ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਵੈਭਵ ਦੇ ਬੱਲੇ ਦੀ ਮਹਿਮਾ

04:50 AM May 07, 2025 IST
featuredImage featuredImage
ਬਲਵਿੰਦਰ ਕੌਰ
Advertisement

ਅਠਾਈ ਅਪਰੈਲ ਦੀ ਰਾਤ ਨੂੰ ਆਈਪੀਐੱਲ 2025 ਵਿੱਚ ਅਜਿਹਾ ਪਲ ਆਇਆ ਜਿਸ ਨੂੰ ਵਿਸ਼ਵ ਕ੍ਰਿਕਟ ਹਮੇਸ਼ਾ ਯਾਦ ਰੱਖੇਗਾ। ਇਸ ਰਾਤ 14 ਸਾਲ ਦਾ ਬੱਚਾ ਵੈਭਵ ਸੂਰਿਆਵੰਸ਼ੀ ਆਪਣੇ ਬੱਲੇ ਨਾਲ ਮੈਚ ਦੀ ਨਵੀਂ ਇਬਾਰਤ ਲਿਖਣ ਲਈ ਦ੍ਰਿੜ ਸੀ। ਇਸ ਮੈਚ ’ਚ ਵੈਭਵ ਦਾ ਜੋ ਰੂਪ ਦੇਖਣ ਨੂੰ ਮਿਲਿਆ, ਉਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਉਸ ਦਿਨ ਵੈਭਵ ਨੇ ਗੁਜਰਾਤ ਟਾਈਟਨਜ਼ ਵਿਰੁੱਧ ਸਿਰਫ਼ 35 ਗੇਂਦਾਂ ਵਿੱਚ ਸੈਂਕੜਾ ਲਗਾਇਆ; ਇਸ ਤੋਂ ਪਹਿਲਾਂ ਉਸ ਨੇ 17 ਗੇਂਦਾਂ ਵਿੱਚ ਅਰਧ ਸੈਂਕੜੇ ਦਾ ਰਿਕਾਰਡ ਬਣਾਇਆ। ਉਹ ਆਈਪੀਐੱਲ ਦੇ ਇਤਿਹਾਸ ਵਿੱਚ ਸਭ ਤੋਂ ਤੇਜ਼ ਸੈਂਕੜਾ ਬਣਾਉਣ ਵਾਲਾ ਭਾਰਤੀ ਖਿਡਾਰੀ ਬਣ ਗਿਆ ਹੈ।

ਗੁਜਰਾਤ ਟਾਈਟਨਜ਼ ਦੇ ਜਿਨ੍ਹਾਂ ਗੇਂਦਬਾਜ਼ਾਂ ਦੀਆਂ ਬਾਲਾਂ ’ਤੇ ਵੈਭਵ ਨੇ ਦੌੜਾਂ ਦੀ ਝੜੀ ਲਗਾਈ, ਉਹ ਕੋਈ ਆਮ ਨਹੀਂ ਸਗੋਂ ਕੌਮਾਂਤਰੀ ਮੈਚਾਂ ਦੇ ਤਜਰਬੇਕਾਰ ਗੇਂਦਬਾਜ਼ ਇਸ਼ਾਂਤ ਸ਼ਰਮਾ, ਮੁਹੰਮਦ ਸਿਰਾਜ, ਵਾਸ਼ਿੰਗਟਨ ਸੁੰਦਰ ਤੇ ਰਾਸ਼ਿਦ ਖ਼ਾਨ ਵਰਗੇ ਖਿਡਾਰੀ ਸਨ ਜਿਨ੍ਹਾਂ ਦੇ ਸਾਹਮਣੇ ਇਹ 14 ਸਾਲਾ ਬੱਲੇਬਾਜ਼ ਡਟ ਕੇ ਖੜ੍ਹਾ ਸੀ। ਇਸ ਬੱਚੇ ਸਾਹਮਣੇ ਉਹ ਬੇਵੱਸ ਨਜ਼ਰ ਆਏ।

Advertisement

ਆਈਪੀਐੱਲ ਦਾ ਕੰਟਰੈਕਟ ਹਾਸਲ ਕਰਨ ਵਾਲਾ ਸਭ ਤੋਂ ਘੱਟ ਉਮਰ ਦਾ ਖਿਡਾਰੀ ਹੋਣ ਕਾਰਨ ਵੈਭਵ ਇਸ ਸੀਜ਼ਨ ਵਿੱਚ ਸਾਰਿਆਂ ਦੀਆਂ ਨਜ਼ਰਾਂ ਵਿੱਚ ਹੈ। ਉਸ ਨੂੰ 1.10 ਕਰੋੜ ਰੁਪਏ ਦੀ ਡੀਲ ਨਾਲ ਰਾਜਸਥਾਨ ਰਾਇਲਜ਼ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਉਹ ਅਜਿਹਾ ਪਹਿਲਾ ਖਿਡਾਰੀ ਹੈ, ਜਿਸ ਦੀ ਉਮਰ ਆਈਪੀਐੱਲ ਲੀਗ ਦੀ ਆਪਣੀ ਉਮਰ 18 ਸਾਲ ਤੋਂ ਘੱਟ ਹੈ; ਉਸ ਦਾ ਜਨਮ ਆਈਪੀਐੱਲ ਲੀਗ ਸ਼ੁਰੂ ਹੋਣ ਤੋਂ ਚਾਰ ਸਾਲ ਬਾਅਦ, 27 ਮਾਰਚ 2011 ਨੂੰ ਬਿਹਾਰ ਦੇ ਸਮਸਤੀਪੁਰ ਨੇੜੇ ਇੱਕ ਪਿੰਡ ਵਿੱਚ ਹੋਇਆ। ਉਸ ਦੀ ਉਮਰ ਨੂੰ ਲੈ ਕੇ ਕਈ ਵਿਵਾਦ ਵੀ ਉੱਠੇ, ਪਰ ਉਸ ਦੇ ਕੋਚ ਮਨੀਸ਼ ਓਝਾ ਦਾ ਕਹਿਣਾ ਹੈ ਕਿ ਉਮਰ ਦੇ ਸਾਰੇ ਪ੍ਰਮਾਣ ਦੇਖਣ ਤੋਂ ਬਾਅਦ ਹੀ ਉਸ ਨੂੰ ਪ੍ਰਵਾਨਗੀ ਮਿਲੀ ਹੈ। ਉਮਰ ਦੇ ਪ੍ਰਮਾਣ ਲਈ ਉਸ ਦਾ ਹੱਡੀਆਂ ਦਾ ਟੈਸਟ ਵੀ ਹੋ ਚੁੱਕਿਆ ਹੈ।

ਇਹ ਉਹੀ ਬੱਚਾ ਹੈ ਜੋ ਆਪਣੇ ਆਈਪੀਐੱਲ ਦੇ ਪਹਿਲੇ ਮੈਚ ਵਿੱਚ ਆਊਟ ਹੋਣ ’ਤੇ ਰੋਣ ਲੱਗ ਪਿਆ ਸੀ। ਵੈਭਵ ਨੇ ਇਸ ਆਈਪੀਐੱਲ ਵਿੱਚ ਲਖਨਊ ਸੁਪਰ ਜਾਇੰਟਸ ਖ਼ਿਲਾਫ਼ ਆਪਣੀ ਸ਼ੁਰੂਆਤ ਕੀਤੀ। ਉਸ ਨੇ ਪਹਿਲੀ ਹੀ ਗੇਂਦ ’ਤੇ ਹੰਢੇ ਹੋਏ ਗੇਂਦਬਾਜ਼ ਸ਼ਾਰਦੁਲ ਠਾਕੁਰ ਦੀ ਗੇਂਦ ’ਤੇ ਛੱਕਾ ਮਾਰ ਦਿੱਤਾ। ਆਪਣੇ ਪਹਿਲੇ ਮੈਚ ਵਿੱਚ ਉਸ ਨੇ ਸਿਰਫ਼ 20 ਗੇਂਦਾਂ ਵਿੱਚ 34 ਦੌੜਾਂ ਬਣਾਈਆਂ, ਪਰ ਆਊਟ ਹੋਣ ਤੋਂ ਬਾਅਦ ਉਹ ਰੋਣ ਲੱਗ ਪਿਆ... ਆਖਿ਼ਰ ਹੈ ਤਾਂ ਅਜੇ ਉਹ ਬੱਚਾ ਹੀ, ਬੇਸ਼ੱਕ ਉਸ ਦੀਆਂ ਪ੍ਰਾਪਤੀਆਂ ਵੱਡਿਆਂ ਤੋਂ ਵੀ ਵੱਡੀਆਂ ਹਨ। ਉਸ ਦਿਨ ਹੰਝੂਆਂ ਨਾਲ ਭਰੀਆਂ ਉਸ ਦੀਆਂ ਅੱਖਾਂ ਤੋਂ ਸਪੱਸ਼ਟ ਸੀ ਕਿ ਇਸ ਖਿਡਾਰੀ ਦੇ ਅੰਦਰ ਬਹੁਤ ਚੰਗਾ ਖੇਡਣ ਦੀ ਭੁੱਖ ਹੈ। ਇਹ ਭੁੱਖ ਉਸ ਦੇ ਰਵੱਈਏ ਅਤੇ ਉਸ ਦੀਆਂ ਅੱਖਾਂ ਤੋਂ ਸਾਫ਼ ਪ੍ਰਗਟ ਹੁੰਦੀ ਸੀ। ਫਿਰ ਕੁਝ ਹੀ ਦਿਨਾਂ ਬਾਅਦ ਉਸ ਨੇ ਆਪਣੇ ਬੱਲੇ ਨਾਲ ਆਪਣੇ ਇਰਾਦੇ ਦੁਨੀਆ ਅੱਗੇ ਸਪੱਸ਼ਟ ਕਰ ਦਿੱਤੇ। ਵੈਭਵ ਦੀ ਪ੍ਰਾਪਤੀ ਨੂੰ ਦੁਨੀਆ ਨੇ ਵੀ ਸਲਾਮ ਕੀਤਾ ਹੈ। ਵਿਸ਼ਵ ਦੇ ਮੁੱਖ ਮੀਡੀਆ ਅਦਾਰਿਆਂ ‘ਨਿਊਯਾਰਕ ਟਾਈਮਜ਼’, ‘ਸੀਐੱਨਐੱਨ’, ‘ਬੀਬੀਸੀ’ ਅਤੇ ‘ਗਾਰਡੀਅਨ’ ਨੇ ਵੀ ਆਪਣੇ ਲੇਖਾਂ ਵਿੱਚ ਵੈਭਵ ਦੀ ਮਹਿਮਾ ਕੀਤੀ ਹੈ।

ਇਸ ਹੋਣਹਾਰ ਬਾਲਕ ਨੇ ਜਦੋਂ ਇਹ ਕਾਰਨਾਮਾ ਕੀਤਾ ਤਾਂ ਪੂਰਾ ਸਟੇਡੀਅਮ ਤਾੜੀਆਂ ਨਾਲ ਗੂੰਜ ਉੱਠਿਆ, ਹਰ ਵਿਅਕਤੀ ਵੈਭਵ ਦੇ ਸਤਿਕਾਰ ਵਿੱਚ ਖੜ੍ਹਾ ਸੀ, ਉਹ ਚਾਹੇ ਉਸ ਦੀ ਟੀਮ ਦੇ ਸਾਥੀ ਹੋਣ, ਵਿਰੋਧੀ ਟੀਮ ਦੇ ਖਿਡਾਰੀ ਜਾਂ ਫਿਰ ਦਰਸ਼ਕ। ਵਿਰੋਧੀ ਟੀਮ ਦੇ ਖਿਡਾਰੀ ਵੀ ਉਸ ਨੂੰ ਮੈਦਾਨ ਵਿੱਚ ਸ਼ਾਬਾਸ਼ ਦੇ ਕੇ ਆਏ। ਹਮੇਸ਼ਾ ਸ਼ਾਂਤ ਰਹਿਣ ਵਾਲੇ ਆਪਣੇ ਗੁਰੂ ਰਾਹੁਲ ਦ੍ਰਾਵਿੜ (ਰਾਜਸਥਾਨ ਰਾਇਲਜ਼ ਟੀਮ ਦਾ ਹੈੱਡ ਕੋਚ) ਅੰਦਰ ਵੀ ਉਸ ਨੇ ਆਪਣੀ ਬੱਲੇਬਾਜ਼ੀ ਨਾਲ ਜੋਸ਼ ਭਰ ਦਿੱਤਾ ਜਦੋਂ ਉਸ ਨੇ ਆਪਣੀ ਵ੍ਹੀਲਚੇਅਰ ਤੋਂ ਉੱਠ ਕੇ ਇਸ ਬੱਚੇ ਦੇ ਸੈਂਕੜੇ ਦਾ ਜਸ਼ਨ ਮਨਾਇਆ। ਇਹ ਅਜਿਹਾ ਨਜ਼ਾਰਾ ਸੀ ਜੋ ਹਮੇਸ਼ਾ ਯਾਦ ਰਹੇਗਾ। ਪੈਰ ਵਿੱਚ ਸੱਟ ਲੱਗਣ ਕਾਰਨ ਵ੍ਹੀਲਚੇਅਰ ’ਤੇ ਬੈਠੇ ਰਾਹੁਲ ਨੂੰ ਆਪਣਾ ਦਰਦ ਵੀ ਭੁੱਲ ਗਿਆ ਅਤੇ ਉਹ ਉੱਛਲ ਕੇ ਖੜ੍ਹਾ ਹੋ ਗਿਆ।

ਸਾਬਕਾ ਭਾਰਤੀ ਆਲਰਾਊਂਡਰ ਯੂਸਫ਼ ਪਠਾਨ, ਜਿਸ ਦੇ ਨਾਂ ਹੁਣ ਤੱਕ 37 ਗੇਂਦਾਂ ਵਿੱਚ ਸਭ ਤੋਂ ਤੇਜ਼ ਭਾਰਤੀ ਆਈਪੀਐੱਲ ਸੈਂਕੜਾ ਲਗਾਉਣ ਦਾ ਰਿਕਾਰਡ ਸੀ, ਨੇ ਲਿਖਿਆ, “ਮੇਰਾ ਰਿਕਾਰਡ ਤੋੜਨ ਲਈ ਵੈਭਵ ਸੂਰਿਆਵੰਸ਼ੀ ਨੂੰ ਮੁਬਾਰਕਾਂ! ਸਭ ਤੋਂ ਵਧੀਆ ਗੱਲ ਇਹ ਹੈ ਕਿ ਉਸ ਨੇ ਰਾਜਸਥਾਨ ਰਾਇਲਜ਼ ਲਈ ਖੇਡਦੇ ਹੋਏ ਇਹ ਕੀਤਾ। ਇਸ ਫਰੈਂਚਾਇਜ਼ੀ ਵਿੱਚ ਸੱਚਮੁੱਚ ਨੌਜਵਾਨ ਖਿਡਾਰੀਆਂ ਲਈ ਜਾਦੂ ਹੈ। ਬਹੁਤ ਲੰਮਾ ਸਫ਼ਰ ਤੈਅ ਕਰਨਾ ਹੈ, ਚੈਂਪੀਅਨ!”

ਸਚਿਨ ਤੇਂਦੁਲਕਰ ਨੇ ਵੈਭਵ ਦੀ ਤਾਰੀਫ਼ ਕਰਦੇ ਹੋਏ ਕਿਹਾ, “ਵੈਭਵ ਦੀ ਨਿਡਰਤਾ, ਬੱਲੇ ਦੀ ਗਤੀ ਅਤੇ ਊਰਜਾ ਨੇ ਇਸ ਸ਼ਾਨਦਾਰ ਪਾਰੀ ਨੂੰ ਜਨਮ ਦਿੱਤਾ। ਨਤੀਜਾ: 38 ਗੇਂਦਾਂ ਵਿੱਚ 101 ਦੌੜਾਂ। ਉਹ ਸ਼ਾਨਦਾਰ ਖੇਡਿਆ!” ਯੁਵਰਾਜ ਸਿੰਘ ਨੇ ਵੀ ਵੈਭਵ ਦੀ ਪ੍ਰਸ਼ੰਸਾ ਕੀਤੀ ਅਤੇ ਕਿਹਾ, “14 ਸਾਲ ਦੀ ਉਮਰ ਵਿੱਚ ਇਹ ਬੱਚਾ ਦੁਨੀਆ ਦੇ ਸਭ ਤੋਂ ਵਧੀਆ ਗੇਂਦਬਾਜ਼ਾਂ ਦਾ ਬਹਾਦਰੀ ਨਾਲ ਸਾਹਮਣਾ ਕਰ ਰਿਹਾ ਹੈ! ਨਾਮ ਯਾਦ ਰੱਖੋ: ਵੈਭਵ ਸੂਰਿਆਵੰਸ਼ੀ। ਅਗਲੀ ਪੀੜ੍ਹੀ ਦਾ ਚਮਕਦਾ ਸਿਤਾਰਾ!” ਖੇਡਾਂ ਦੀ ਦੁਨੀਆ ਤੋਂ ਹਟ ਕੇ ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਵੀ ਸ਼ੋਸਲ ਮੀਡੀਆ ’ਤੇ ਲਿਖਿਆ, “ਅੱਠਵੀਂ ਜਮਾਤ ਦੇ ਬੱਚੇ ਨੂੰ ਆਈਪੀਐੱਲ ਖੇਡਦੇ ਦੇਖਣ ਲਈ ਉੱਠਿਆ, ਕਿੰਨੀ ਸ਼ਾਨਦਾਰ ਸ਼ੁਰੂਆਤ ਕੀਤੀ ਹੈ।” ਇੰਨੀ ਘੱਟ ਉਮਰ ਵਿੱਚ ਦੁਨੀਆ ਦੀ ਸਭ ਤੋਂ ਵੱਡੀ ਟੀ-20 ਲੀਗ ਵਿੱਚ ਸੈਂਕੜਾ ਬਣਾਉਣ ’ਤੇ ਵੈਭਵ ਨੂੰ ਜਦੋਂ ਪੁੱਛਿਆ ਗਿਆ ਕਿ ਇੰਨੇ ਵੱਡੇ-ਵੱਡੇ ਗੇਂਦਬਾਜ਼ਾਂ ਦੇ ਸਾਹਮਣੇ ਕੀ ਉਸ ਨੂੰ ਕਦੇ ਡਰ ਨਹੀਂ ਲੱਗਿਆ ਤਾਂ ਉਸ ਨੇ ਬਹੁਤ ਦਲੇਰੀ ਨਾਲ ਕਿਹਾ, “ਮੈਨੂੰ ਕੋਈ ਡਰ ਨਹੀਂ ਹੈ। ਮੈਂ ਜ਼ਿਆਦਾ ਨਹੀਂ ਸੋਚਦਾ ਕਿਉਂਕਿ ਮੈਂ ਸਿਰਫ਼ ਆਪਣੀ ਖੇਡ ’ਤੇ ਹੀ ਧਿਆਨ ਦਿੰਦਾ ਹਾਂ। ਆਈਪੀਐੱਲ ਵਿੱਚ ਸੈਂਕੜਾ ਲਗਾਉਣਾ ਸੁਫਨਾ ਸੀ ਅਤੇ ਮੈਂ ਇਹ ਪੂਰਾ ਕਰ ਲਿਆ ਹੈ।”

ਆਪਣੀ ਇਤਿਹਾਸਕ ਪਾਰੀ ਦੇ ਪਲ ਯਾਦ ਕਰਦਿਆਂ ਵੈਭਵ ਨੇ ਕਿਹਾ, “ਮੇਰੇ ਦਿਮਾਗ਼ ਵਿੱਚ ਇਹ ਨਹੀਂ ਸੀ ਕਿ ਮੇਰਾ ਸਾਹਮਣਾ ਕੌਮਾਂਤਰੀ ਗੇਂਦਬਾਜ਼ਾਂ ਨਾਲ ਹੋ ਰਿਹਾ ਹੈ, ਸਗੋਂ ਮੇਰਾ ਪੂਰਾ ਧਿਆਨ ਗੇਂਦ ਅਤੇ ਖੇਡ ’ਤੇ ਸੀ।” ਆਪਣੇ ਪਹਿਲੇ ਹੀ ਮੈਚ ਨਾਲ ਵੈਭਵ ਨੇ ਦਿਖਾ ਦਿੱਤਾ ਸੀ ਕਿ ਉਸ ਨੂੰ ਕ੍ਰਿਕਟ ਲਈ ਕਿੰਨਾ ਜਨੂੰਨ ਹੈ। ਉਸ ਨੇ ਸ਼ਾਰਦੁਲ ਠਾਕੁਰ ਦੀ ਪਹਿਲੀ ਹੀ ਗੇਂਦ ’ਤੇ ਛੱਕਾ ਮਾਰਿਆ, ਜਿਸ ਤੋਂ ਸਪੱਸ਼ਟ ਹੋ ਗਿਆ ਸੀ ਕਿ ਇਹ ਬੱਲੇਬਾਜ਼ ਬਹੁਤ ਨਿਡਰ ਹੈ।

ਫਿਰ ਉਹ ਪਲ ਆਇਆ ਜਿਸ ਦੀ ਸ਼ਾਇਦ ਆਈਪੀਐੱਲ ਬੇਸਬਰੀ ਨਾਲ ਉਡੀਕ ਕਰ ਰਿਹਾ ਸੀ। ਵੈਭਵ ਨੇ ਗੁਜਰਾਤ ਟਾਈਟਨਜ਼ ਖ਼ਿਲਾਫ਼ ਮੈਚ ਵਿੱਚ 35 ਗੇਂਦਾਂ ਵਿੱਚ ਸੈਂਕੜਾ ਅਤੇ 38 ਗੇਂਦਾਂ ਵਿੱਚ 101 ਦੌੜਾਂ ਬਣਾਈਆਂ। ਉਸ ਨੇ ਆਪਣੀ ਸ਼ਾਨਦਾਰ ਪਾਰੀ ਵਿੱਚ 7 ਚੌਕੇ ਅਤੇ 11 ਛੱਕੇ ਮਾਰੇ। ਵੈਭਵ ਪ੍ਰਸਿਧ ਕ੍ਰਿਸ਼ਨ ਦੀ ਗੇਂਦ ’ਤੇ ਛੱਕਾ ਮਾਰਨ ਦੀ ਕੋਸ਼ਿਸ਼ ਕਰਦੇ ਹੋਏ ਆਊਟ ਹੋ ਗਿਆ, ਪਰ ਇਸ ਵਾਰ ਜਦੋਂ ਉਹ ਆਊਟ ਹੋਣ ਤੋਂ ਬਾਅਦ ਪੈਵੇਲੀਅਨ ਜਾ ਰਿਹਾ ਸੀ ਤਾਂ ਉਸ ਦੀਆਂ ਅੱਖਾਂ ਖ਼ੁਸ਼ੀ ਨਾਲ ਨਮ ਸਨ।

ਵੈਭਵ ਦਾ ਪਿਤਾ ਸੰਜੀਵ ਸੂਰਿਆਵੰਸ਼ੀ ਖ਼ੁਦ ਕ੍ਰਿਕਟ ਖੇਡਦਾ ਸੀ, ਪਰ ਸਹੂਲਤਾਂ ਦੀ ਘਾਟ ਕਾਰਨ ਉਹ ਆਪਣਾ ਸੁਫਨਾ ਪੂਰਾ ਨਹੀਂ ਕਰ ਸਕਿਆ। ਜਦੋਂ ਆਪਣੇ ਛੋਟੇ ਪੁੱਤਰ ਵਿੱਚ ਆਪਣਾ ਸੁਫਨਾ ਪੂਰਾ ਹੁੰਦਾ ਦੇਖਿਆ ਤਾਂ ਉਸ ਨੇ ਵੈਭਵ ਨੂੰ ਕ੍ਰਿਕਟਰ ਬਣਾਉਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਇਸ ਲਈ ਉਸ ਨੂੰ ਕਈ ਵਾਰ ਕਰਜ਼ਾ ਲੈਣਾ ਪਿਆ ਅਤੇ ਆਪਣੀ ਜ਼ਮੀਨ ਵੀ ਵੇਚਣੀ ਪਈ। ਵੈਭਵ ਸਿਰਫ਼ 4 ਸਾਲ ਦਾ ਸੀ ਜਦੋਂ ਪਿਤਾ ਨੇ ਉਸ ਨੂੰ ਪਲਾਸਟਿਕ ਦੀ ਗੇਂਦ ਨਾਲ ਖੇਡਦੇ ਦੇਖਿਆ। ਉਸ ਦਾ ਜਨੂੰਨ ਦੇਖ ਕੇ ਪਿਤਾ ਨੇ ਆਪਣੇ ਘਰ ਦੇ ਪਿੱਛੇ ਛੋਟਾ ਜਿਹਾ ਖੇਡ ਦਾ ਮੈਦਾਨ ਤਿਆਰ ਕੀਤਾ ਜਿੱਥੇ ਉਸ ਦਾ ਪੁੱਤਰ ਅਭਿਆਸ ਕਰਦਾ ਸੀ।

ਇੱਕ ਇੰਟਰਵਿਊ ਵਿੱਚ ਉਸ ਨੇ ਆਪਣੇ ਮਾਤਾ-ਪਿਤਾ ਦੇ ਸੰਘਰਸ਼ ਨੂੰ ਯਾਦ ਕੀਤਾ। ਉਸ ਦੇ ਕ੍ਰਿਕਟਰ ਬਣਨ ਦੇ ਸੁਫਨੇ ਨੂੰ ਪੂਰਾ ਕਰਨ ਲਈ ਉਨ੍ਹਾਂ ਨੇ ਬਹੁਤ ਔਖਾ ਸਮਾਂ ਦੇਖਿਆ ਹੈ। ਉਸ ਦੇ ਪਿਤਾ ਨੇ ਜਿੱਥੇ ਉਸ ਦੀ ਕ੍ਰਿਕਟ ਦੀ ਤਿਆਰੀ ਲਈ ਆਪਣੀ ਜ਼ਮੀਨ ਵੇਚ ਦਿੱਤੀ, ਉੱਥੇ ਉਸ ਦੀ ਮਾਂ ਰਾਤ ਨੂੰ ਸਿਰਫ਼ ਤਿੰਨ ਘੰਟੇ, 11 ਤੋਂ 2 ਵਜੇ ਤੱਕ ਹੀ ਸੌਂਦੀ ਹੈ ਤਾਂ ਕਿ ਜਲਦੀ ਉੱਠ ਕੇ ਆਪਣੇ ਪੁੱਤਰ ਦੀ ਪ੍ਰੈਕਟਿਸ ਲਈ ਸਭ ਤਿਆਰੀ ਕਰ ਸਕੇ।

ਕਹਾਵਤ ਹੈ- ‘ਹੋਣਹਾਰ ਬਿਰਵਾਨ ਕੇ ਹੋਤ ਚੀਕਨੇ ਪਾਤ’ ਯਾਨੀ, ਬੱਚੇ ਦੇ ਗੁਣ ਪੰਘੂੜੇ ਵਿੱਚ ਹੀ ਨਜ਼ਰ ਆ ਜਾਂਦੇ ਹਨ। ਬਿਹਾਰ ਦੇ ਸਮਸਤੀਪੁਰ ਦਾ ਇਹ 14 ਸਾਲਾ ਮੁੰਡਾ ਇਸ ਦੀ ਜਿਊਂਦੀ ਜਾਗਦੀ ਮਿਸਾਲ ਹੈ। ਕਹਿੰਦੇ ਹਨ ਕਿ ਕਿਸੇ ਦੇ ਨਾਂ ਦਾ ਅਸਰ ਉਸ ਦੀ ਸ਼ਖ਼ਸੀਅਤ ਵਿੱਚੋਂ ਝਲਕ ਜਾਂਦਾ ਹੈ। ਸੰਸਕ੍ਰਿਤ ਭਾਸ਼ਾ ਦੇ ਸ਼ਬਦ ‘ਵੈਭਵ’ ਦਾ ਅਰਥ ਹੈ ‘ਮਹਿਮਾ’, ‘ਪ੍ਰਤਾਪ’ ‘ਸ਼ਾਨ’, ‘ਪ੍ਰਸਿੱਧੀ’, ‘ਖੁਸ਼ਹਾਲੀ’, ਕਿਸਮਤ ਵਾਲਾ’, ‘ਖੁਸ਼ਹਾਲ’, ‘ਬੁੱਧੀਮਾਨ’। ਆਪਣੀ ਸਖ਼ਤ ਮਿਹਨਤ ਨਾਲ ਇਸ ਬੱਚੇ ਨੇ ਆਪਣੇ ਨਾਂ ਦੇ ਸਾਰੇ ਅਰਥਾਂ ਨੂੰ ਸਹੀ ਸਾਬਤ ਕੀਤਾ ਹੈ।

ਜੀਆ ਹੋ ਬਿਹਾਰ ਕੇ ਲਾਲਾ...।

Advertisement