ਸਰੋਵਰ ਵਿੱਚ ਡੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ
ਬਲਵਿੰਦਰ ਸਿੰਘ ਹਾਲੀ
ਕੋਟਕਪੂਰਾ, 8 ਅਪਰੈਲ
ਇਥੋਂ ਨੇੜਲੇ ਪਿੰਡ ਖਾਰਾ ਵਿੱਚ ਗੁਰਦੁਆਰਾ ਸਾਹਿਬ ਦੇ ਸਰੋਵਰ ਵਿੱਚ ਡੁੱਬਣ ਕਾਰਨ ਦੋ ਚਚੇਰੇ ਭਰਾਵਾਂ ਦੀ ਮੌਤ ਹੋ ਗਈ। ਮ੍ਰਿਤਕ ਬੱਚਿਆਂ ਦੀ ਪਛਾਣ ਲਵਪ੍ਰੀਤ ਸਿੰਘ(14) ਉਰਫ ਲੱਭੀ ਅਤੇ ਹਰਮਨ ਸਿੰਘ(14) ਵਜੋਂ ਹੋਈ ਹੈ।
ਜਾਣਕਾਰੀ ਮੁਤਾਬਕ ਪਿੰਡ ਖਾਰਾ ਦੇ ਗੁਰਦੁਆਰਾ ਸਾਹਿਬ ਵਿੱਚ ਪਿੰਡ ਦੇ ਇੱਕ ਪਰਿਵਾਰਕ ਜੀਅ ਦੇ ਪਾਠ ਦਾ ਭੋਗ ਰੱਖਿਆ ਗਿਆ ਸੀ, ਜਿੱਥੇ ਇਹ ਦੋਵੇਂ ਬੱਚੇ ਵੀ ਆਏ ਹੋਏ ਸਨ। ਪਿੰਡ ਵਾਲਿਆਂ ਅਨੁਸਾਰ ਇੱਥੇ ਇਕ ਬੱਚੇ ਦਾ ਪੈਰ ਤਿਲਕਣ ਕਾਰਨ ਉਹ ਸਰੋਵਰ ਵਿੱਚ ਡਿੱਗ ਗਿਆ ਅਤੇ ਉਸ ਨੂੰ ਬਚਾਉਣ ਲਈ ਦੂਜਾ ਬੱਚਾ ਵੀ ਸਰੋਵਰ ਵਿੱਚ ਹੀ ਉੱਤਰ ਗਿਆ ਅਤੇ ਦੋਵਾਂ ਦੀ ਡੁੱਬਣ ਕਾਰਨ ਮੌਤ ਹੋ ਗਈ। ਪਤਾ ਲੱਗਦਿਆਂ ਹੀ ਪਿੰਡ ਵਾਸੀਆਂ ਨੇ ਦੋਵਾਂ ਬੱਚਿਆਂ ਨੂੰ ਬਾਹਰ ਕੱਢਿਆ ਅਤੇ ਕੋਟਕਪੂਰਾ ਦੇ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਪਿੰਡ ਦੇ ਸਰਪੰਚ ਜੱਗਾ ਸਿੰਘ ਨੇ ਕਿਹਾ ਕਿ ਦੋਵੇਂ ਬੱਚੇ ਕਬੱਡੀ ਦੇ ਖਿਡਾਰੀ ਸਨ ਅਤੇ ਗਰੀਬ ਪਰਿਵਾਰ ਨਾਲ ਸਬੰਧ ਰੱਖਦੇ ਸਨ। ਉਨ੍ਹਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਵੀ ਪਰਿਵਾਰਾਂ ਦੀ ਮਾਲੀ ਮਦਦ ਦੀ ਮੰਗ ਕੀਤੀ ਹੈ।