ਦੋ ਪੀੜ੍ਹੀਆਂ
ਅਮਰਜੀਤ ਸਿੰਘ ਮਾਨ
ਕੁਝ ਸਮਾਂ ਪਹਿਲਾਂ ਦਾ ਵਾਕਿਆ ਹੈ। ਗੁਆਂਢ ਵਿੱਚੋਂ ਭੂਆ ਲੱਗਦੀ ‘ਭੂਆ ਬਚਨੋ’ ਆਵਦੇ ਪੇਕੀਂ ਮਤਲਬ ਸਾਡੇ ਪਿੰਡ ਆਈ। ਜਿਵੇਂ ਕਿ ਹਰ ਵਾਰੀ ਹੁੰਦਾ, ਉਹ ਆਪਣੇ ਸਾਰੇ ਸਕੇ ਸਬੰਧੀਆਂ ਦੇ ਘਰ ਵੀ ਮਿਲਣ ਗਈ। ਸਾਡੇ ਘਰ ਵੀ ਆਈ। ਸਬੱਬੀਂ, ਮੇਰੀਆਂ ਦੋ ਭਾਣਜੀਆਂ ਅਰਸ਼ ਤੇ ਹਰਮਨ ਸਕੂਲੋਂ ਛੁੱਟੀਆਂ ਹੋਣ ਕਾਰਨ ਨਾਨਕੀਂ ਆਈਆਂ ਹੋਈਆਂ ਸੀ। ”ਕੁੜੇ ਘਰੇ ਈ ਏਂ?” ਕਹਿੰਦਿਆਂ ਭੂਆ ਨੇ ਗੇਟ ਦਾ ਕੁੰਡਾ ਖੜਕਾਇਆ ਤੇ ਅੰਦਰ ਲੰਘ ਆਈ।
”ਆਜਾ ਬੀਬੀ, ਤੈਨੂੰ ਕੁੰਡਾ ਖੜਕਾਉਣ ਦੀ ਲੋੜ ਕਦੋਂ ਤੋਂ ਪੈਗੀ! ਤੇਰਾ ਆਵਦਾ ਘਰ ਆ।” ਮਾਂ ਨੇ ਉਸ ਨੂੰ ਪਛਾਣਦਿਆਂ ਕਿਹਾ।
ਭੂਆ ਵਰਾਂਡੇ ਤਕ ਲੰਘ ਆਈ। ਮਾਂ ਨੇ ਝੁਕ ਕੇ ਉਸ ਦੇ ਪੈਰੀਂ ਹੱਥ ਲਾਏ। ਖੜ੍ਹੀ ਹੁੰਦਿਆਂ ਜੱਫੀ ਪਾ ਕੇ ਮਿਲੀ। ਇਕ ਵਾਰੀ ਸੱਜੇ ਮੋਢੇ ਉੱਪਰੋਂ ਦੀ, ਦੂਜੀ ਵਾਰੀ ਖੱਬੇ ਮੋਢੇ ਉੱਪਰ ਦੀ। ਫੇਰ ਬੀਬੀ ਨੇ ਦੋਵੇਂ ਹੱਥਾਂ ਨਾਲ ਉਸ ਦਾ ਮੋਢਾ ਪਲੋਸਿਆ।
ਭੂਆ ਨੂੰ ਮੱਥਾ ਟੇਕਦਿਆਂ ਮੈਂ ਉਸ ਅੱਗੇ ਬੈਠਣ ਲਈ ਕੁਰਸੀ ਕਰ ਦਿੱਤੀ। ਪਰ ਉਸ ਨੇ ਮੇਰਾ ਮੋਢਾ ਪਲੋਸ ਕੇ ਕੰਧ ਨਾਲ ਖੜ੍ਹੀ ਪਲੂੰਘੜੀ ਨੂੰ ਡਾਹ ਲਿਆ। ਅਰਸ਼ ਤੇ ਹਰਮਨ ਦੀ ਹਾਸੀ ਬੰਦ ਨਹੀਂ ਹੋ ਰਹੀ ਸੀ।
”ਆਹ ਤਾਂ ਦਾਦੇ ਮਘਾਉਣੀਆਂ ਦੋਹਤੀਆਂ ਲੱਗਦੀਆਂ! ਬੱਗੇ ਦੀਆਂ ਕੁੜੀਆਂ।” ਉਸ ਨੇ ਕੁੜੀਆਂ ਦਾ ਮੜ੍ਹੰਗਾ ਪਛਾਣਦਿਆਂ ਕਿਹਾ ।
”ਜਮਾ ਸਹੀ ਨਿਸ਼ਾਨਾ ਮਾਰਿਆ ਭੂਆ।” ਮੈਂ ਬੋਲਿਆ।
ਭੂਆ ਆਈ। ਚਾਹ ਪੀਤੀ। ਮਾਂ ਨਾਲ ਕਬੀਲਦਾਰੀ ਦੀਆਂ ਕੁਝ ਗੱਲਾਂ ਕੀਤੀਆਂ। ਆਵਦੇ ਪੇਕਿਆਂ ਦੀਆਂ ਕੁਸ਼ ਸੁਣੀਆਂ। ਕੁਸ਼ ਆਵਦੇ ਸਹੁਰਿਆਂ ਦੀਆਂ ਸੁਣਾਈਆਂ। ਚਲੀ ਗਈ। ਆਥਣ ਹੋ ਗਈ। ਰੋਟੀ ਪੱਕੀ। ਸਭ ਨੇ ਖਾਧੀ। ਬਿਸਤਰੇ ਵਿਛਾਏ ਤੇ ਸਭ ਪੈ ਗਏ।
ਇਕੋ ਮੰਜੇ ਉੱਤੇ ਪਈਆਂ ਅਰਸ਼ ਤੇ ਹਰਮਨ ਆਵਦਾ ਹਾਸਾ ਰੋਕਣ ਦਾ ਅਸੰਭਵ ਯਤਨ ਕਰ ਰਹੀਆਂ ਸਨ।
”ਕਿਵੇਂ ਬਾਹਲੀਆਂ ਖਿੱਲਾਂ ਡੋਲ੍ਹੀ ਜਾਨੀਓਂ? ਕੀ ਥਿਆ ਗਿਆ?” ਉਨ੍ਹਾਂ ਦੇ ਹਾਸੇ ‘ਚ ਸ਼ਾਮਲ ਹੁੰਦਿਆਂ ਮੈਂ ਪੁੱਛਿਆ।
”ਮਾਮਾ ਇਹ ਕਹਿੰਦੀ, ਆਹ ਕੀ ਹੋਇਆ? ਪਹਿਲਾਂ ਆਪਣੀ ਉਮਰ ਨਾਲੋਂ ਛੋਟੀ ਉਮਰ ਵਾਲੀ ਦੇ ਪੈਰੀਂ ਹੱਥ ਲਾਉਣੇ… ਫੇਰ ਜੱਫੀ ਪਾਉਣੀ… ਫੇਰ ਮੋਢਾ ਪਲੋਸਣਾ! ਕਿੰਨਾ ਕੁਸ਼?” ਹੱਸਦਿਆਂ ਅਰਸ਼ ਨੇ ਮਸਾਂ ਗੱਲ ਪੂਰੀ ਕੀਤੀ।
”ਕੀ ਮਤਲਬ?”
”ਆਏਂ ਕਹਿੰਦੀ ਆ… ਬੀ ਜਦੋਂ ਭੂਆ ਆਈ ਸੀ ਦਾਦੀ ਨੇ ਉਹਦਾ ਸਵਾਗਤ ਐਂ ਕੀਤਾ ਸੀ।” ਮੇਰੇ ਪੁੱਤਰ ਪ੍ਰੀਤ ਨੇ ਅਰਸ਼ ਦੀ ਗੱਲ ਦੀ ਵਿਆਖਿਆ ਕਰ ਦਿੱਤੀ।
”ਇਹ ਤਾਂ ਬਈ ਸੋਡੀ ਪੀੜ੍ਹੀ ਦੀ ਸਮਝ ਤੋਂ ਪਹਿਲਾਂ ਦੀ ਗੱਲ ਆ। ਹੁਣ ਉਹ ਸਮਾਂ ਨਹੀਂ ਰਿਹਾ… ਲੰਘ ਗਿਆ।” ਮੈਂ ਗੱਲ ਨੂੰ ਘੁਮਾ ਕੇ ਪਲਟਾਉਣ ਦੀ ਕੋਸ਼ਿਸ਼ ਕੀਤੀ। ਜਿਹੋ ਜਿਹਾ ਸਮਾਂ ਹੁਣ ਚੱਲ ਰਿਹਾ ਹੈ, ਉਸ ਵੇਲੇ ਇਸ ਗੱਲ ਨੂੰ ਖੋਲ੍ਹ ਕੇ ਸਮਝਾਉਣ ਦੀ ਮੈਨੂੰ ਲੋੜ ਨਹੀਂ ਲੱਗ ਰਹੀ ਸੀ, ਜਦੋਂ ਗੁਆਂਢ ਵਿੱਚੋਂ ਨਣਦ ਦੀ ਥਾਂ ਲੱਗਦੀ ਔਰਤ ਦੇ ਇਕੋ ਸਮੇਂ ਪੈਰੀਂ ਪੈਣਾ , ਗਲਵਕੜੀ ਪਾਉਣੀ ਤੇ ਫਿਰ ਮੋਢਾ ਪਲੋਸਣਾ ਅੱਜ ਦੀ ਪੀੜ੍ਹੀ ਦੇ ਸੰਸਕਾਰਾਂ ਦਾ ਹਿੱਸਾ ਨਹੀਂ ਰਹਿ ਗਿਆ।
”ਨਹੀਂ ਮਾਮਾ ਜੀ, ਪਲੀਜ਼ ਸਾਨੂੰ ਮਤਲਬ ਸਮਝਾਓ।” ਵੱਡੀ ਹਰਮਨ ਖਹਿੜੇ ਪੈ ਗਈ ਸੀ। ਮੈਂ ਪ੍ਰੀਤ ਤੇ ਅਰਸ਼ ਵੱਲ ਝਾਕਿਆ। ਉਨ੍ਹਾਂ ਦੀ ਤੱਕਣੀ ਵੀ ਇਹੋ ਕੁਝ ਕਹਿ ਰਹੀ ਸੀ। ”ਦੇਖ ਹਰਮਨ…” ਮੈਂ ਸ਼ੁਰੂ ਹੋ ਗਿਆ, ”…ਜਦੋਂ ਤੁਸੀਂ ਫੇਸਬੁੱਕ ‘ਤੇ ਵਾਹਿਗੁਰੂ ਮਿਹਰ ਕਰੀਂ ਲਿਖਣਾ ਹੁੰਦੈ ਤਾਂ ਕੀ ਲਿਖਦੇ ਹੋ?” ਮੈਂ ਉਸ ਨੂੰ ਸੰਬੋਧਤ ਹੋਇਆ।
”ਡਬਲਯੂ ਐੱਮ ਕੇ।” ਉਹ ਬੋਲੀ।
”ਹੈਪੀ ਬਰਥਡੇਅ ਨੂੰ ਕੀ ਲਿਖਦੇ ਓ?” ਮੈਂ ਅਰਸ਼ ਵੱਲ ਝਾਕਿਆ।
”ਐਚ ਬੀ ਡੀ।” ਉਸ ਦਾ ਜਵਾਬ ਸੀ।
”ਜਦੋਂ ਕਿਸੇ ਨੂੰ ਸਤਿ ਸ੍ਰੀ ਅਕਾਲ ਕਹਿਣਾ ਹੋਵੇ?” ਮੈਂ ਪੁੱਛਿਆ।
ਪ੍ਰੀਤ ਵੱਡਾ ਸੀ। ਉਹ ਮੇਰੇ ਇਸ਼ਾਰੇ ਨੂੰ ਸਮਝ ਗਿਆ। ”ਐੱਸ ਐੱਸ ਏ… ਹੁਣ ਤਾਂ ਡੈਡੀ ਅਫ਼ਸੋਸ ਲਈ ਵੀ ‘ਆਰ ਆਈ ਪੀ’ ਚੱਲ ਪਿਆ… ‘ਰਿਪ’।” ਉਹ ਮੁਸਕਰਾਇਆ ਤੇ ਬੋਲਿਆ। ਮੈਂ ਵੀ ਬਿਨਾਂ ਦੰਦ ਦਿਖਾਏ ਹੱਸਿਆ।
”ਫੇਰ ਤਾਂ ਭਾਈ ਸੋਡੀ ਪੀੜ੍ਹੀ ਨੂੰ ਆਪਣੇ ਬਜ਼ੁਰਗਾਂ ਦੀ ਮਿਲਣੀ ਦਾ ਰਹੱਸ ਸਮਝ ਆਉਣਾ ਮੁਸ਼ਕਲ ਆ। ਸੋਨੂੰ ਸਮਝ ਵੀ ਨੀ ਆਉਣਾ।” ਪ੍ਰੀਤ ਵੱਲ ਦੇਖ ਕੇ ਇਸ਼ਾਰਾ ਕਰਦਿਆਂ ਮੈਂ ਹਰਮਨ ਤੇ ਅਰਸ਼ ਨੂੰ ਸੰਬੋਧਤ ਹੋਇਆ। ”ਕਿਉਂ ਜੁਆਕੜੀਆਂ ਤੋਂ ਹਾੜ੍ਹੇ ਕਢਾਏ ਨੇ… ਜੇ ਪਤਾ ਤਾਂ ਦੱਸ ਦਿਓ।” ਦੁੱਧ ਵਾਲਾ ਜੱਗ ਲੈ ਕੇ ਆਉਂਦੀ ਪ੍ਰੀਤ ਦੀ ਮਾਂ ਬੋਲੀ।
ਹੁਣ ਤਾਂ ਦੱਸਣਾ ਹੀ ਪੈਣਾ ਸੀ। ”ਦੇਖੋ ਬਈ ਭੂਆ ਬਚਨੋ ਤੇ ਮਾਂ ਦਾ ਰਿਸ਼ਤਾ ਹੈਗਾ, ਨਣਦ ਭਰਜਾਈ ਦਾ ਰਿਸ਼ਤਾ। ਨਣਦ ਜਾਣੀ ਪਤੀ ਦੀ ਭੈਣ, ਆਵਦੀ ਭਰਜਾਈ ਤੋਂ ਰਿਸ਼ਤੇ ‘ਚ ਵੱਡੀ ਥਾਂ ਲੱਗਦੀ ਆ ਤਾਂ ਕਰਕੇ ਮਾਂ ਨੇ ਉਹਦੇ ਪੈਰੀਂ ਹੱਥ ਲਾਏ।” ਮੈਂ ਪਹਿਲੀ ਗੱਲ ਕੀਤੀ।
”ਤੇ ਗਲਵੱਕੜੀ?” ਹਰਮਨ ਬੋਲੀ ਸੀ।
”ਜਦੋਂ ਥੋਡੀ ਨਾਨੀ ਏਸ ਘਰੇ ਵਿਆਹੀ ਆਈ ਸੀ ਤਾਂ ਉਸ ਦੀ ਸਭ ਤੋਂ ਨੇੜਲੀ ਸਹੇਲੀ ਇਹੀ ਭੂਆ ਸੀ। ਦੋ ਸਹੇਲੀਆਂ ਗਲਵੱਕੜੀ ਪਾ ਕੇ ਮਿਲਦੀਆਂ। ਇਹ ਨਣਦ ਭਰਜਾਈ ਵੀ ਨੇ ਤੇ ਸਹੇਲੀਆਂ ਵੀ ਨੇ।”
”ਮਾਮਾ, ਜਦੋਂ ਪੈਰੀਂ ਪੈਣਾ ਹੋ ਗਿਆ… ਗਲਵੱਕੜੀ ਪੈ ਗਈ। ਫੇਰ ਸਿਰ ਪਲੋਸਣਾ…?” ਅਰਸ਼ ਨੇ ਆਵਦੀ ਗੱਲ ਅੱਧ ਵਿਚਾਲੇ ਛੱਡ ਦਿੱਤੀ।
”ਸਿਰ ਪਲੋਸਣਾ…ਹਾਂ! ਚੰਗੀਆਂ ਭਰਜਾਈਆਂ ਉਮਰੋਂ ਛੋਟੀ ਨਣਦ ਨੂੰ ਆਵਦੀ ਧੀ ਦੀ ਥਾਂ ਸਮਝਦੀਆਂ ਨੇ। ਭਾਵੇਂ ਪੰਜ ਚਾਰ ਮਹੀਨੇ ਈ ਸਹੀ… ਭੂਆ ਸੋਡੀ ਨਾਨੀ ਨਾਲੋਂ ਹੈ ਤਾਂ ਛੋਟੀ ਹੀ।” ਮੇਰੇ ਜਵਾਬ ਸੁਣ ਕੇ ਮੈਨੂੰ ਲੱਗਿਆ ਜਿਵੇਂ ਬੱਚੇ ਸੰਤੁਸ਼ਟ ਹੋ ਗਏ ਹੋਣ।
ਪਰ ਕੀ ਵਾਹਿਗੁਰੂ ਮੇਹਰ ਕਰੀਂ ਨੂੰ ‘ਡਬਲਯੂ ਐੱਮ ਕੇ’, ਹੈਪੀ ਬਰਥਡੇਅ ਨੂੰ ‘ਐੱਚ ਬੀ ਡੀ’ ਜਾਂ ਸਾਸਰੀ ਅਕਾਲ ਨੂੰ ‘ਐੱਸ ਐੱਸ ਏ’, ਅਫ਼ਸੋਸ ਨੂੰ ‘ਆਰ ਆਈ ਪੀ/ ਰਿਪ’ ਕਹਿਣ ਵਾਲੀ ਸਾਡੇ ਤੋਂ ਅਗਲੀ ਜਾਂ ਉਸ ਤੋਂ ਅਗਲੀ ਪੀੜ੍ਹੀ ਨੂੰ ਅਸੀਂ ਸਾਡੀ ਪੀੜ੍ਹੀ ਜਾਂ ਸਾਡੇ ਤੋਂ ਪਹਿਲਾਂ ਵਾਲੀ ਪੀੜ੍ਹੀ ਵਾਲੇ ਸੰਸਕਾਰ ਦੇ ਸਕਾਂਗੇ!
ਸੰਪਰਕ: 94634-45092