ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਜੱਲ੍ਹਿਆਂਵਾਲਾ ਬਾਗ ਸਾਕਾ: ਸਦੀ ਬੀਤਣ ਮਗਰੋਂ ਵੀ ਨਾ ਬਣ ਸਕੀ ਸ਼ਹੀਦਾਂ ਦੀ ਅਧਿਕਾਰਤ ਸੂਚੀ

10:31 PM Apr 14, 2025 IST
featuredImage featuredImage
ਜੱਲ੍ਹਿਆਂਵਾਲਾ ਬਾਗ ਸ਼ਹੀਦੀ ਸਮਾਰਕ ਵਿਖੇ ਸ਼ਰਧਾਂਜਲੀ ਭੇਟ ਕਰਦੇ ਹੋਏ ਸ਼ਹੀਦਾਂ ਦੇ ਪਰਿਵਾਰਕ ਮੈਂਬਰ।

ਟ੍ਰਿਬਿਊਨ ਨਿਊਜ਼ ਸਰਵਿਸ
ਅੰਮ੍ਰਿਤਸਰ, 13 ਅਪਰੈਲ
ਇਤਿਹਾਸਕ ਜੱਲ੍ਹਿਆਂਵਾਲਾ ਬਾਗ ’ਚ 106 ਸਾਲ ਪਹਿਲਾਂ ਵਾਪਰੇ ਸਾਕੇ ਦੇ ਸ਼ਹੀਦਾਂ ਨੂੰ ਅੱਜ ਸ਼ਰਧਾਂਜਲੀ ਭੇਟ ਕੀਤੀ ਗਈ ਪਰ 106 ਸਾਲ ਬੀਤਣ ਮਗਰੋਂ ਵੀ ਇਥੇ ਸ਼ਹੀਦ ਹੋਏ ਲੋਕਾਂ ਦੀ ਮਾਰੇ ਗਏ ਵਿਅਕਤੀਆਂ ਦੀ ਅਧਿਕਾਰਤ ਸੂਚੀ ਹਾਲੇ ਨਹੀਂ ਤਿਆਰ ਹੋ ਸਕੀ ਹੈ।
ਦੱਸਣਯੋਗ ਹੈ ਕਿ ਇੱਕ ਸਦੀ ਪਹਿਲਾਂ ਹੋਏ ਇਸ ਸਾਕੇ ’ਚ ਮਾਰੇ ਗਏ ਤੇ ਜ਼ਖ਼ਮੀ ਹੋਏ ਵਿਅਕਤੀਆਂ ਦੀ ਇੱਕ ਸੂਚੀ ਉਸ ਵੇਲੇ ਅੰਗਰੇਜ਼ੀ ਸ਼ਾਸਨ ਵੱਲੋਂ ਤਿਆਰ ਕੀਤੀ ਗਈ ਸੀ ਪਰ ਇਸ ’ਚ ਕਈ ਖਾਮੀਆਂ ਸਨ। ਤਤਕਾਲੀ ਬਰਤਾਨਵੀ ਸਰਕਾਰ ਨੇ 1921 ’ਚ 381 ਸ਼ਹੀਦਾਂ ਦੀ ਸੂਚੀ ਬਣਾਈ ਸੀ। ਇਸ ਮਗਰੋਂ 501 ਨਾਵਾਂ ਵਾਲੀ ਸੂਚੀ ਸਾਹਮਣੇ ਆਈ ਸੀ ਤੇ ਜਾਂਚ ਮਗਰੋਂ 492 ਨਾਵਾਂ ਦੀ ਸੂਚੀ ਬਣੀ ਸੀ। ਵੱਖ-ਵੱਖ ਜਥੇਬੰਦੀਆਂ ਕੋਲ ਸ਼ਹੀਦਾਂ ਦੀ ਗਿਣਤੀ ਸਬੰਧੀ ਵੱਖ-ਵੱਖ ਸੂਚੀਆਂ ਹਨ।
ਪੰਜਾਬ ਵਿੱਚ 2021 ’ਚ ਕੈਪਟਨ ਸਰਕਾਰ ਵੇਲੇ ਗੁਰੂ ਨਾਨਕ ਦੇਵ ਯੂਨੀਵਰਸਿਟੀ (ਜੀਐੱਨਡੀਯੂ) ਨੂੰ ਸ਼ਹੀਦਾਂ ਦੀ ਸੂਚੀ ਤਿਆਰ ਕਰਨ ਦਾ ਜ਼ਿੰਮਾ ਦਿੱਤਾ ਗਿਆ ਸੀ। ਯੂਨੀਵਰਸਿਟੀ ’ਚ ਇਸ ਖੋਜ ਕਾਰਜ ਸਬੰਧੀ ਜੱਲ੍ਹਿਆਂਵਾਲਾ ਬਾਗ ਚੇਅਰ ਵੀ ਸਥਾਪਤ ਕੀਤੀ ਗਈ ਸੀ। ਜੀਐੱਨਡੀਯੂ ਵਿੱਚ ਸਥਾਪਤ ਜੱਲ੍ਹਿਆਂਵਾਲਾ ਬਾਗ ਚੇਅਰ ਦੀ ਮੁਖੀ ਪ੍ਰੋਫੈਸਰ ਅਮਨਦੀਪ ਬੱਲ ਅਤੇ ਡਾਕਟਰ ਦਿਲਬਾਗ ਸਿੰਘ ਨੇ ਇਸ ਮਾਮਲੇ ’ਚ ਅਪਰੈਲ 2024 ਵਿੱਚ ਆਪਣੀ ਖੋਜ ਮੁਕੰਮਲ ਕੀਤੀ ਸੀ, ਜਿਸ ਤਹਿਤ ਉਨ੍ਹਾਂ ਨੇ ਸ਼ਹੀਦਾਂ ਦੀ ਸੂਚੀ ਵਿੱਚ ਕੁਝ ਹੋਰ ਨਾਂਅ ਸ਼ਾਮਲ ਕੀਤੇ ਸਨ। ਉਨ੍ਹਾਂ ਕਿਹਾ ਕਿ ਸਰਕਾਰੀ ਸੂਚੀ ਮੁਤਾਬਕ ਸ਼ਹੀਦਾਂ ਦੀ ਗਿਣਤੀ 501 ਦੱਸੀ ਗਈ ਸੀ ਪਰ ਇਨ੍ਹਾਂ ’ਚ ਕਈ ਥਾਵਾਂ ਖਾਲੀ ਹਨ ਤੇ ਕਈ ਨਾਮ ਦੁਹਰਾਏ ਗਏ ਹਨ। ਉਨ੍ਹਾਂ ਦੱਸਿਆ ਕਿ ਉਸ ਸੂਚੀ ’ਚੋਂ 377 ਨਾਵਾਂ ਦੀ ਪੁਸ਼ਟੀ ਹੋਈ ਸੀ ਤੇ ਜਾਂਚ ਦੌਰਾਨ 57 ਹੋਰ ਸ਼ਹੀਦਾਂ ਦੇ ਨਾਂ ਸ਼ਾਮਲ ਹੋਏ ਹਨ। ਜੀਐੱਨਡੀਯੂ ਵੱਲੋਂ ਤਿਆਰ ਸੂਚੀ ’ਚ ਇਸ ਵੇਲੇ 434 ਸ਼ਹੀਦਾਂ ਦੇ ਨਾਮ ਸ਼ਾਮਲ ਹਨ।

Advertisement

ਮਾਮਲੇ ਬਾਰੇ ਬਹੁਤੀ ਜਾਣਕਾਰੀ ਨਹੀਂ: ਡੀਸੀ
ਅੰਮ੍ਰਿਤਸਰ ਦੀ ਡੀਸੀ ਸਾਕਸ਼ੀ ਸਾਹਨੀ ਨੇ ਆਖਿਆ ਕਿ ਇਸ ਮਾਮਲੇ ’ਚ ਉਨ੍ਹਾਂ ਵਧੇਰੇ ਜਾਣਕਾਰੀ ਨਹੀ ਹੈ। ਉਹ ਪਹਿਲਾਂ ਆਪਣੇ ਦਫ਼ਤਰ ’ਚ ਉਪਲਬਧ ਜਾਣਕਾਰੀ ਨੂੰ ਦੇਖਣਗੇ ਤੇ ਯੂਨੀਵਰਸਿਟੀ ਵੱਲੋਂ ਕੀਤੀ ਗਈ ਖੋਜ ਬਾਰੇ ਵੀ ਦੇਖਣਗੇ।

ਸੂਚੀ ਪ੍ਰਕਾਸ਼ਿਤ ਨਾ ਹੋਣਾ ਸਰਕਾਰ ਦੀ ਨਾਕਾਮੀ
ਸਾਬਕਾ ਸੰਸਦ ਮੈਂਬਰ ਅਤੇ ਜੱਲ੍ਹਿਆਂਵਾਲਾ ਬਾਗ ਕੌਮੀ ਯਾਦਗਾਰ ਟਰੱਸਟ ਦੇ ਮੈਂਬਰ ਤਰਲੋਚਨ ਸਿੰਘ ਨੇ ਕਿਹਾ ਕਿ ਹਾਲੇ ਤੱਕ ਸ਼ਹੀਦਾਂ ਦੀ ਅਧਿਕਾਰਤ ਸੂਚੀ ਪ੍ਰਕਾਸ਼ਿਤ ਨਾ ਕਰ ਸਕਣਾ ਪੰਜਾਬ ਸਰਕਾਰ ਦੀ ਅਸਫਲਤਾ ਹੈ। ਇਸ ਸਬੰਧੀ ਸਰਕਾਰ ਤੱਕ ਕਈ ਵਾਰ ਪਹੁੰਚ ਕਰਨ ਦੇ ਬਾਵਜੂਦ ਕੋਈ ਸਿੱਟਾ ਨਹੀਂ ਨਿਕਲਿਆ। ਉਨ੍ਹਾਂ ਕਿਹਾ ਕਿ ਜੱਲ੍ਹਿਆਂਵਾਲਾ ਬਾਗ ਵਿੱਚ ਯਾਤਰੂਆਂ ਵਾਸਤੇ ਸ਼ਹੀਦਾਂ ਦੀ ਅਧਿਕਾਰਤ ਸੂਚੀ ਹੋਣੀ ਚਾਹੀਦੀ ਹੈ।

Advertisement

Advertisement