Punjab News - War Against Drugs: ਈਡੀ ਵੱਲੋਂ ਪੰਜਾਬ 'ਚੋਂ ਡਰੱਗ ਸਿੰਡੀਕੇਟ ਦਾ ਸਰਗਣਾ PMLA ਤਹਿਤ ਗ੍ਰਿਫਤਾਰ
ਨਵੀਂ ਦਿੱਲੀ, 4 ਅਪਰੈਲ
Punjab News - ED Drugs Arrest: ਐਨਫੋਰਸਮੈਂਟ ਡਾਇਰੈਕਟੋਰੇਟ (ED) ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਸ ਨੇ ਮਨੀ ਲਾਂਡਰਿੰਗ ਰੋਕੂ ਕਾਨੂੰਨ ਤਹਿਤ ਨਸ਼ਿਆਂ ਦੀ ਇਕ ਕੌਮਾਂਤਰੀ ਸਿੰਡੀਕੇਟ ਦੇ ਪੰਜਾਬ ਅਧਾਰਤ ‘ਕਿੰਗਪਿਨ’ ਨੂੰ ਗ੍ਰਿਫਤਾਰ ਕੀਤਾ ਹੈ।
ਸੰਘੀ ਜਾਂਚ ਏਜੰਸੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਅਕਸ਼ੈ ਛਾਬੜਾ ਨੂੰ 2 ਅਪਰੈਲ ਨੂੰ ਮਨੀ ਲਾਂਡਰਿੰਗ ਰੋਕੂ ਐਕਟ (PMLA) ਦੇ ਤਹਿਤ ਜਲੰਧਰ ਤੋਂ ਹਿਰਾਸਤ ਵਿੱਚ ਲਿਆ ਗਿਆ ਸੀ। ਫਿਲਹਾਲ ਉਹ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਹਿਰਾਸਤ ਵਿੱਚ ਹੈ। ਏਜੰਸੀ ਨੇ ਪਿਛਲੇ ਸਾਲ ਅਕਤੂਬਰ 'ਚ ਛਾਬੜਾ ਦੇ ਟਿਕਾਣੇ 'ਤੇ ਛਾਪਾ ਮਾਰਿਆ ਸੀ।
ਈਡੀ ਅਨੁਸਾਰ, ਛਾਬੜਾ ਪੰਜਾਬ ਦੇ ਲੁਧਿਆਣਾ ਤੋਂ ਚਲਾਏ ਜਾ ਰਹੇ ਅੰਤਰਰਾਸ਼ਟਰੀ ਡਰੱਗ ਸਿੰਡੀਕੇਟ ਦਾ ਸਰਗਨਾ ਸੀ। ਈਡੀ ਨੇ ਬਿਆਨ ਵਿੱਚ ਕਿਹਾ, "ਉਹ ਸ਼ੈੱਲ/ਫ਼ਰਜ਼ੀ ਸੰਸਥਾਵਾਂ ਦੇ ਨਾਂ 'ਤੇ ਅਫਗਾਨਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਦਰਾਮਦ ਕਰਨ ਵਿੱਚ ਕਾਮਯਾਬ ਰਿਹਾ ਅਤੇ ਉਨ੍ਹਾਂ ਨੂੰ ਅੱਗੇ ਸਪਲਾਈ ਕਰਦਾ ਸੀ।" ਈਡੀ ਨੇ ਕਿਹਾ, "ਨਸ਼ਿਆਂ ਦੇ ਇਸ ਗੈਰ-ਕਾਨੂੰਨੀ ਵਪਾਰ ਤੋਂ ਅਪਰਾਧ ਦੀ ਵੱਡੀ ਕਮਾਈ ਕੀਤੀ ਗਈ ਸੀ, ਜੋ ਅਚੱਲ ਜਾਇਦਾਦਾਂ, ਸ਼ਰਾਬ ਦੇ ਕਾਰੋਬਾਰ ਵਿੱਚ ਨਿਵੇਸ਼ ਕੀਤੀ ਗਈ ਸੀ ਅਤੇ ਵੱਖ-ਵੱਖ ਹਵਾਲਾ ਚੈਨਲਾਂ ਰਾਹੀਂ ਭਾਰਤ ਤੋਂ ਬਾਹਰ ਤਬਦੀਲ ਕੀਤੀ ਗਈ ਸੀ।"
ਛਾਬੜਾ ਅਤੇ ਉਸਦੇ ਸਾਥੀਆਂ ਦੇ ਖਿਲਾਫ ਮਨੀ ਲਾਂਡਰਿੰਗ ਦਾ ਮਾਮਲਾ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਤੋਂ ਪੈਦਾ ਹੋਇਆ ਹੈ, ਜਿਸ ਵਿੱਚ ਦੋਸ਼ ਲਗਾਇਆ ਗਿਆ ਹੈ ਕਿ ਕੁਝ ਸਮਾਂ ਪਹਿਲਾਂ ਉਸਦੇ ਕਬਜ਼ੇ ਵਿੱਚੋਂ 20.32 ਕਿਲੋਗ੍ਰਾਮ ਹੈਰੋਇਨ ਜ਼ਬਤ ਕੀਤੀ ਗਈ ਸੀ। ਛਾਬੜਾ ਅਤੇ ਉਸਦੇ ਸਾਥੀ ਗੈਰ-ਕਾਨੂੰਨੀ ਨਸ਼ਿਆਂ ਦੇ ਨਿਰਮਾਣ ਅਤੇ ਵਿਕਰੀ ਵਿੱਚ "ਸ਼ਾਮਲ" ਸਨ। ਉਹ ਦੋ ਅਫ਼ਗ਼ਾਨ ਨਾਗਰਿਕਾਂ ਰਾਹੀਂ ਤਸਕਰੀ ਕੀਤੀ ਮੋਰਫਿਨ/ਕੱਚੀ ਹੈਰੋਇਨ ਦੀ ਪ੍ਰਕਿਰਿਆ ਕਰਦੇ ਸਨ ਅਤੇ ਪ੍ਰੋਸੈਸਡ ਹੈਰੋਇਨ ਨੂੰ ਵੱਖ-ਵੱਖ ਡਰੱਗ ਡੀਲਰਾਂ ਨੂੰ ਵੰਡਦੇ ਸਨ। -ਪੀਟੀਆਈ