ਭਾਰਤ ਨੂੰ ਉਪਦੇਸ਼ ਦੇਣ ਵਾਲਿਆਂ ਦੀ ਨਹੀਂ, ਭਾਈਵਾਲਾਂ ਦੀ ਭਾਲ: ਜੈਸ਼ੰਕਰ
ਜੈਸ਼ੰਕਰ ਨੇ ਇੱਕ ਸੰਵਾਦ ਸਮਾਗਮ ਦੇ ਸੈਸ਼ਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਭਾਰਤ ਨੇ ਹਮੇਸ਼ਾ ‘ਰੂਸੀ ਯਥਾਰਥਵਾਦ’ ਦੀ ਵਕਾਲਤ ਕੀਤੀ ਹੈ ਅਤੇ ਸਰੋਤ ਮੁਹੱਈਆ ਕਰਾਉਣ ਵਾਲੇ ਤੇ ਖਪਤਕਾਰ ਦੇ ਰੂਪ ’ਚ ਭਾਰਤ ਤੇ ਰੂਸ ਵਿਚਾਲੇ ਮਹੱਤਵਪੂਰਨ ਤਾਲਮੇਲ ਹੈ ਅਤੇ ਉਹ ਇਸ ਮਾਮਲੇ ’ਚ ਇੱਕ-ਦੂਜੇ ਦੇ ਪੂਰਕ ਹਨ। ਵਿਦੇਸ਼ ਮੰਤਰੀ ਨੇ ਰੂਸ ਨੂੰ ਸ਼ਾਮਲ ਕੀਤੇ ਬਿਨਾਂ ਰੂਸ-ਯੂਕਰੇਨ ਜੰਗ ਦਾ ਹੱਲ ਲੱਭਣ ਦੀਆਂ ਪੱਛਮੀ ਮੁਲਕਾਂ ਦੀਆਂ ਕੋਸ਼ਿਸ਼ਾਂ ਦੀ ਵੀ ਆਲੋਚਨਾ ਕੀਤੀ ਤੇ ਕਿਹਾ ਕਿ ਇਸ ਨੇ ‘ਯਥਾਰਥਵਾਦ ਦੀਆਂ ਬੁਨਿਆਦੀ ਗੱਲਾਂ ਨੂੰ ਚੁਣੌਤੀ ਦਿੱਤੀ ਹੈ।’ ਉਨ੍ਹਾਂ ‘ਆਰਕਟਿਕ ਸਰਕਲ ਇੰਡੀਆ ਫੋਰਮ’ ’ਚ ਕਿਹਾ, ‘ਮੈਂ ਜਿਵੇਂ ਰੂਸ ਦੇ ਯਥਾਰਥਵਾਦ ਦਾ ਹਮਾਇਤੀ ਹਾਂ, ਉਸੇ ਤਰ੍ਹਾਂ ਮੈਂ ਅਮਰੀਕਾ ਦੇ ਯਥਾਰਥਵਾਦ ਦਾ ਵੀ ਹਮਾਇਤੀ ਹਾਂ।’ ਉਨ੍ਹਾਂ ਕਿਹਾ, ‘ਮੈਨੂੰ ਲਗਦਾ ਹੈ ਕਿ ਅੱਜ ਦੇ ਅਮਰੀਕਾ ਨਾਲ ਜੁੜਨ ਦਾ ਸਭ ਤੋਂ ਚੰਗਾ ਢੰਗ ਹਿੱਤਾਂ ਵਿਚਾਲੇ ਸਾਂਝ ਲੱਭਣਾ ਹੈ, ਨਾ ਕਿ ਵਿਚਾਰਕ ਮਤਭੇਦਾਂ ਨੂੰ ਅੱਗੇ ਰੱਖ ਕੇ ਮਿਲ ਕੇ ਕੰਮ ਕਰਨ ਦੀਆਂ ਸੰਭਾਵਨਾਵਾਂ ਨੂੰ ਕਮਜ਼ੋਰ ਹੋਣ ਦੇਣਾ ਹੈ।’
ਵਿਦੇਸ਼ ਮੰਤਰੀ ਨੇ ਆਰਕਟਿਕ ’ਚ ਹਾਲੀਆ ਘਟਨਾਕ੍ਰਮ ਦੇ ਦੁਨੀਆ ’ਤੇ ਪੈਣ ਵਾਲੇ ਪ੍ਰਭਾਵ ਅਤੇ ਬਦਲਦੇ ਆਲਮੀ ਪ੍ਰਬੰਧ ਦੇ ਖਿੱਤੇ ’ਤੇ ਪੈਣ ਵਾਲੇ ਪ੍ਰਭਾਵ ਬਾਰੇ ਚਰਚਾ ਕਰਦਿਆਂ ਇਹ ਗੱਲਾਂ ਕਹੀਆਂ। ਉਨ੍ਹਾਂ ਯੂਰਪ ਤੋਂ ਭਾਰਤ ਦੀਆਂ ਆਸਾਂ ਸਬੰਧੀ ਇੱਕ ਸਵਾਲ ਦਾ ਜਵਾਬ ਦਿੰਦਿਆਂ ਕਿਹਾ ਕਿ ਉਸ ਨੂੰ ਉਪਦੇਸ਼ ਦੇਣ ਦੀ ਥਾਂ ਤਾਲਮੇਲ ਵਾਲੇ ਢਾਂਚੇ ਦੇ ਆਧਾਰ ’ਤੇ ਕੰਮ ਕਰਨਾ ਪਵੇਗਾ। -ਪੀਟੀਆਈ