ਸੁਣਾਂ ਮੇਰੀ ਬਾਤ...
ਕਰਮਜੀਤ ਸਿੰਘ ਚਿੱਲਾ
ਗੁਆਂਢੀ ਪਿੰਡ ਦੇ ਬਾਬੇ ਪਰਤਾਪੇ ਨੂੰ ਸਾਹਮਣੇ ਆਉਂਦਿਆਂ ਦੇਖਦੇ ਸਾਰ ਕਈ ਤਾਂ ਰਾਹ ਹੀ ਬਦਲ ਲੈਂਦੇ। ਉਹ ਗੱਲਾਂ ਸੁਣਾਉਣ ਲੱਗਦਾ ਦੂਜੇ ਦੇ ਹੁੰਗਾਰੇ ਦੀ ਵੀ ਉਡੀਕ ਨਹੀਂ ਕਰਦਾ ਤੇ ਨਾ ਹੀ ਦੂਜੇ ਨੂੰ ਬੋਲਣ ਦਿੰਦਾ ਹੈ। ਉਸ ਕੋਲ ਦਲੀਲਾਂ ਬਹੁਤ ਹਨ ਤੇ ਕਈ ਵਾਰ ਪਿੰਡ ਵਿੱਚ ਆਏ ਸਰਕਾਰੀ ਕਰਮਚਾਰੀਆਂ ਨਾਲ ਜਦੋਂ ਬਾਬਾ ਗੱਲਾਂ ਆਰੰਭ ਕਰ ਲਵੇ ਤਾਂ ਗੋਡੇ ਟਿਕਵਾ ਦਿੰਦਾ। ਹਰੇਕ ਗੱਲ ਵਿੱਚ ‘ਹੂੰ... ਸੁਣਾਂ ਮੇਰੀ ਬਾਤ’ ਕਹਿ ਕੇ ਦੂਜੇ ਦਾ ਧਿਆਨ ਖਿੱਚਣ ਦੀ ਆਦਤ ਕਾਰਨ ਕਈਆਂ ਨੇ ਬਾਬੇ ਦਾ ਨਾਂ ‘ਸੁਣਾਂ ਮੇਰੀ ਬਾਤ’ ਹੀ ਰੱਖ ਦਿੱਤਾ ਹੈ।
ਬਾਬਾ ਪਰਤਾਪਾ ਐਤਕੀਂ ਚਾਰ-ਪੰਜ ਮਹੀਨੇ ਬਾਅਦ ਮਿਲਿਆ ਹੋਵੇਗਾ। ਸਨੇਟੇ ਤੋਂ ਪੈਦਲ ਪਿੰਡ ਨੂੰ ਜਾਂਦੇ ਨੇ ਮੈਨੂੰ ਹੱਥ ਦਿੱਤਾ ਤਾਂ ਮੈਂ ਆਪਣੀ ਐਕਟਿਵਾ ’ਤੇ ਬਿਠਾ ਲਿਆ। ਮੇਰੇ ਮੂੰਹ ਉੱਤੇ ਰੁਮਾਲ ਬੰਨ੍ਹਿਆ ਹੋਣ ਕਾਰਨ ਪਹਿਲਾਂ ਤਾਂ ਉਹਨੇ ਮੈਨੂੰ ਪਛਾਣਿਆ ਨਹੀਂ, ਪਰ ਜਦੋਂ ਮੈਂ ਫਤਿਹ ਬੁਲਾ ਕੇ ਉਹਦਾ ਹਾਲ ਪੁੱਛਿਆ ਤਾਂ ਆਵਾਜ਼ ਪਛਾਣ ਕੇ ਬੋਲਿਆ, “ਅੱਛਾ... ਤੌਂ ਤਾਂ ਆਪਣਾ ਹੀ ਛੋਕਰਾ ਐਂ, ਜੈਬ ਸਰਪੰਚ ਕਾ, ਤੇਰਾ ਬਾਪੂ ਤਾਂ ਠੀਕ ਐ ਨਾ ਐਨ।” ਮੈਂ ਹਾਂ ਵਿੱਚ ਉੱਤਰ ਦਿੱਤਾ ਤਾਂ ਬਾਬਾ ਆਰੰਭ ਹੋ ਗਿਆ... ਸੜਕ ’ਤੇ ਪਏ ਡੂੰਘੇ ਟੋਏ ਦੇਖਦਿਆਂ ਬਾਬਾ ਸੜਕਾਂ ਵੱਲ ਹੋ ਤੁਰਿਆ, “ਸੜਕਾਂ ਕੀ ਵੀ ਕੋਈ ਖਬਰ-ਖੁਬਰ ਲਾ ਦੇ ਕਰ, ਇਨ੍ਹਾਂ ਨੂੰ ਕੋਈ ਪੁੱਛਦਾ ਈ ਨ੍ਹੀਂ। ਵੋਟਾਂ ਮਾ ਤਾਂ ਬਥੇਰੇ ਵਾਅਦੇ ਕਰਾਂ, ਕਰਦੇ ਕਰਾਂਦੇ ਕੁਸ਼ ਹੈਨੀ।” ਮੈਂ ਬਾਬੇ ਨੂੰ ਦੱਸਣ ਹੀ ਲੱਗਿਆ ਸਾਂ ਕਿ ਪੇਂਡੂ ਸੜਕਾਂ ਦੀ ਖਸਤਾ ਹਾਲਤ ਦੀਆਂ ਖ਼ਬਰਾਂ ਤਾਂ ਕਈ ਵਾਰ ਲਗਾ ਚੁੱਕਾ ਹਾਂ ਪਰ ਮੇਰੀ ਗੱਲ ਅਣਸੁਣੀ ਕਰ ਕੇ ਬਾਬੇ ਨੇ ਮੁੜ ਆਪਣੀ ਗੱਲ ਛੇੜ ਲਈ, “ਅੱਛਾ... ਤੌਂ ਇੱਕ ਖਬਰ ਲਾ ਸਕਾਂ ਮੇਰੀ?” ਮੇਰੇ ‘ਦੱਸੋ’ ਕਹਿਣ ਤੋਂ ਪਹਿਲਾਂ ਹੀ ਬਾਬਾ ਬੋਲਿਆ, “ਹੂੰ... ਸੁਣਾਂ ਮੇਰੀ ਬਾਤ... ਮਨੂੰ ਮਾਸਟਰਾਂ ਹਰ ਭੈਣਜੀਆਂ ਪਰ ਬਹੁਤ ਤਰਸ ਆਵਾ। ਬਿਚਾਰੇ ਘਰ-ਘਰ ਵੀ ਘੁੰਮ ਰਹੇ, ਫੋਨਾਂ ਪਰ ਵੀ ਨਿਆਣਿਆਂ ਕੇ ਮਾਂ-ਬਾਪ ਕਾ ਖਹਿੜਾ ਨ੍ਹੀਂ ਛੱਡਦੇ। ਸਾਰਾ ਦਿਨ ਬੱਸ ਇੱਕੋ ਬਾਤ ਫੜੀ ਵੀ- ਆਪਣੇ ਨਿਆਣੇ ਪ੍ਰਾਈਵੇਟ ਸਕੂਲਾਂ ਮਾ ਤੇ ਹਟਾ ਕੈ ਸਰਕਾਰੀਆਂ ਮਾ ਲਾਉ, ਹਮੇ ਨਿਆਣੇ ਦੁੱਗਣੇ ਕਰਨੇ ਐਂ ਸਰਕਾਰੀ ਸਕੂਲਾਂ ਮਾ।” ਮੈਂ ਬਾਬੇ ਦੀ ਗੱਲ ਦਾ ਹੁੰਗਾਰਾ ਭਰ ਕੇ ਕਹਿੰਦਾ ਹਾਂ ਕਿ ਇਸ ਵਿੱਚ ਕੀ ਗਲਤ ਹੈ, ਚੰਗੀ ਗੱਲ ਹੈ, ਸਰਕਾਰੀ ਸਕੂਲਾਂ ਵਿੱਚ ਸਾਰੀਆਂ ਸਹੂਲਤਾਂ ਹਨ... ਪੜ੍ਹਾਈ, ਕਿਤਾਬਾਂ, ਖਾਣਾ... ਸਾਰਾ ਕੁਝ ਮੁਫ਼ਤ ਹੈ, ਇਮਾਰਤਾਂ ਤੇ ਸਟਾਫ ਵੀ ਵਧੀਆ।
“ਤੌਂ ਮੇਰੀ ਬਾਤ ਸੁਣ, ਯੌ ਤਾਂ ਸਾਰਾ ਕੁਸ਼ ਭਲਾ ਠੀਕ ਐ, ਪਰ ਐਂ ਦੱਸ ਮਨੂੰ, ਵੀ ਕਿਸੀ ਅਫਸਰ ਕਾ ਨਿਆਣਾ ਵੀ ਪੜਾਂ ਸਰਕਾਰੀ ਸਕੂਲ ਮਾ, ਕਿਸੀ ਲੀਡਰ ਕਾ ਪੜਾਂ, ਨੌਕਰੀ ਆਲੇ ਵੀ ਨ੍ਹੀਂ ਲਾਂਦੇ... ਹੋਰ ਤਾਂ ਹੋਰ, ਮਾਸਟਰਾਂ ਕੇ ਆਪਣੇ ਨਿਆਣੇ ਵੀ ਮਹਿੰਗੇ ਸਕੂਲਾਂ ਮਾ ਪੜਾਂ, ਪੰਚਾਂ-ਸਰਪੰਚਾਂ ਕੇ ਵੀ ਘੱਟ ਏ ਪੜ੍ਹਾਂ, ਫੇਰ ਦੱਸ, ਵੀ ਮਾਅਨੂੰ ਕਿਉਂ ਕਹਾਂ, ਵੀ ਥਮੇ ਸਰਕਾਰੀਆਂ ਮਾ ਲਾਓ।” ਸੁੱਕੀ ਜਿਹੀ ਖੰਘ ਖੰਘਦਾ ਫਿਰ ਬੋਲਿਆ, “ਤੌਂ ਮੇਰੀ ਬਾਤ ਸੁਣ ਰਿਹਾਂ ਨਾ, ਮੇਰੇ ਕੰਨੀ ਤੇ ਲਿਖਦੇ ਅਖ਼ਬਾਰ ਮਾ, ਵੀ ਸਰਕਾਰ ਯੌ ਕਾਨੂੰਨ ਬਣਾਵੈ, ਵੀ ਲੀਡਰਾਂ ਕੇ, ਅਫਸਰਾਂ ਕੇ, ਮੁਲਾਜ਼ਮਾਂ ਕੇ, ਮਾਸਟਰਾਂ ਕੇ, ਪੰਚਾਂ-ਸਰਪੰਚਾਂ ਕੇ ਸਾਰਿਆਂ ਕੇ ਨਿਆਣੇ ਸਰਕਾਰੀ ਸਕੂਲਾਂ ਮਾ ਪੜੂੰਗੇ, ਕੋਈ ਬਾਹਰ ਨ੍ਹੀਂ ਪੜ੍ਹਾਊਗਾ, ਲੈ ਦੇਖ ਲੀਂ ਫੇਰ ਪ੍ਰਾਈਵੇਟ ਸਕੂਲ ਆਪੇ ਬੰਦ ਹੋਜੂੰ, ਨਾਲੇ ਪਹਿਲਾਂ ਵੀ ਤਾਂ ਸਾਰੇ ਸਰਕਾਰੀ ਸਕੂਲਾਂ ਮਾ ਈ ਪੜ੍ਹੇ ਕਰੈਂ ਤੈ... ਜਦ ਤਾਂ ਐਨੀਆਂ ਸਹੂਲਤਾਂ ਵੀ ਨੀ ਹੋਐ ਤੀਆਂ।”
ਬਾਬਾ ਲਗਾਤਾਰ ਬੋਲ ਰਿਹਾ ਸੀ। ਮੈਂ ਵੀ ਬਾਬੇ ਦੀਆਂ ਗੱਲਾਂ ਵਿੱਚ ਗੁਆਚਿਆ ਹੋਇਆ ਸਾਂ ਕਿ ਉਹਦਾ ਪਿੰਡ ਆ ਗਿਆ। ਐਕਟਿਵਾ ਤੋਂ ਉੱਤਰਦਾ ਮੁੜ ਬੋਲਿਆ, “ਸੁਣਾਂ ਮੇਰੀ ਬਾਤ, ਤਨੂੰ ਜੋ ਕਿਹਾ, ਉਹ ਲਿਖਦੀਂ ਅਖ਼ਬਾਰ ਮਾ, ਨਹੀਂ ਤਾਂ ਤੇਰੇ ਬਾਪੂ ਨੂੰ ‘ਲਾਂਭਾ ਦੇ ਕੇ ਆਊਂ।” ਮੈਂ ਹੱਸ ਕੇ ਲਿਖਣ ਲਈ ‘ਹਾਂ’ ਕਹਿ ਕੇ ਅੱਗੇ ਤੁਰ ਆਉਂਦਾ ਹਾਂ ਤੇ ਬਾਬੇ ਦੀ ਕਹੀ ਹੋਈ ਗੱਲ ਨੂੰ ਗੰਭੀਰਤਾ ਨਾਲ ਸੋਚਦਾ ਹੋਇਆ ਯਾਦ ਕਰਦਾ ਹਾਂ- ਵਾਕਈ ਸਕੂਲ ਅਧਿਆਪਕਾਂ ਸਿਰ ਦਾਖਲਿਆਂ ਦਾ ਵੱਡਾ ਬੋਝ ਹੈ। ਤਿੰਨ ਚਾਰ ਸਕੂਲ ਮੁਖੀਆਂ ਦੇ ਤਾਂ ਮੈਨੂੰ ਵੀ ਸਕੂਲੀ ਦਾਖ਼ਲਿਆਂ ਸਬੰਧੀ ਜਾਣ-ਪਛਾਣ ਵਾਲਿਆਂ ਨੂੰ ਕਹਿਣ ਲਈ ਫੋਨ ਆ ਚੁੱਕੇ ਸਨ ਤੇ ਉਹ ਇਸ ਸਬੰਧੀ ਬੱਚਿਆਂ ਨੂੰ ਆਪਣੇ ਕੋਲੋਂ ਆਉਣ-ਜਾਣ ਦੀ ਸਹੂਲਤ ਦੇਣ ਲਈ ਵੀ ਕਹਿ ਰਹੇ ਸਨ ਪਰ ਬਾਬੇ ਪਰਤਾਪੇ ਵਾਲਾ ਫਾਰਮੂਲਾ ਭਲਾ ਕੌਣ ਅਪਣਾਊ... ਤੇ ਕਿੱਦਾਂ ਅਪਣਾਊ?
ਸੰਪਰਕ: 98155-23166