ਇਰਾਕ ’ਚ ਫਸੇ ਦੋ ਪੰਜਾਬੀ ਘਰ ਪਰਤੇ
ਹਤਿੰਦਰ ਮਹਿਤਾ
ਜਲੰਧਰ, 31 ਮਾਰਚ
ਜ਼ਿਲ੍ਹਾ ਜਲੰਧਰ ਦੇ ਪਿੰਡ ਪੱਤੜ ਕਲਾਂ ਦੇ ਗੁਰਪ੍ਰੀਤ ਸਿੰਘ ਅਤੇ ਸੋਢੀ ਰਾਮ ਆਪਣੀ ਘਰ ਦੀ ਮਾਲੀ ਹਾਲਤ ਸੁਧਾਰਨ ਲਈ ਕਰਜ਼ਾ ਚੁੱਕ ਕੇ ਸਾਲ 2024 ਦੌਰਾਨ ਕੁਵੈਤ ਲਈ ਰਵਾਨਾ ਹੋਏ ਸਨ। ਟਰੈਵਲ ਏਜੰਟ ਵੱਲੋਂ ਉਨ੍ਹਾਂ ਨੂੰ ਕੁਵੈਤ ਦੀ ਥਾਂ ਇਰਾਕ ਵਿੱਚ ਭੇਜ ਦਿੱਤਾ ਗਿਆ। ਇੱਕ ਕੰਪਨੀ ਨੇ ਉਨ੍ਹਾਂ ਨੂੰ ਉੱਥੇ ਬੰਦੀ ਬਣਾ ਲਿਆ ਤੇ ਭੁੱਖਾ ਰੱਖਿਆ। ਉਨ੍ਹਾਂ ਦੱਸਿਆ ਕਿ ਰਾਜ ਸਭਾ ਮੈਂਬਰ ਬਲਬੀਰ ਸਿੰਘ ਸੀਚੇਵਾਲ ਨੇ ਉਨ੍ਹਾਂ ਦੀ ਵਾਪਸੀ ਲਈ ਮਦਦ ਕੀਤੀ। ਨਿਰਮਲ ਕੁਟੀਆ ਸੁਲਤਾਨਪੁਰ ਲੋਧੀ ਪਰਿਵਾਰਾਂ ਸਣੇ ਪਹੁੰਚੇ ਗੁਰਪ੍ਰੀਤ ਸਿੰਘ ਤੇ ਸੋਢੀ ਰਾਮ ਨੇ ਦੱਸਿਆ ਕਿ ਉਨ੍ਹਾਂ ਨੇ ਕੁਵੈਤ ਜਾਣ ਲਈ ਕਰਜ਼ਾ ਚੁੱਕ ਕੇ ਟਰਵੈਲ ਏਜੰਟਾਂ ਨੂੰ 1.85 ਲੱਖ ਰੁਪਏ ਦਿੱਤੇ ਸਨ। ਉਨ੍ਹਾਂ ਲਈ ਇਸ ਰਕਮ ਦਾ ਵਿਆਜ ਮੋੜਨਾ ਵੀ ਔਖਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਇਰਾਕ ਵਿੱਚ ਉਨ੍ਹਾਂ ਨੂੰ ਕੰਮ ਕਰਵਾਉਣ ਦੇ ਬਾਵਜੂਦ ਤਨਖ਼ਾਹ ਨਹੀਂ ਸੀ ਦਿੱਤੀ ਜਾਂਦੀ ਨਾ ਹੀ ਕੋਈ ਮੈਡੀਕਲ ਸਹੂਲਤ ਦਿੱਤੀ ਜਾਂਦੀ ਸੀ। ਉਨ੍ਹਾਂ ਨੂੰ ਸਿਰਫ਼ ਦੋ ਡੰਗ ਦੀ ਰੋਟੀ ਦਿੱਤੀ ਜਾਂਦੀ ਸੀ। ਗੁਰਪ੍ਰੀਤ ਸਿੰਘ ਤੇ ਸੋਢੀ ਰਾਮ ਨੇ ਸ੍ਰੀ ਸੀਚੇਵਾਲ ਦਾ ਧੰਨਵਾਦ ਕੀਤਾ। ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਨੇ 15 ਮਾਰਚ ਨੂੰ ਸ੍ਰੀ ਸੀਚੇਵਾਲ ਕੋਲ ਪਹੁੰਚ ਕੀਤੀ ਸੀ ਤੇ 28 ਮਾਰਚ ਨੂੰ ਉਨ੍ਹਾਂ ਦੇ ਮੈਂਬਰ ਵਾਪਸ ਆ ਗਏ। ਰਾਜ ਸਭਾ ਮੈਂਬਰ ਬਲਬੀਰ ਸਿੰਘ ਨੇ ਵਿਦੇਸ਼ ਮੰਤਰਾਲੇ ਤੇ ਭਾਰਤੀ ਦੂਤਾਵਾਸ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਵੱਲੋਂ ਕੀਤੀ ਤੁਰੰਤ ਕਾਰਵਾਈ ਸਦਕਾ ਇਹ ਦੋਵੇਂ ਮਹਿਜ਼ 14 ਦਿਨਾਂ ਵਿੱਚ ਪਰਤ ਆਏ ਹਨ।
ਕੰਪਨੀ ’ਚ ਫਸੇ ਨੇ ਦਰਜਨ ਤੋਂ ਵੱਧ ਭਾਰਤੀ
ਗੁਰਪ੍ਰੀਤ ਸਿੰਘ ਤੇ ਸੋਢੀ ਰਾਮ ਨੇ ਖ਼ੁਲਾਸਾ ਕੀਤਾ ਕਿ ਏਜੰਟਾਂ ਵੱਲੋਂ ਉਸ ਕੰਪਨੀ ਵਿੱਚ ਵੱਡੀ ਗਿਣਤੀ ਵਿੱਚ ਭਾਰਤੀਆਂ ਨੂੰ ਗ਼ਲਤ ਤਰੀਕੇ ਨਾਲ ਭਰਤੀ ਕਰਵਾਇਆ ਜਾ ਰਿਹਾ ਹੈ। ਹਾਲੇ ਵੀ ਉੱਥੇ ਦਰਜਨ ਤੋਂ ਵੱਧ ਭਾਰਤੀ ਕਈਆਂ ਸਾਲਾਂ ਤੋਂ ਫਸੇ ਹੋਏ ਹਨ।