ਭਗਵੰਤ ਮਾਨ ਨੇ ਪਿਛਲੇ ਸਾਲ ਸੀਆਰਪੀਐੱਫ ਦੀ ਵਾਈ ਪਲੱਸ ਸੁਰੱਖਿਆ ਦੀ ਪੇਸ਼ਕਸ਼ ਠੁਕਰਾਈ: ਸੂਤਰ
ਅਨੀਮੇਸ਼ ਸਿੰਘ
ਨਵੀਂ ਦਿੱਲੀ, 8 ਅਪਰੈਲ
ਅਰਬਾਂਪਤੀ ਗੌਤਮ ਅਡਾਨੀ ਅਤੇ ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੀ ਪਤਨੀ ਸਣੇ 206 ਵੀਵੀਆਈਪੀਜ਼ ਤੇ ਵੀਆਈਪੀਜ਼ ਨੂੰ ਮੌਜੂਦ ਸਮੇਂ ਸੁਰੱਖਿਆ ਮੁਹੱਈਆ ਕਰਵਾਉਣ ਵਾਲੇ ਨੀਮ ਫੌਜੀ ਬਲ ਸੀਆਰਪੀਐੱਫ ਨੇ ਪਿਛਲੇ ਸਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਾਈ ਪਲੱਸ ਸੁਰੱਖਿਆ ਦੇਣ ਦੀ ਪੇਸ਼ਕਸ਼ ਕੀਤੀ ਸੀ, ਪਰ ਉਨ੍ਹਾਂ ਇਸ ਤਜਵੀਜ਼ ਨੂੰ ਨਾਂਹ ਕਹਿ ਦਿੱਤੀ। ਇਹ ਦਾਅਵਾ ਇਸ ਪੂਰੇ ਘਟਨਾਕ੍ਰਮ ਤੋਂ ਜਾਣੂ ਸੂਤਰਾਂ ਨੇ ਕੀਤਾ ਹੈ।
ਹਾਲੀਆ ਸਮਿਆਂ ਵਿਚ ਨੀਮ ਫੌਜੀ ਬਲ ਨੇ ਕੇਂਦਰ ਸਰਕਾਰ ਦੀ ਸਿਫਾਰਸ਼ ’ਤੇ ਦੋ ਮੁੱਖ ਮੰਤਰੀਆਂ, ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਤੇ ਭਗਵੰਤ ਮਾਨ, ਨੂੰ ਦਰਪੇਸ਼ ਖਤਰੇ ਦੇ ਅਧਾਰ ’ਤੇ ਸੁਰੱਖਿਆ ਕਵਰ ਦੇਣ ਦੀ ਪੇਸ਼ਕਸ਼ ਕੀਤੀ ਸੀ। ਮਾਨ ਨੇ ਭਾਵੇਂ ਪੇਸ਼ਕਸ਼ ਨੂੰ ਨਾਂਹ ਕਰ ਦਿੱਤੀ ਜਦੋਂਕਿ ਸਰਮਾ ਕੋਲ ਸੀਆਰਪੀਐੱਫ ਦੀ ਜ਼ੈੱਡ ਪਲੱਸ ਸੁਰੱਖਿਆ ਹੈ। ਐੱਨਸੀਪੀ (ਐੱਸਪੀ) ਮੁਖੀ ਸ਼ਰਦ ਪਵਾਰ ਨੂੰ 2024 ਲੋਕ ਸਭਾ ਚੋਣਾਂ ਦੌਰਾਨ ਸੀਆਰਪੀਐੱਫ ਦੀ ਜ਼ੈੱਡ ਪਲੱਸ ਸੁਰੱਖਿਆ ਦੀ ਪੇਸ਼ਕਸ਼ ਕੀਤੀ ਗਈ ਸੀ, ਹਾਲਾਂਕਿ ਉਨ੍ਹਾਂ ਨੇ ਵੀ ਨਾਂਹ ਕਰ ਦਿੱਤੀ। ਵੀਵੀਆਈਪੀਜ਼ ਵਿਚੋਂ ਅਡਾਨੀ ਕੋਲ ਜ਼ੈੱਡ ਸ਼੍ਰੇਣੀ ਦੀ ਸੁਰੱੱਖਿਆ, ਮੁਕੇਸ਼ ਅੰਬਾਨੀ ਕੋਲ ਜ਼ੈੱਡ ਪਲੱਸ ਤੇ ਉਨ੍ਹਾਂ ਦੀ ਪਤਨੀ ਨੀਤਾ ਅੰਬਾਨੀ ਕੋਲ ਵਾਈ ਪਲੱਸ ਸ਼੍ਰੇਣੀ ਦੀ ਸੁਰੱਖਿਆ ਹੈ।