Punjab news ਮੁੱਖ ਮੰਤਰੀ ਦੀ ਕੋਠੀ ਅੱਗੇ ਹਜ਼ਾਰਾਂ ਕਿਸਾਨਾਂ ਵੱਲੋਂ ਵਿਸ਼ਾਲ ਰੋਸ ਧਰਨਾ
ਗੁਰਦੀਪ ਸਿੰਘ ਲਾਲੀ
ਸੰਗਰੂਰ, 6 ਅਪਰੈਲ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੀ ਅਗਵਾਈ ਹੇਠ ਕਿਸਾਨਾਂ ਵੱਲੋਂ ਮੁੱਖ ਮੰਤਰੀ ਦੀ ਕੋਠੀ ਅੱਗੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਪਿੰਡ ਚਾਉਕੇ ਵਿੱਚ ਪੁਲੀਸ ਨੇ ਕਿਸਾਨਾਂ, ਮਜ਼ਦੂਰਾਂ ਤੇ ਅਧਿਆਪਕਾਂ ਉਪਰ ਲਾਠੀਚਾਰਜ ਕਰਨ ਅਤੇ ਗ੍ਰਿਫਤਾਰ ਕਰਨ ਦੀ ਨਿਖੇਧੀ ਕੀਤੀ। ਰੋਸ ਧਰਨੇ ਨੂੰ ਸੰਬੋਧਨ ਕਰਦਿਆਂ
ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਨੇ ਕਿਹਾ ਕਿ ਬਠਿੰਡਾ ਜ਼ਿਲ੍ਹੇ ਦੇ ਪਿੰਡ ਚਾਉਕੇ ਵਿਚ ਆਦਰਸ਼ ਸਕੂਲ ਸਰਕਾਰੀ ਅਤੇ ਨਿੱਜੀ ਤੌਰ ’ਤੇ ਚੱਲ ਰਿਹਾ ਹੈ। ਇਸ ਸਕੂਲ ’ਤੇ ਸਰਕਾਰ ਵੱਲੋਂ 70% ਅਤੇ ਇੱਕ ਕੰਪਨੀ ਦੀ ਵੱਲੋਂ 30% ਖ਼ਰਚਾ ਕੀਤਾ ਜਾ ਰਿਹਾ ਹੈ। ਕੰਪਨੀ ਵੱਲੋਂ ਸਕੂਲ ਦੇ ਸਟਾਫ ਨਾਲ ਧੱਕਾ ਕੀਤਾ ਜਾ ਰਿਹਾ ਹੈ। ਬੱਚਿਆਂ ਨੂੰ ਕਿਸੇ ਪ੍ਰਕਾਰ ਦੀਆਂ ਕਾਪੀਆਂ, ਕਿਤਾਬਾਂ, ਵਰਦੀਆਂ ਅਤੇ ਹੋਰ ਲੋੜੀਂਦਾ ਸਾਮਾਨ ਨਹੀਂ ਦਿੱਤਾ ਜਾ ਰਿਹਾ। ਕੰਪਨੀ ਵੱਲੋਂ ਆਪਣੇ ਚਹੇਤਿਆਂ ਨੂੰ ਸਕੂਲ ਅੰਦਰ ਨੌਕਰੀਆਂ ’ਤੇ ਰੱਖਿਆ ਜਾ ਰਿਹਾ ਹੈ। ਜਿਹੜੇ ਮੁਲਾਜ਼ਮ ਆਪਣੀਆਂ ਬਣਦੀਆਂ ਸਹੂਲਤਾਂ ਮੰਗਦੇ ਹਨ ਉਨ੍ਹਾਂ ’ਤੇ ਲਾਠੀਚਾਰਜ ਕੀਤਾ ਜਾਂਦਾ ਹੈ। ਲੰਘੇ ਦਿਨ ਹੱਕ ਮੰਗਦੇ ਅਧਿਆਪਕਾਂ ਉਪਰ ਸਰਕਾਰ ਵੱਲੋਂ ਲਾਠੀਚਾਰਜ ਕੀਤਾ ਗਿਆ ਹੈ।
ਬੁਲਾਰਿਆਂ ਨੇ ਕਿਹਾ ਕਿ ਅਸਲ ਵਿਚ ਭਗਵੰਤ ਮਾਨ ਸਰਕਾਰ ਵੀ ਸਾਰੇ ਸਰਕਾਰੀ ਮਹਿਕਮੇ ਕਾਰਪੋਰੇਟ ਘਰਾਣਿਆਂ ਨੂੰ ਵੇਚਣਾ ਚਾਹੁੰਦੀ ਹੈ। ਇਨ੍ਹਾਂ ਘਰਾਣਿਆਂ ਨੂੰ ਵੱਡੀ ਪੱਧਰ ’ਤੇ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਸਕੂਲਾਂ ਅੰਦਰ ਅਧਿਆਪਕਾਂ ਨੂੰ ਤਨਖਾਹਾਂ ਘੱਟ ਦਿੱਤੀਆਂ ਜਾ ਰਹੀਆਂ ਹਨ ਜ਼ਿਲ੍ਹਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ ਨੇ ਕਿਹਾ ਕਿ ਸੰਘਰਸ਼ ਓਨਾ ਸਮਾਂ ਜਾਰੀ ਰਹੇਗਾ ਜਿੰਨਾ ਸਮਾਂ ਚਾਉਕੇ ਸਕੂਲ ਦੀਆਂ ਮੰਗਾਂ ਸੰਪੂਰਨ ਤੌਰ ’ਤੇ ਮੰਨੀਆਂ ਨਹੀਂ ਜਾਂਦੀਆਂ। ਸੂਬਾ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ ਕਿ ਸੰਘਰਸ਼ ਕਰਦੇ ਲੋਕਾਂ ਦੀ ਜਿੱਤ ਹੁੰਦੀ ਹੈ। ਰੋਸ ਧਰਨੇ ਨੂੰ ਜ਼ਿਲ੍ਹਾ ਆਗੂ ਬਹਾਲ ਸਿੰਘ ਢੀਂਡਸਾ, ਰਾਮ ਸਰਨ ਸਿੰਘ ਉਗਰਾਹਾਂ, ਮਨਜੀਤ ਸਿੰਘ ਘਰਾਚੋਂ, ਬਹਾਦਰ ਸਿੰਘ ਭੁਟਾਲ, ਹਰਬੰਸ ਸਿੰਘ ਲੱਡਾ, ਜਗਤਾਰ ਸਿੰਘ ਲੱਡੀ, ਭਰਾਤਰੀ ਜਥੇਬੰਦੀਆਂ ਵੱਲੋਂ ਭੁਪਿੰਦਰ ਸਿੰਘ ਲੌਂਗੋਵਾਲ, ਪ੍ਰਗਟ ਸਿੰਘ ਸਾਬਕਾ ਸੈਨਿਕ, ਸੰਤਰਾਮ ਛਾਜਲੀ ਬੀਕੇਯੂ ਅਜ਼ਾਦ, ਜਸਵੀਰ ਕੌਰ ਉਗਰਾਹਾਂ ਤੇ ਹਰਭਗਵਾਨ ਸਿੰਘ ਖੇਤ ਮਜ਼ਦੂਰ ਯੂਨੀਅਨ ਨੇ ਵੀ ਸੰਬੋਧਨ ਕੀਤਾ।