ਪੰਜਾਬ ਦੇ ਜ਼ਮੀਨੀ ਅਤੇ ਦਰਿਆਈ ਪਾਣੀਆਂ ਦੀ ਹੋਣੀ ਦੇ ਨਤੀਜੇ
ਅਰਮਿੰਦਰ ਸਿੰਘ ਮਾਨ
‘‘ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ॥’’ ਧਰਤੀ ਉੱਪਰ ਜਲ ਹੀ ਜੀਵਨ ਦੀ ਪਹਿਲੀ ਅਤੇ ਵਡਮੁੱਲੀ ਦਾਤ ਹੈ ਜਿਸ ਉੱਪਰ ਇਨਸਾਨੀ ਸੱਭਿਅਤਾ ਨਿਰਭਰ ਕਰਦੀ ਹੈ। ਜਲ ਹਰ ਜੀਵ ਦੇ ਜਿਊਣ ਦਾ ਆਧਾਰ ਹੈ। ਪੰਜਾਬ ਦੇ ਸੰਦਰਭ ਵਿੱਚ ਵੇਖੀਏ ਤਾਂ ਕੁਦਰਤ ਨੇ ਪਾਣੀਆਂ ਦੀ ਅਜਿਹੀ ਵਡਮੁੱਲੀ ਦਾਤ ਬਖ਼ਸ਼ੀ ਹੈ ਕਿ ਇਸ ਨੂੰ ‘ਦਰਿਆਵਾਂ ਦੀ ਧਰਤੀ’ ਹੋਣ ਦੇ ਨਾਂ ਨਾਲ ਨਿਵਾਜਿਆ। ਇੱਥੋਂ ਦਾ ਧਰਤੀ ਹੇਠਲਾ ਪਾਣੀ ਵੀ ਪੀਣ ਯੋਗ ਤੇ ਵਰਤਣ ਯੋਗ ਰਿਹਾ ਅਤੇ ਵਗਦੇ ਦਰਿਆਈ ਪਾਣੀਆਂ ਦੀ ਵੀ ਆਪਣੀ ਖ਼ਾਸੀਅਤ ਰਹੀ, ਪਰ ਮਨੁੱਖ ਦੀ ਲਾਲਸਾ ਨੇ ਕੁਦਰਤ ਨੂੰ ਵੀ ਆਪਣੇ ਵਹਿਣ ਵਗਣ ਤੋਂ ਰੋਕਿਆ ਅਤੇ ਆਪਣੇ ਸਿਆਸੀ ਤੇ ਆਰਥਿਕ ਲਾਭਾਂ ਦੀ ਪੂਰਤੀ ਲਈ ਅੰਨ੍ਹੇਵਾਹ ਲੁੱਟਿਆ ਅਤੇ ਵੰਡਿਆ। ਸਿੱਧੇ-ਅਸਿੱਧੇ ਢੰਗ ਵਿੱਚ ਪੰਜਾਬ ਸੂਬੇ ਦਾ ਸਭ ਕੁਝ ਇਹਦੇ ਪਾਣੀਆਂ ਨਾਲ ਜੁੜਿਆ ਹੋਇਆ ਹੈ ਕਿਉਂਕਿ ਇਹ ਪੰਜਾਬ ਕੋਲ ਇੱਕੋ ਇੱਕ ਕੁਦਰਤੀ ਸਰੋਤ ਹੈ। ਇਸ ਲਈ ਭਵਿੱਖ ਵਿੱਚ ਵੀ ਇੱਥੋਂ ਦਾ ਮੂਲ ਖੇਤੀਬਾੜੀ ਢਾਂਚਾ, ਅਰਥਚਾਰਾ, ਸੱਭਿਆਚਾਰ ਅਤੇ ਸਿਆਸਤ ਸਭ ਕੁਝ ਇਸ ਕੁਦਰਤੀ ਸਰੋਤ ਦੁਆਲੇ ਕੇਂਦਰਿਤ ਰਹੇਗਾ। ਇਸ ਗੱਲ ਨੂੰ ਆਮ ਲੋਕਾਈ ਅਤੇ ਸਿਆਸਤਦਾਨਾਂ ਨੂੰ ਆਪਣੇ ਪੱਲੇ ਬੰਨ੍ਹ ਲੈਣਾ ਚਾਹੀਦਾ ਹੈ।
ਪੰਜਾਬ ਅੰਦਰ ਧਰਤੀ ਹੇਠਲੇ ਪਾਣੀ ਦੇ ਹੋਏ ਵੱਖ-ਵੱਖ ਸਰਵੇਖਣਾਂ ਦੀਆਂ ਰਿਪੋਰਟਾਂ ਵਿੱਚ ਬੜੇ ਹੈਰਾਨੀਜਨਕ ਨਤੀਜੇ ਸਾਹਮਣੇ ਆਏ ਹਨ। ਹਾਲ ਹੀ ਵਿੱਚ ‘ਕੇਂਦਰੀ ਗਰਾਊਂਡ ਵਾਟਰ ਬੋਰਡ’ ਦੁਆਰਾ ‘ਧਰਤੀ ਹੇਠਲੇ ਪਾਣੀ ਦੇ ਮਿਆਰ ਦੀ ਸਾਲਾਨਾ ਰਿਪੋਰਟ- 2024’ ਵਿੱਚ ਵੀ ਇਹ ਸਪੱਸ਼ਟ ਕੀਤਾ ਗਿਆ ਹੈ ਕਿ ਪੰਜਾਬ ਦੇ ਹੇਠਲੇ ਪੱਤਣਾਂ ਵਿੱਚ ਭਾਰੀ ਧਾਤ ਖ਼ਤਰਨਾਕ ਹੱਦ ਤੋਂ ਪਾਰ ਪਾਏ ਗਏ ਹਨ ਜਿਸ ਕਾਰਨ ਧਰਤੀ ਹੇਠਲਾ ਪਾਣੀ ਪੀਣ ਲਈ ਵੀ ਸੁਰੱਖਿਅਤ ਨਹੀਂ ਰਿਹਾ। ਇਨ੍ਹਾਂ ਭਾਰੀ ਧਾਤਾਂ ਵਿੱਚ ਮੁੱਢਲੇ ਰੂਪ ਵਿੱਚ ਨਾਈਟਰੇਟ, ਆਰਸੈਨਿਕ, ਲੀਡ, ਮਰਕਰੀ, ਯੂਰੇਨੀਅਮ ਅਤੇ ਫਲੋਰਾਈਡ ਭਾਰੀ ਮਾਤਰਾ ਵਿੱਚ ਪਾਏ ਗਏ ਹਨ ਜੋ ਕਿ ਖ਼ਤਰਨਾਕ ਹੱਦ ਤੋਂ ਪਾਰ ਹੈ ਜੋ ਗੰਭੀਰ ਸਮੱਸਿਆਵਾਂ, ਬਿਮਾਰੀਆਂ ਅਤੇ ਮਾਨਸਿਕ ਰੋਗਾਂ ਦੀ ਜੜ ਬਣ ਰਹੇ ਹਨ। ਪੰਜਾਬ ਦੇ ਬਹੁਤ ਸਾਰੇ ਇਲਾਕੇ ਇਨ੍ਹਾਂ ਭਾਰੀ ਧਾਤਾਂ ਦੇ ਜ਼ਹਿਰੀਲੇਪਣ ਤੋਂ ਪ੍ਰਭਾਵਿਤ ਹਨ। ਵੱਖ-ਵੱਖ ਇਲਾਕਿਆਂ ਵਿੱਚ ਵੱਖ-ਵੱਖ ਧਾਤਾਂ ਦੀ ਮਾਤਰਾ ਖ਼ਤਰਨਾਕ ਪੱਧਰ ਤੋਂ ਉੱਪਰ ਹੈ। ਜਿਵੇਂ ਕਿ ਅੰਮ੍ਰਿਤਸਰ, ਜਲੰਧਰ, ਮੋਗਾ, ਲੁਧਿਆਣਾ, ਪਟਿਆਲਾ, ਗੁਰਦਾਸਪੁਰ, ਤਰਨ ਤਾਰਨ ਅਤੇ ਮੰਡੀ ਗੋਬਿੰਦਗੜ੍ਹ ਦੇ ਇਲਾਕਿਆਂ ਅੰਦਰ ਹੇਠਲੇ ਪਾਣੀ ਵਿੱਚ ਨਾਈਟਰੇਟ, ਆਰਸੈਨਿਕ, ਲੀਡ ਅਤੇ ਮਰਕਰੀ ਵਰਗੇ ਜ਼ਹਿਰੀਲੇ ਤੱਤ ਭਾਰੀ ਮਾਤਰਾ ਵਿੱਚ ਹਨ। ਬਠਿੰਡਾ, ਮਾਨਸਾ, ਸ੍ਰੀ ਮੁਕਤਸਰ ਸਾਹਿਬ, ਫਿਰੋਜ਼ਪੁਰ, ਫਾਜ਼ਿਲਕਾ ਅਤੇ ਫ਼ਰੀਦਕੋਟ ਇਲਾਕੇ ਦੇ ਹੇਠਲੇ ਪਾਣੀ ਅੰਦਰ ਨਾਈਟਰੇਟ, ਯੂਰੇਨੀਅਮ, ਫਲੋਰਾਈਡ ਅਤੇ ਆਰਸੈਨਿਕ ਵਰਗੇ ਭਾਰੀ ਧਾਤ ਹੱਦੋਂ ਵੱਧ ਮਾਤਰਾ ਵਿੱਚ ਹਨ। ਇਨ੍ਹਾਂ ਭਾਰੀ ਧਾਤਾਂ ਦੀ ਖ਼ਤਰਨਾਕ ਮਾਤਰਾ ਨੇ ਪੰਜਾਬ ਦੇ ਹੇਠਲੇ ਪੱਤਣਾਂ ਨੂੰ ਇਸ ਹੱਦ ਤੱਕ ਪਲੀਤ ਕਰ ਦਿੱਤਾ ਹੈ ਕਿ ਇਸ ਤੋਂ ਪ੍ਰਭਾਵਿਤ ਇਲਾਕੇ ਗੰਭੀਰ ਬਿਮਾਰੀਆਂ ਅਤੇ ਸਮੱਸਿਆਵਾਂ ਦੀ ਜਕੜ ਵਿੱਚ ਆ ਗਏ ਹਨ। ਇਨ੍ਹਾਂ ਬਿਮਾਰੀਆਂ ਵਿੱਚ ਜਿਵੇਂ ਕਿ ਫੇਫੜਿਆਂ ਦਾ ਕੈਂਸਰ, ਹੱਡੀਆਂ ਕਮਜ਼ੋਰ ਹੋਣੀਆਂ, ਗੁਰਦਿਆਂ ਦੇ ਰੋਗ, ਦਿਲ ਦੇ ਰੋਗ, ਮੰਦ ਬੁੱਧੀ ਬੱਚੇ ਪੈਦਾ ਹੋਣਾ, ਦਿਮਾਗ਼ੀ ਨੁਕਸ, ਬੱਚਿਆਂ ਦੇ ਅਨੇਕਾਂ ਰੋਗ, ਕੈਂਸਰ, ਅੰਗਹੀਣ ਬੱਚੇ ਪੈਦਾ ਹੋਣਾ, ਦੰਦ ਖਰਾਬ ਹੋਣਾ, ਹੱਡੀਆਂ ਟੇਢੀਆਂ ਹੋਣੀਆਂ, ਚਮੜੀ ਰੋਗ ਅਤੇ ਸਾਹ ਦੀਆਂ ਸਮੱਸਿਆਵਾਂ ਵਰਗੀਆਂ ਗੰਭੀਰ ਬਿਮਾਰੀਆਂ ਸ਼ਾਮਿਲ ਹਨ। ਅੱਜ ਪੰਜਾਬ ਦੇ ਇਨ੍ਹਾਂ ਪ੍ਰਭਾਵਿਤ ਇਲਾਕਿਆਂ ਦੇ ਅੰਦਰ ਇਸ ਤਸਵੀਰ ਨੂੰ ਸਪੱਸ਼ਟ ਦੇਖਿਆ ਜਾ ਸਕਦਾ ਹੈ ਜਿਸ ਤੋਂ ਕੋਈ ਵੀ ਮੁਨਕਰ ਨਹੀਂ ਹੋ ਸਕਦਾ।
ਪੰਜਾਬ ਖੇਤੀ ਪ੍ਰਧਾਨ ਸੂਬਾ ਹੋਣ ਕਰਕੇ ਇੱਥੇ ਪਾਣੀ ਦੀ ਵਰਤੋਂ ਮੁੱਖ ਰੂਪ ਵਿੱਚ ਸਿੰਚਾਈ ਲਈ ਕੀਤੀ ਜਾਂਦੀ ਹੈ। ਪੰਜਾਬ ਦੇ ਪਾਣੀ ਦੇ ਸਰੋਤ ਧਰਤੀ ਹੇਠਲੇ ਪਾਣੀ ਅਤੇ ਦਰਿਆਈ/ਨਹਿਰੀ ਪਾਣੀ ਹਨ, ਪ੍ਰੰਤੂ ਅੱਜ ਦਰਿਆਵਾਂ ਦੀ ਧਰਤੀ ਦਾ ਸਿੰਚਾਈ ਸਾਧਨ ਕੇਵਲ ਧਰਤੀ ਹੇਠਲਾ ਪਾਣੀ ਬਣ ਚੁੱਕਿਆ ਹੈ ਜਿਸ ਦੀ ਵਰਤੋਂ ਟਿਊਬਵੈੱਲਾਂ ਰਾਹੀਂ ਕੀਤੀ ਜਾਂਦੀ ਹੈ। ਪਿਛਲੇ ਕਈ ਦਹਾਕਿਆਂ ’ਚ ਪੰਜਾਬ ਅੰਦਰ ਟਿਊਬਵੈੱਲਾਂ ਦੀ ਸੰਖਿਆ ਲਗਾਤਾਰ ਵਧੀ ਹੈ ਜੋ ਕਿ 2020 ਤੱਕ 14.14 ਲੱਖ ਤੱਕ ਪਹੁੰਚ ਗਈ। ਇਸ ਦਾ ਅਸਰ ਨਹਿਰੀ ਪਾਣੀ ਰਾਹੀਂ ਸਿੰਚਾਈ ਹੁੰਦੇ ਖੇਤਰ ਦੀ ਕਟੌਤੀ ਵਜੋਂ ਹੋਇਆ। ਅੱਜ ਪੰਜਾਬ ਦੇ ਅੰਦਰ 77 ਫ਼ੀਸਦੀ ਰਕਬੇ ਨੂੰ ਕੇਵਲ ਟਿਊਬਵੈੱਲਾਂ ਦੇ ਪਾਣੀ ਰਾਹੀਂ ਹੀ ਸਿੰਜਿਆ ਜਾਂਦਾ ਹੈ, ਸਿਰਫ਼ 23 ਫ਼ੀਸਦੀ ਰਕਬਾ ਹੀ ਨਹਿਰੀ ਸਿੰਚਾਈ ਅਧੀਨ ਬਚਿਆ ਹੈ। ਹਰੀ ਕ੍ਰਾਂਤੀ ਨੇ ਬੇਸ਼ੱਕ ਦੇਸ਼ ਦਾ ਅੰਨ ਭੰਡਾਰ ਭਰਿਆ, ਪਰ ਇਸ ਨੇ ਪੰਜਾਬ ਦੇ ਜਲ ਭੰਡਾਰ ਨੂੰ ਐਸੀ ਸੰਨ੍ਹ ਲਗਾਈ ਕਿ ਇਹਦੇ ਅੰਮ੍ਰਿਤ ਪਾਣੀਆਂ ਦੇ ਪੱਤਣ ਸੂਤ ਦਿੱਤੇ। ਧਰਤੀ ਹੇਠਲੇ ਪੱਤਣਾਂ ਤੋਂ ਕੇਵਲ ਪਾਣੀ ਸੂਤਿਆਂ ਹੀ ਨਹੀਂ ਗਿਆ ਸਗੋਂ ਇਨ੍ਹਾਂ ਪੱਤਣਾਂ ਵਿੱਚ ਬੇਲੋੜੀਆਂ ਕੀਟਨਾਸ਼ਕ ਦਵਾਈਆਂ, ਖਾਦਾਂ ਅਤੇ ਉਦਯੋਗਾਂ ਦੀ ਗੰਦਗੀ ਨੇ ਜ਼ਹਿਰ ਵੀ ਧੱਕਿਆ ਹੈ। ਦਿਨ ਬਦਿਨ ਧਰਤੀ ਹੇਠੋ ਪਾਣੀ ਕੱਢਣ ਦਾ ਕੰਮ ਤੇਜ਼ ਹੋ ਰਿਹਾ ਹੈ। ਜ਼ਮੀਨੀ ਪੱਧਰ ਦੀ ਹਕੀਕਤ ਇਹ ਹੈ ਕਿ ਹਰ ਸਾਲ ਕਿਸਾਨਾਂ ਵੱਲੋਂ ਪਾਣੀ ਵਾਲੇ ਬੋਰਾਂ ਵਿੱਚ ਪਾਈਪਾਂ ਦੇ ਟੋਟੇ ਪਾਏ ਜਾਂਦੇ ਹਨ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਾਣੀ ਦਾ ਪੱਧਰ ਕਿਸ ਰਫ਼ਤਾਰ ਨਾਲ ਹੇਠਾਂ ਜਾ ਰਿਹਾ ਹੈ। ਰਹਿੰਦੀ ਕਸਰ ਵੱਡੇ ਉਦਯੋਗਿਕ ਕਾਰਖਾਨਿਆਂ ਨੇ ਕੱਢ ਦਿੱਤੀ। ਜਿੱਥੇ ਉਹ ਧਰਤੀ ਹੇਠਲੇ ਪਾਣੀ ਦੀ ਬੇਲੋੜੀ ਖਪਤ ਕਰ ਰਹੇ ਹਨ, ਉੱਥੇ ਧਰਤੀ ਹੇਠਲੇ ਪਾਣੀ ਨੂੰ ਦੂਸ਼ਿਤ ਕਰਨ ਵਿੱਚ ਵੀ ਕੋਈ ਕਸਰ ਨਹੀਂ ਛੱਡੀ। ਇਸ ਦੇ ਨਤੀਜੇ ਤਾਜ਼ਾ ਆਈਆਂ ਰਿਪੋਰਟਾਂ ਵਿੱਚ ਸਭ ਦੇ ਸਾਹਮਣੇ ਹਨ ਕਿ ਕਿਸ ਤਰ੍ਹਾਂ ਪੰਜਾਬ ਦੇ ਹੇਠਲੇ ਪੱਤਣਾਂ ਨੂੰ ਜ਼ਹਿਰੀ ਬਣਾਇਆ ਗਿਆ ਅਤੇ ਇਸ ਨੂੰ ਪੀਣ ਯੋਗ ਵੀ ਨਹੀਂ ਛੱਡਿਆ।
ਖੇਤੀਬਾੜੀ ਦੇ ਮਸਲੇ ਵਿੱਚ ਜਿੱਥੇ ਕਿਸਾਨਾਂ ਵੱਲੋਂ ਪਾਣੀ ਦੀ ਬੇਲੋੜੀ ਕੀਤੀ ਜਾਂਦੀ ਵਰਤੋਂ ਦੀ ਗੱਲ ਹੈ, ਉੱਥੇ ਇਸ ਵਿੱਚ ਸਰਕਾਰਾਂ ਦੀ ਨਕਾਮੀ ਸਭ ਤੋਂ ਵੱਡੀ ਰਹੀ ਹੈ। ਕਿਉਂ ਜੋ ਸਰਕਾਰਾਂ ਨੇ ਹੀ ਪਹਿਲਾਂ ਵੱਧ ਝਾੜ, ਮੁਨਾਫ਼ੇ ਅਤੇ ਵੱਧ ਪਾਣੀ ਦੀ ਖਪਤ ਵਾਲੀਆਂ ਫ਼ਸਲਾਂ ਪੇਸ਼ ਕੀਤੀਆਂ। ਜਿੱਥੇ ਹੁਣ ਚਾਹੀਦਾ ਇਹ ਹੈ ਕਿ ਸਰਕਾਰਾਂ ਨੂੰ ਹੀ ਇਸ ਦਾ ਬਦਲ ਦੇਣਾ ਚਾਹੀਦਾ ਹੈ। ਅੱਜ ਦੇ ਵਪਾਰਕ ਯੁੱਗ ਵਿੱਚ ਕਿਸਾਨ ਘੱਟ ਮੁੱਲ ਅਤੇ ਝਾੜ ਵਾਲੀਆਂ ਫ਼ਸਲਾਂ ਬੀਜ ਕੇ ਗੁਜ਼ਾਰਾ ਨਹੀਂ ਕਰ ਸਕਦੇ। ਇਸ ਲਈ ਜੇਕਰ ਸਰਕਾਰਾਂ ਆਪਣੀ ਨੀਤੀ ਅਧੀਨ ਅਜਿਹਾ ਬਦਲ ਪੇਸ਼ ਕਰਨ ਜਿਸ ਵਿੱਚ ਵੱਧ ਝਾੜ, ਵੱਧ ਮੁਨਾਫ਼ਾ ਅਤੇ ਘੱਟ ਪਾਣੀ ਦੀ ਖਪਤ ਹੋਵੇ ਤਾਂ ਕਿਉਂ ਨਹੀਂ ਕਿਸਾਨ ਉਸ ਬਦਲ ਨੂੰ ਅਪਣਾਉਣਗੇ। ਦੂਜੇ ਪਾਸੇ ਪੰਜਾਬ ਦੇ ਪਾਣੀਆਂ ਦੇ ਕੁਦਰਤੀ ਵਸੀਲਿਆਂ ਦੀ ਲੁੱਟ ਕਾਰਨ ਹੀ ਕਿਸਾਨ ਟਿਊਬਵੈੱਲਾਂ ਦਾ ਪਾਣੀ ਵਰਤਣ ਲਈ ਮਜਬੂਰ ਹੋ ਰਿਹਾ ਹੈ। ਧਰਤੀ ਹੇਠਲੇ ਪਾਣੀ ਦਾ ਘਟਦਾ ਪੱਧਰ ਅਤੇ ਜ਼ਹਿਰੀਲਾਪਣ ਅੱਜ ਚਿੰਤਾ ਦਾ ਵਿਸ਼ਾ ਹੈ ਜਿਸ ਦੇ ਫੌਰੀ ਹੱਲਾਂ ਵੱਲ ਗੌਰ ਕਰਨੀ ਜ਼ਰੂਰੀ ਹੈ।
ਪੰਜਾਬ ਦਰਿਆਈ ਸੱਭਿਅਤਾ ਦਾ ਇੱਕ ਮਹੱਤਵਪੂਰਨ ਖਿੱਤਾ ਰਿਹਾ ਹੈ। ਪੰਜਾਬ ਲਈ ਉਹ ਸੁਨਹਿਰੀ ਦੌਰ ਸੀ ਜਦੋਂ ਇਸ ਧਰਤੀ ’ਤੇ ਪੰਜ ਦਰਿਆ ਸਤਲੁਜ, ਬਿਆਸ, ਰਾਵੀ, ਝਨਾਂ ਅਤੇ ਜਿਹਲਮ ਵਹਿੰਦੇ ਸਨ। ਪੰਜਾਬ ਦੇ ਲੋਕਾਂ ਨੇ ਇਨ੍ਹਾਂ ਦਰਿਆਵਾਂ ਨੂੰ ਪਹਿਲਾਂ ਆਵਾਜਾਈ, ਖੇਤੀ ਅਤੇ ਹੋਰ ਕੰਮਾਂ ਲਈ ਵਰਤਿਆ, ਪਰ ਕਿਸੇ ਵੀ ਸੁਚੱਜੇ ਢੰਗ ਅਤੇ ਨਿਯਮਬੱਧ ਤਰੀਕੇ ਨਾਲ ਇਨ੍ਹਾਂ ਦੀ ਵਰਤੋਂ ਨਹੀਂ ਕੀਤੀ। ਸ਼ਾਇਦ ਏਸੇ ਅਣਗੌਲੇ ਢੰਗਾਂ ਕਰਕੇ ਇਨ੍ਹਾਂ ਕੁਦਰਤੀ ਸਰੋਤਾਂ ਨੂੰ ਹੌਲੀ-ਹੌਲੀ ਪੰਜਾਬ ਨੇ ਅਜਾਈਂ ਗੁਆ ਲਿਆ। ਕਿਸ ਤਰ੍ਹਾਂ ਦੇਸ਼ ਦੀ ਵੰਡ ਤੋਂ ਬਾਅਦ ਪੰਜ ਦਰਿਆਵਾਂ ਦੀ ਧਰਤੀ ਛਾਂਗੀ ਗਈ ਅਤੇ ਬਾਅਦ ਵਿੱਚ ਸਮੇਂ-ਸਮੇਂ ਉੱਪਰ ਹਕੂਮਤਾਂ ਨੇ ਪੰਜਾਬ ਪ੍ਰਤੀ ਆਪਣੀ ਮਤਰੇਈ ਮਨਸ਼ਾ ਰਾਹੀਂ ਬੇਗਾਨਗੀ ਦਾ ਅਹਿਸਾਸ ਪੰਜਾਬ ਨੂੰ ਵਲੂੰਧਰ ਕੇ ਅਤੇ ਇਸ ਦੇ ਦਰਿਆਈ ਪਾਣੀਆਂ ਉੱਪਰ ਡਾਕੇ ਮਾਰ ਕੇ ਕਰਵਾਇਆ। ਪਾਣੀਆਂ ਦੇ ਮਾਲਕ ਨੂੰ ਕਿਸ ਤਰ੍ਹਾਂ ਆਪਣੀਆਂ ਸਿਆਸੀ ਚਾਲਾਂ ਰਾਹੀਂ ਤਿਰਹਾਇਆ ਮਾਰਿਆ, ਇਹ ਅੱਜ ਸਭ ਦੇ ਸਾਹਮਣੇ ਹੈ। ਅੱਜ ਇੱਥੇ ਉਨ੍ਹਾਂ ਕੇਂਦਰੀ ਹਕੂਮਤਾਂ ਅਤੇ ਸਿਆਸਤਦਾਨਾਂ ਜਿਨ੍ਹਾਂ ਨੇ ਪੰਜਾਬ ਨਾਲ ਧ੍ਰੋਹ ਕਮਾਇਆ, ਉਨ੍ਹਾਂ ਬਾਬਤ ਲਿਖਣ ਦੀ ਲੋੜ ਨਹੀਂ ਹੈ। ਇਸ ਬਾਬਤ ਪਹਿਲਾਂ ਹੀ ਬਹੁਤ ਕੁਝ ਅੰਕੜਿਆਂ ਅਤੇ ਵੇਰਵਿਆਂ ਸਮੇਤ ਲਿਖਿਆ ਅਤੇ ਛਾਪਿਆ ਜਾ ਚੁੱਕਾ ਹੈ ਕਿ ਕਿਸ ਤਰ੍ਹਾਂ ਕੇਂਦਰ ਨੇ ਆਪਣੇ ਹੀ ਸੰਵਿਧਾਨ ਦੀਆਂ ਧਾਰਾਵਾਂ ਅਤੇ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਛਿੱਕੇ ਟੰਗ ਕੇ ਪੰਜਾਬ ਤੋਂ ਸਰਦਾਰੀ ਖੋਹੀ।
ਵਰਤਮਾਨ ਸਮੇਂ ਅੰਦਰ ਜੋ ਹਾਲਾਤ ਪੰਜਾਬ ਅੰਦਰ ਧਰਤੀ ਹੇਠਲੇ ਪਾਣੀ ਦੇ ਬਣ ਚੁੱਕੇ ਹਨ, ਉਸ ਨੂੰ ਮੁੜ ਸੁਰਜੀਤ ਕਰਨ ਬਾਰੇ ਵਿਚਾਰ ਕਰਨਾ ਜ਼ਿਆਦਾ ਅਹਿਮ ਹੈ। ਇਸ ਸਬੰਧ ਵਿੱਚ ਬਹੁਤ ਸਾਰੇ ਪਹਿਲੂ ਹਨ ਜਿਨ੍ਹਾਂ ਨੂੰ ਵਿਚਾਰਿਆ ਜਾਣਾ ਚਾਹੀਦਾ ਹੈ। ਜਿਸ ਮਾਤਰਾ ਅਤੇ ਗਤੀ ਨਾਲ ਧਰਤੀ ਹੇਠਲੇ ਪਾਣੀ ਨੂੰ ਬਾਹਰ ਕੱਢਿਆ ਜਾ ਰਿਹਾ ਹੈ, ਉਸ ਦਾ ਅੱਧ ਵੀ ਇਸ ਨੂੰ ਨਹੀਂ ਮੋੜਿਆ ਜਾ ਰਿਹਾ ਮਸਲਨ ਪਾਣੀ ਰੀ-ਚਾਰਜ ਦੇ ਵਸੀਲਿਆਂ ਵੱਲ ਵੀ ਕੋਈ ਗੌਰ ਨਹੀਂ ਕਰ ਰਿਹਾ। ਇਸ ਦੇ ਫੌਰੀ ਹੱਲ ਵਜੋਂ ਸਿੰਚਾਈ ਲਈ ਪਾਣੀ ਦੀ ਵਰਤੋਂ ਸੰਜਮ ਨਾਲ ਕੀਤੀ ਜਾਵੇ ਅਤੇ ਫ਼ਸਲੀ ਚੱਕਰ ਨੂੰ ਤਬਦੀਲ ਕੀਤਾ ਜਾਵੇ। ਧਰਤੀ ਹੇਠਲੇ ਪਾਣੀ ਦੀ ਸ਼ੁੱਧਤਾ ਨੂੰ ਬਰਕਰਾਰ ਰੱਖਣ ਲਈ ਗੁਰੂ ਨਾਨਕ ਸਾਹਿਬ ਦੇ ਖੇਤੀ ਮਾਡਲ ਨੂੰ ਅਪਣਾਉਣਾ ਜ਼ਰੂਰੀ ਹੈ ਜਿਸ ਵਿੱਚ ਸਿਰਫ਼ ਮੁਨਾਫ਼ਾ ਨਹੀਂ ਸਰਬੱਤ ਦਾ ਭਲਾ ਹੈ। ਇਸ ਕਾਰਜ ਲਈ ਸਰਕਾਰਾਂ ਅਤੇ ਕਿਸਾਨਾਂ ਨੂੰ ਇਸ ਪ੍ਰਤੀ ਇਮਾਨਦਾਰ ਹੋਣਾ ਪਵੇਗਾ। ਸਿੰਚਾਈ, ਵਪਾਰ, ਸਨਅਤਾਂ ਅਤੇ ਘਰੇਲੂ ਵਰਤੋਂ ਲਈ ਨਹਿਰੀ ਪਾਣੀ ਉੱਪਰ ਬਦਲਵੇਂ ਰੂਪ ਵਿੱਚ ਨਿਰਭਰਤਾ ਨੂੰ ਵਧਾਉਣਾ ਅੱਜ ਸਮੇਂ ਦੀ ਮੁੱਖ ਲੋੜ ਹੈ। ਧਰਤੀ ਹੇਠਲੇ ਪਾਣੀ ਵਿੱਚ ਆਈ ਗਿਰਾਵਟ ਨੂੰ ਪੂਰਨ ਲਈ ਪਾਣੀ ਭੰਡਾਰਨ ਦੇ ਪੁਰਾਤਨ ਵਸੀਲਿਆਂ ਛੱਪੜਾਂ, ਝੀਲਾਂ, ਢਾਬਾਂ ਅਤੇ ਜਲਗਾਹਾਂ ਨੂੰ ਮੁੜ ਤੋਂ ਸਵੱਛ ਢੰਗ ਨਾਲ ਬਹਾਲ ਕਰਨਾ ਅਹਿਮ ਹੈ ਜਿਸ ਨਾਲ ਪਾਣੀ ਨੂੰ ਧਰਤੀ ਹੇਠਾਂ ਜਿਰਣ ਵਿੱਚ ਮਦਦ ਹੋਵੇਗੀ।
ਪੰਜਾਬ ਅੰਦਰ ਜਲ ਸੰਕਟ ਨੂੰ ਦੂਰ ਕਰਨ ਦਾ ਸਦੀਵੀਂ ਹੱਲ ਇਸ ਦੇ ਦਰਿਆਈ ਪਾਣੀਆਂ ਦੀ ਪੂਰਨ ਮਾਲਕੀ ਹੈ। ਪੰਜਾਬ ਦਾ 75 ਫ਼ੀਸਦੀ ਦਰਿਆਈ ਪਾਣੀ ਹਕੂਮਤੀ ਫਰਮਾਨਾਂ ਰਾਹੀਂ ਸੂਤ ਕੇ ਹਰਿਆਣਾ, ਦਿੱਲੀ ਅਤੇ ਰਾਜਸਥਾਨ ਨੂੰ ਭੇਜਿਆ ਜਾ ਰਿਹਾ ਹੈ ਜੋ ਗੈਰ ਸੰਵਿਧਾਨਕ, ਗੈਰ ਕਾਨੂੰਨੀ ਅਤੇ ਅਨੈਤਿਕ ਢੰਗਾਂ ਰਾਹੀਂ ਪੰਜਾਬ ਤੋਂ ਖੋਹਿਆ ਗਿਆ। ਇਸ ਦਾ ਪਿਛੋਕੜ ਅਸੀਂ ਭਲੀਭਾਂਤ ਜਾਣਦੇ ਹਾਂ। ਪੰਜਾਬ ਤੋਂ ਇਸ ਬੇਸ਼ਕੀਮਤੀ ਕੁਦਰਤੀ ਸਰੋਤ ਨੂੰ ਹਕੂਮਤਾਂ ਨੇ ਬਿਨਾਂ ਕੋਈ ਮੁੱਲ ਤਾਰਿਆ ਧੂਹ ਕੇ ਬਾਕੀ ਸੂਬਿਆਂ ਨੂੰ ਦਿੱਤਾ, ਜਿਨ੍ਹਾਂ ਦਾ ਕੋਈ ਵੀ ਕਾਨੂੰਨੀ, ਸੰਵਿਧਾਨਕ ਅਤੇ ਕੁਦਰਤੀ ਅਧਿਕਾਰ ਨਹੀਂ ਬਣਦਾ ਸੀ। ਪੰਜਾਬ ਵਿੱਚ ਜਲ ਸੰਕਟ ਨੂੰ ਠੱਲ੍ਹ ਪਾਉਣ ਲਈ ਦਰਿਆਵਾਂ ਦਾ ਮੁਕੰਮਲ ਪਾਣੀ ਦਿੱਤਾ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਸੂਬੇ ਅੰਦਰ ਨਹਿਰੀ ਵਿਵਸਥਾ ਨੂੰ ਮੁੜ ਸੁਰਜੀਤ ਕਰਕੇ ਹਰ ਖੇਤਰ ਵਿੱਚ ਨਹਿਰੀ ਪਾਣੀ ਦੀ ਪਹੁੰਚ ਨੂੰ ਯਕੀਨੀ ਬਣਾਇਆ ਜਾ ਸਕੇ। ਵਾਧੂ ਪਾਣੀ ਦੇ ਭੰਡਾਰਨ ਲਈ ਸੁਚੱਜੇ ਡਰੇਨਾਂ ਦੀ ਵਰਤੋਂ ਕਰਕੇ ਜ਼ਮੀਨੀ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਿਆ ਜਾ ਸਕਦਾ ਹੈ। ਇਸ ਲਈ ਰਿਪੇਰੀਅਨ ਸੂਬਾ ਹੋਣ ਕਰਕੇ ਪੰਜਾਬ ਦਾ ਇਨ੍ਹਾਂ ਦਰਿਆਵਾਂ ’ਤੇ ਪੂਰਨ ਅਧਿਕਾਰ ਹੋਣਾ ਚਾਹੀਦਾ ਹੈ।
ਪੰਜਾਬ ਅੱਜ ਜਿਸ ਦਹਿਲੀਜ਼ ਉੱਤੇ ਖੜ੍ਹਾ ਹੈ, ਉਸ ਉੱਪਰ ਇਸ ਨੂੰ ਗਿਣੀ ਮਿਥੀ ਸਾਜ਼ਿਸ਼ ਤਹਿਤ ਲਿਆਂਦਾ ਗਿਆ। ਹਕੂਮਤ ’ਚ ਪੰਜਾਬ ਦੇ ਆਤਮ ਨਿਰਭਰ ਹੋਣ ਦੇ ਡਰ ਨੇ ਇਸ ਨੂੰ ਹਮੇਸ਼ਾਂ ਖੋਰਾ ਲਾਇਆ ਹੈ। ਹਰੇ ਇਨਕਲਾਬ ਦੇ ਨਾਅਰੇ ਹੇਠ ਇਸ ਨੂੰ ਐਸੇ ਫ਼ਸਲੀ ਚੱਕਰ ਵਿੱਚ ਸੁੱਟਿਆ, ਜਿਸ ਦੇ ਗੇੜ ਵਿੱਚੋਂ ਅੱਜ ਤੱਕ ਬਾਹਰ ਨਹੀਂ ਆਉਣ ਦਿੱਤਾ। ਅਸੀਂ ਆਪਣੇ ਦਰਿਆਈ ਪਾਣੀ ਵੀ ਗੁਆਏ, ਆਪਣੀ ਧਰਤੀ ਹੇਠਲੇ ਪੱਤਣਾਂ ’ਚ ਸੋਕਾ ਵੀ ਲਿਆਂਦਾ ਅਤੇ ਰਹਿੰਦੇ ਪਾਣੀਆਂ ਨੂੰ ਹੁਣ ਜ਼ਹਿਰੀ ਕਰ ਲਿਆ। ਦੂਜੇ ਪਾਸੇ ਉਦਯੋਗਿਕ ਕ੍ਰਾਂਤੀ ਨੇ ਵੀ ਪੰਜਾਬ ਦੇ ਅੰਮ੍ਰਿਤ ਪਾਣੀਆਂ ਵਿੱਚ ਜ਼ਹਿਰ ਸੁੱਟਣ ਦੀ ਕੋਈ ਕਸਰ ਬਾਕੀ ਨਾ ਛੱਡੀ।
ਪੰਜਾਬ ਦੇ ਪਾਣੀਆਂ ਦਾ ਮਸਲਾ ਬੜਾ ਵਿਆਪਕ ਅਤੇ ਬਹੁਪਰਤੀ ਹੈ। ਇਸ ਦੇ ਸਬੰਧ ਵਿੱਚ ਹਰ ਪਹਿਲੂ ਬਹੁਤ ਅਹਿਮ ਹੈ। ਇਸ ਗੁੰਝਲਦਾਰ ਵਿਸ਼ੇ ਨੂੰ ਬੜੇ ਹੀ ਸੁਚੱਜੇ ਅਤੇ ਸਜਿੰਦਾ ਢੰਗ ਨਾਲ ਨਜਿੱਠਣਾ ਅੱਜ ਸਮੇਂ ਦੀ ਮੁੱਖ ਮੰਗ ਹੈ। ਪੰਜਾਬ ਦੇ ਪਾਣੀਆਂ ਦਾ ਸਬੰਧ ਸਮੁੱਚੇ ਪੰਜਾਬੀਆਂ ਨਾਲ ਹੈ, ਪਰ ਇਸ ਦੀ ਗੰਭੀਰਤਾ ਅਤੇ ਮਹੱਤਤਾ ਸਬੰਧੀ ਸਾਂਝੀਆਂ ਭਾਵਨਾਵਾਂ ਪੈਦਾ ਨਹੀਂ ਹੋ ਸਕੀਆਂ। ਇਸ ਦਾ ਖਮਿਆਜ਼ਾ ਅੱਜ ਬੰਜਰ ਹੋ ਰਹੀ ਧਰਤੀ, ਸੁੱਕ ਰਹੇ ਪੱਤਣ ਅਤੇ ਜ਼ਹਿਰੀਲੇ ਹੋ ਰਹੇ ਪਾਣੀ ਭੁਗਤ ਰਹੇ ਹਨ। ਪੰਜਾਬ ਅੰਦਰ ਕੋਈ ਵੀ ਇੱਕ ਧਿਰ ਜਾਂ ਵਰਗ ਇਸ ਸੰਕਟ ਦਾ ਹੱਲ ਨਹੀਂ ਕੱਢ ਸਕਦਾ। ਇਹ ਸਰਬ-ਸਾਂਝਾ ਮਸਲਾ ਹੈ, ਹਰ ਵਰਗ ਨੂੰ ਆਪਣੀ ਜ਼ਿੰਮੇਵਾਰੀ ਸਮਝਦੇ ਹੋਏ ਇਸ ਕਾਰਜ ਵਿੱਚ ਅੱਗੇ ਵਧਣਾ ਚਾਹੀਦਾ ਹੈ। ਪੰਜਾਬ ਦੇ ਦਰਿਆ ਇਸ ਦੀ ਜੀਵਨ ਧਾਰਾ ਹਨ, ਇਸ ਲਈ ਦਰਿਆਈ ਪਾਣੀਆਂ ਦਾ ਵਹਿਣ ਮੁੜ ਤੋਂ ਪੰਜਾਬ ਵੱਲ ਮੋੜਿਆ ਜਾਣਾ ਜ਼ਰੂਰੀ ਹੈ। ਸਮੁੱਚੀ ਸਥਿਤੀ ਨੂੰ ਠੱਲ੍ਹ ਪਾਉਣ ਲਈ ਉਪਰੋਕਤ ਨੁਕਤੇ ਅਹਿਮ ਭੂਮਿਕਾ ਨਿਭਾਉਂਦੇ ਹਨ। ਇਹ ਕਾਰਜ ਭਵਿੱਖ ਦੀ ਖੁਸ਼ਹਾਲੀ ਲਈ ਤੁਹਾਡਾ ਸਮਾਂ ਮੰਗਦਾ ਹੈ। ਲਗਾਤਾਰਤਾ ਬਣਾਈ ਰੱਖਣ ਲਈ ਹਮੇਸ਼ਾਂ ਯਤਨਸ਼ੀਲ ਰਹਿ ਕੇ ਕਾਰਜ ਕਰਨ ਨਾਲ ਹੀ ਇਸ ਸੰਕਟ ਦਾ ਸਦੀਵੀਂ ਹੱਲ ਕੱਢਿਆ ਜਾ ਸਕਦਾ ਹੈ। ਪੰਜਾਬ ਦੀ ਧਰਤ ਨੂੰ ਬੰਜਰ ਹੋਣ ਅਤੇ ਇਸ ਦੇ ਅੰਮ੍ਰਿਤ ਪਾਣੀਆਂ ਨੂੰ ਜ਼ਹਿਰੀਲਾ ਹੋਣ ਤੋਂ ਰੋਕਣਾ ਸਾਡਾ ਨੈਤਿਕ ਫ਼ਰਜ਼ ਹੈ। ਆਓ, ਪੰਜਾਬ ਦੀ ਸਦਾ ਹਰਿਆਵਲ ਲਈ ਯਤਨਸ਼ੀਲ ਹੋਈਏ।
ਸੰਪਰਕ: 99154-26454