜਥੇਬੰਦੀਆਂ ਦੇ ਕਾਰਕੁਨ ਅੱਜ ਮਜੀਠਾ ਰੋਡ ਵਿਖੇ ਉਸ ਥਾਂ ’ਤੇ ਪੁੱਜੇ, ਜਿੱਥੇ ਬੋਰਡ ਲਾਇਆ ਗਿਆ ਸੀ। ਬੋਰਡ ਲਾਉਣ ਵਾਲੇ ਵੱਲੋਂ ਦਿੱਤੀ ਗਈ ਚਿਤਾਵਨੀ ਦੇ ਮੱਦੇਨਜ਼ਰ ਸਿੱਖ ਜਥੇਬੰਦੀਆਂ ਦੇ ਕਾਰਕੁਨਾਂ ਨੇ ਉਸ ਦੀ ਉਡੀਕ ਕੀਤੀ ਅਤੇ ਮਗਰੋਂ ਥਾਣਾ ਸਦਰ ਵਿਖੇ ਜਾ ਕੇ ਉਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ। ਸਿੱਖ ਆਗੂ ਪਰਮਜੀਤ ਸਿੰਘ ਅਕਾਲੀ ਨੇ ਆਖਿਆ ਕਿ ਬੋਰਡ ਲਾਉਣ ਵਾਲੇ ਕਰਮਜੀਤ ਸਿੰਘ ਗਿੱਲ ਨੇ ਸੋਸ਼ਲ ਮੀਡੀਆ ਰਾਹੀਂ ਸਿੱਖ ਜਥੇਬੰਦੀਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਮੌਕੇ ’ਤੇ ਪੁੱਜਣ।
ਸਿੱਖ ਜਥੇਬੰਦੀਆਂ ਦੇ ਕਾਰਕੁਨ ਅੱਜ ਉਸ ਦੀ ਉਡੀਕ ਕਰ ਰਹੇ ਹਨ ਪਰ ਉਹ ਹੁਣ ਨਹੀਂ ਆਇਆ। ਉਨ੍ਹਾਂ ਆਖਿਆ ਕਿ ਉਸ ਖ਼ਿਲਾਫ਼ ਪ੍ਰਸ਼ਾਸਨ ਕੋਲ ਕਾਰਵਾਈ ਲਈ ਅਪੀਲ ਕੀਤੀ ਜਾਵੇਗੀ। ਜਗਦੀਸ਼ ਟਾਈਟਲਰ ਨੂੰ ਜਨਮ ਦਿਨ ਦੀ ਵਧਾਈ ਸਬੰਧੀ ਅਜਿਹਾ ਬੋਰਡ ਲਾਉਣ ਦਾ ਅਕਾਲ ਤਖ਼ਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਸਮੇਤ ਹੋਰ ਵੀ ਇਸ ਦਾ ਵਿਰੋਧ ਕਰ ਚੁੱਕੇ ਹਨ। ਇਸ ਮੌਕੇ ਸੁਰੱਖਿਆ ਪ੍ਰਬੰਧਾਂ ਲਈ ਪੁਲੀ ਤਾਇਨਾਤ ਸੀ ਪਰ ਇਸ ਦੌਰਾਨ ਕੋਈ ਅਣਸੁਖਾਵੀਂ ਘਟਨਾ ਨਹੀਂ ਵਾਪਰੀ ਹੈ।