ਪਾਣੀ ਪੀਣ ਦਾ ਸਹੀ ਢੰਗ ਕੀ ਹੋਵੇ...
ਡਾ. ਸਤਿਕਾਰ ਸਿੰਘ ਗਿੱਲ
ਮਨੁੱਖ ਕੋਠੀਆਂ, ਕਾਰਾਂ ਤੇ ਮਾਇਆ ਇਕੱਠੀ ਕਰਨ ਦੀ ਦੌੜ ਵਿਚ ਦਿਨ-ਰਾਤ ਬਹੁਤ ਭੱਜਿਆ ਫਿਰਦਾ ਹੈ ਪਰ ਆਪਣੇ ਸਰੀਰ ਵੱਲ ਧਿਆਨ ਨਹੀਂ ਦਿੰਦਾ ਜਿਸ ਦੀ ਅੱਜ ਦੀ ਤਾਰੀਖ ਵਿਚ ਜ਼ਰੂਰਤ ਬਹੁਤ ਜਿ਼ਆਦਾ ਹੈ। ਅਨੇਕ ਬਿਮਾਰੀਆਂ ਤਾਂ ਅਸੀਂ ਪਾਣੀ ਪੀਣ ਦਾ ਸਹੀ ਢੰਗ-ਤਰੀਕਾ ਨਾ ਹੋਣ ਕਾਰਨ ਆਪ ਹੀ ਸਹੇੜ ਲੈਂਦੇ ਹਾਂ। ਅਨੇਕ ਬਿਮਾਰੀਆਂ ਦਾ ਇਲਾਜ ਤੁਹਾਡੀ ਰਸੋਈ ਵਿਚ ਹੀ ਪਿਆ ਹੈ ਪਰ ਅਸੀਂ ਬਹੁਤਾ ਧਿਆਨ ਨਹੀਂ ਦਿੰਦੇ। ਇਉਂ ਸਾਰੀ ਗੱਲ ਸਹੀ ਢੰਗ-ਤਰੀਕਾ ਨਾ ਅਪਣਾਉਣ ਕਾਰਨ ਵਿਗੜੀ ਹੈ। ਜਿਵੇਂ ਖਾਣਾ ਖਾਣ ਸਮੇਂ ਨਾਲ-ਨਾਲ ਪਾਣੀ ਪੀਣ ਦੀ ਆਦਤ ਠੀਕ ਨਹੀਂ। ਇਸ ਲਈ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਅੱਧਾ ਘੰਟਾ ਪਿੱਛੋਂ ਪਾਣੀ ਪੀਣਾ ਚਾਹੀਦਾ ਹੈ।
ਅਸੀਂ ਆਧੁਨਿਕ ਤਰੀਕੇ ਅਪਣਾਉਣ ਕਾਰਨ ਪੁਰਾਣੇ ਢੰਗ-ਤਰੀਕੇ ਭੁੱਲ ਗਏ ਜਾਂ ਜਾਣਬੁੱਝ ਹੀ ਕੇ ਛੱਡ ਦਿੱਤੇ ਹਨ। ਜਦੋਂ ਸਾਡੀਆਂ ਦਾਦੀਆਂ, ਮਾਵਾਂ ਹਾਰੇ ਵਿਚ ਤੌੜੀ ’ਚ ਦਾਲਾਂ ਬਣਾਉਂਦੀਆਂ ਸਨ ਤਾਂ ਤੌੜੀ ਉੱਤੇ ਢੱਕਣ ਵਜੋਂ ਰੱਖੇ ਕੌਲੇ ਵਿਚ ਆਮ ਤੌਰ ’ਤੇ ਪਾਣੀ ਰੱਖ ਦਿੰਦੀਆਂ ਸਨ। ਇਉਂ ਭਾਫ਼ ਨਾਲ ਪਾਣੀ ਗਰਮ ਹੋ ਜਾਂਦਾ ਸੀ ਅਤੇ ਲੋੜ ਪੈਣ ’ਤੇ ਦਾਲ ਵਿਚ ਇਹ ਗਰਮ ਪਾਣੀ ਪਾਇਆ ਜਾਂਦਾ ਸੀ ਕਿਉਂਕਿ ਰਿੱਝਦੀ ਦਾਲ ਵਿਚ ਠੰਢਾ ਪਾਣੀ ਪਾਉਣ ਨਾਲ ਜਿੱਥੇ ਇਹਦਾ ਸੁਆਦ ਖ਼ਰਾਬ ਹੋ ਜਾਂਦਾ ਹੈ, ਉੱਥੇ ਉਹਦੀ ਰਿੱਝਣ ਕਿਰਿਆ ਉੱਤੇ ਵੀ ਮਾੜਾ ਅਸਰ ਪੈਂਦਾ ਹੈ। ਕੁੱਕਰ, ਮੇਜ਼ ਕੁਰਸੀਆਂ, ਡਾਇਨਿੰਗ ਟੇਬਲ, ਫਰਿਜ ਆਦਿ ਸੁੱਖ-ਸਹੂਲਤਾਂ ਨੇ ਸਾਡੀ ਜ਼ਿੰਦਗੀ ਦਾ ਤਾਣਾ-ਪੇਟਾ ਹੀ ਉਲਝਾ ਕੇ ਰੱਖ ਦਿੱਤਾ ਹੈ। ਇਸੇ ਕਾਰਨ ਬਿਮਾਰੀ ਆਣ ਘੇਰਦੀਆਂ ਹਨ। ਪਹਿਲਾਂ ਦੇ ਮੁਕਾਬਲੇ ਉਮਰਾਂ ਅੱਧੀਆਂ ਰਹਿ ਗਈਆਂ ਹਨ।
ਸਾਡੇ ਪਿਓ-ਦਾਦੇ ਉਮਰ ਦਾ ਸੈਂਕੜਾ ਸਹਿਜੇ ਹੀ ਪਾਰ ਕਰ ਜਾਂਦੇ ਸਨ; ਹੁਣ ਪੰਜਾਹ-ਸੱਠ ਤੋਂ ਉੱਪਰਲੀ ਜ਼ਿੰਦਗੀ ਤਾਂ ਬੋਨਸ ਹੀ ਮੰਨੀ ਜਾਣ ਲੱਗ ਪਈ ਹੈ। ਜਿਵੇਂ ਸਿਉਂਕ ਵਾਲਾ ਦਰੱਖਤ ਬਹੁਤ ਚਿਰ ਨਹੀਂ ਕੱਟਦਾ, ਉਹੀ ਹਾਲ ਮਨੁੱਖੀ ਸਰੀਰ ਦਾ ਹੋ ਗਿਆ ਹੈ।
ਤੁਸੀਂ ਰੋਟੀ ਖਾਂਦੇ ਕਿਸੇ ਦੀ ਦਾਲ-ਸਬਜ਼ੀ ਵਾਲੀ ਕੌਲੀ ਵਿਚ ਪਾਣੀ ਪਾ ਕੇ ਦੇਖੋ, ਉਹਦਾ ਪ੍ਰਤੀਕਰਮ ਕੀ ਹੋਵੇਗਾ? ਕੀ ਉਹ ਰੋਟੀ ਖਾਏਗਾ? ਹਰਗਿਜ਼ ਨਹੀਂ। ਲੜਨ ਨੂੰ ਪਵੇਗਾ। ਹੋ ਸਕਦਾ, ਥਾਲ਼ੀ ਵਗਾਹ ਕੇ ਮਾਰਦਾ ਹੋਇਆ ਆਖੇਗਾ- ‘ਮੇਰਾ ਖਾਣਾ ਖ਼ਰਾਬ ਕਰ ਦਿੱਤਾ’। ਆਮ ਤੌਰ ’ਤੇ ਲੋਕ ਗਰਮ ਖਾਣਾ ਖਾਣ ਸਮੇਂ ਠੰਢਾ, ਫਰਿਜ ਵਾਲਾ ਪਾਣੀ ਬੜੇ ਲੁਤਫ਼ ਨਾਲ ਪੀਂਦੇ ਹਨ ਜਦੋਂਕਿ ਦਾਲ ਵਾਲੀ ਕੌਲੀ ਵਿਚ ਪਾਇਆ ਪਾਣੀ ਕੋਈ ਜਰਦਾ ਨਹੀਂ। ਜੋ ਹਾਲ ਤੌੜੀ ਵਾਲੀ ਦਾਲ ਦਾ ਠੰਢਾ ਪਾਣੀ ਪਾਉਣ ਉੱਤੇ ਹੁੰਦਾ ਹੈ, ਉਹੀ ਹਾਲ ਗਰਮ ਖਾਣਾ ਖਾਣ ਸਮੇਂ ਠੰਢਾ ਪਾਣੀ ਪੀਣ ਨਾਲ ਸਾਡੇ ਸਰੀਰ ਦਾ ਹੁੰਦਾ ਹੈ। ਫ਼ਰਕ ਇੰਨਾ ਕੁ ਹੀ ਹੁੰਦਾ ਹੈ ਕਿ ਦਾਲ ਵਾਲੀ ਕੌਲੀ ਵਿਚ ਪਾਇਆ ਪਾਣੀ ਸਾਨੂੰ ਦਿਸਦਾ ਹੈ ਜਦੋਂਕਿ ਖਾਣੇ ਨਾਲ ਪੀਤਾ ਠੰਢਾ ਪਾਣੀ ਦਿਸਦਾ ਨਹੀਂ। ਇਸ ਦਾ ਪਤਾ ਬਾਅਦ ਵਿਚ ਲਗਦਾ ਹੈ ਜਦੋਂ ਮਨੁੱਖ ਬਿਮਾਰੀਆਂ ਦੀ ਜਕੜ ਵਿਚ ਆ ਜਾਂਦਾ ਹੈ। ਉਦੋਂ ਮਨੁੱਖੀ ਸਰੀਰ ਦਾ ਹਾਲ ਮੱਕੜੀ ਦੇ ਜਾਲ ਵਿਚ ਫਸੇ ਮਕੌੜੇ ਵਾਲਾ ਹੋ ਜਾਂਦਾ ਹੈ। ਇਸੇ ਤਰ੍ਹਾਂ ਵਿਆਹ-ਸ਼ਾਦੀਆਂ ਵਿਚ ਖਾਣੇ ਤੋਂ ਬਾਅਦ ਆਮ ਤੌਰ ’ਤੇ ਲੋਕ ਆਈਸ ਕਰੀਮ ਵੱਲ ਟੁੱਟ ਕੇ ਪੈਂਦੇ ਹਨ।
ਸਵੇਰੇ ਉੱਠਣ ਸਾਰ ਚਾਹ ਦੀ ਥਾਂ ਗਰਮ (ਕੋਸਾ) ਪਾਣੀ ਪੀਣਾ ਚਾਹੀਦਾ ਹੈ। ਚਾਹ ਵਿਚ ਕੈਮੀਕਲ ਹੁੰਦਾ ਹੈ ਜੋ ਸਾਡੇ ਸਰੀਰ ਦੇ ਅੰਦਰ ਜਾ ਕੇ ਜਿਗਰ (ਲਿਵਰ), ਗੁਰਦਿਆਂ (ਕਿਡਨੀ) ਨੂੰ ਖ਼ਰਾਬ ਕਰਦਾ ਹੈ। ਜਦੋਂ ਕਦੇ ਸਾਡੇ ਕੋਲੋਂ ਚਾਹ ਕੱਪੜੇ ਜਾਂ ਫ਼ਰਸ਼ ਉੱਤੇ ਡੁੱਲ੍ਹ ਜਾਂਦੀ ਹੈ ਤਾਂ ਅਸੀਂ ਛੇਤੀ-ਛੇਤੀ ਧੋਣ ਲਈ ਭੱਜਦੇ ਹਾਂ। ਕਾਰਨ? ਡਰਦੇ ਹਾਂ, ਕਿਤੇ ਦਾਗ਼ ਨਾ ਪੈ ਜਾਵੇ ਪਰ ਜੋ ਰੋਜ਼ਾਨਾ ਚਾਹ ਪੀਣ ਨਾਲ ਸਾਡਾ ਸਰੀਰ ਅੰਦਰੋਂ ਦਾਗ਼ੀ ਹੋਇਆ ਪਿਆ ਹੈ, ਉਹਦੇ ਬਾਰੇ ਅਸੀਂ ਸੋਚਦੇ ਤੱਕ ਨਹੀਂ; ਦੂਜਾ, ਸਾਨੂੰ ਆਪਣਾ ਅੰਦਰ ਦਾਗੀ ਹੋਇਆ ਸਰੀਰ ਨਜ਼ਰ ਨਹੀਂ ਆਉਂਦਾ। ਬਚਪਨ ਵਿਚ ਅਸੀਂ ਲਾਲਟੈਣ ਦੀ ਲਾਟ ਨਾਲ ਚਿਮਨੀ ਕਾਲੀ ਹੁੰਦੀ ਦੇਖਦੇ ਹੁੰਦੇ ਸੀ। ਦਾਦੀਆਂ, ਮਾਵਾਂ ਇਸ ਨੂੰ ਸਾਫ਼ ਕਰਦੀਆਂ ਸਨ ਪਰ ਥੋੜ੍ਹੇ ਦਿਨਾਂ ਬਾਅਦ ਲਾਟ ਨਾਲ ਚਿਮਨੀ ਦਾ ਮੁੜ ਉਹੀ ਹਾਲ ਹੋ ਜਾਂਦਾ ਸੀ। ਐਨ ਉਸੇ ਤਰ੍ਹਾਂ ਚਾਹ ਸਾਡੇ ਅੰਦਰ ਰੰਗ ਜਾਂ ਦਾਗ਼ ਚਾੜ੍ਹ ਦਿੰਦੀ ਹੈ ਜੋ ਸਾਡੀ ਸਿਹਤ ਲਈ ਅਤਿ ਹਾਨੀਕਾਰਕ ਹੈ। ਜੇ ਅਸੀਂ ਚਾਹ ਪੀਣੀ ਛੱਡ ਕੇ ਪਾਣੀ ਪੀਣ ਦਾ ਸਹੀ ਤਰੀਕਾ ਅਪਣਾ ਲਈਏ ਤਾਂ ਕਈ ਰੋਗਾਂ ਤੋਂ ਬਚ ਸਕਦੇ ਹਾਂ।
ਸਵੇਰੇ ਉਠਣ ਸਾਰ ਕੁਰਲੀ ਜਾਂ ਦਾਤਣ, ਬੁਰਸ਼ ਨਹੀਂ ਕਰਨੀ ਚਾਹੀਦੀ ਕਿਉਂਕਿ ਸਾਡੇ ਮੂੰਹ ਵਿਚਲੀ ਲਾਰ ਬਹੁਤ ਗੁਣਕਾਰੀ ਹੁੰਦੀ ਹੈ। ਇਸ ਲਾਰ ਨੂੰ ਕਿਸੇ ਜ਼ਖ਼ਮ, ਦੱਦ ਜਾਂ ਦਾਗ਼ ਵਾਲੀ ਜਗ੍ਹਾ ਉੱਤੇ ਲਾ ਕੇ ਦੇਖੋ, ਸਾਫ਼ ਹੋ ਜਾਵੇਗਾ। ਇਸ ਲਈ ਇਸ ਲਾਰ ਨੂੰ ਕੁਰਲੀ ਵਗ਼ੈਰਾ ਕਰਨ ਸਮੇਂ ਬਾਹਰ ਨਹੀਂ ਸੁੱਟਣਾ ਚਾਹੀਦਾ। ਇਸ ਕਰ ਕੇ ਰਾਤ ਦੇ ਭੋਜਨ ਤੋਂ ਬਾਅਦ ਦਾਤਣ ਜਾਂ ਬੁਰਸ਼ ਕਰੋ ਅਤੇ ਸਵੇਰੇ ਕੋਸਾ ਪਾਣੀ ਪੀਓ।
ਜੇ ਹੋ ਸਕੇ ਤਾਂ ਭੁੰਜੇ ਪੈਰਾਂ ਭਾਰ ਬੈਠ ਕੇ ਜਾਂ ਚੌਕੜੀ ਮਾਰ ਕੇ ਭੋਜਨ ਖਾਣਾ ਚਾਹੀਦਾ ਹੈ। ਇਹੀ ਤਰੀਕਾ ਪਾਣੀ ਪੀਣ ਵੇਲੇ ਵੀ ਅਪਣਾਉਣਾ ਚਾਹੀਦਾ ਹੈ। ਫਰਿਜ ਦੀ ਥਾਂ ਘੜੇ ਦਾ ਪਾਣੀ ਸਿਹਤ ਲਈ ਲਾਭਦਾਇਕ ਹੁੰਦਾ ਹੈ ਪਰ ਫਰਿਜ ਨੇ ਇਹ ਸਭ ਕੁਝ ਸਾਡੀ ਜ਼ਿੰਦਗੀ ਵਿਚੋਂ ਮਨਫ਼ੀ ਕਰ ਦਿੱਤਾ ਹੈ। ਉਂਝ, ਤੰਦਰੁਸਤੀ ਖ਼ਾਤਿਰ ਥੋੜ੍ਹਾ ਜਿਹਾ ਤਰੱਦਦ ਤਾਂ ਕਰਨਾ ਹੀ ਪੈਣਾ ਹੈ। ਇਸ ਲਈ ਘਰੇ ਘੜਾ ਲਿਆਓ, ਕਈ ਬਿਮਾਰੀਆਂ ਘਰ ਅੰਦਰ ਵੜਨਗੀਆਂ ਹੀ ਨਹੀਂ।
ਕਾਫ਼ੀ ਸਮਾਂ ਪਹਿਲਾਂ ਗੀਤ ਆਇਆ ਸੀ- ‘ਜਦੋਂ ਪੈਂਦੀ ਐ ਤਰੀਕ ਕਿਤੇ ਜੱਟ ਦੀ, ਕਚਹਿਰੀਆਂ ’ਚ ਮੇਲੇ ਲੱਗਦੇ’... ਇਸ ਗੀਤ ਵਿਚ ਗੀਤਕਾਰ ਨੇ ਕਤਲਾਂ, ਲੜਾਈਆਂ ਪਿੱਛੇ ਲੱਗਣ ਵਾਲੇ ‘ਮੇਲਿਆਂ’ ਦੀ ਗੱਲ ਤਾਂ ਕਰ ਦਿੱਤੀ ਪਰ ਅੱਜ ਤੱਕ ਕਿਸੇ ਗੀਤਕਾਰ ਨੇ ਬਿਮਾਰੀਆਂ ਦੀ ਵਜ੍ਹਾ ਕਾਰਨ ਹਸਪਤਾਲਾਂ ਵਿਚ ਲੱਗਣ ਵਾਲੇ ‘ਮੇਲਿਆਂ’ ਅਤੇ ਮੌਤਾਂ ਬਾਰੇ ਕਲਮ ਨਹੀਂ ਚੁੱਕੀ। ਹਾਂ, ਗੁਰਦਾਸ ਮਾਨ ਨੇ ਗੀਤ ਜ਼ਰੂਰ ਗਾਇਆ ਸੀ ਕਿ ਬਾਕੀ ਦੇ ਕੰਮ ਬਾਅਦ ’ਚ, ਪਹਿਲਾਂ ਸਿਹਤ ਜ਼ਰੂਰੀ ਜੀ।
ਸੋ, ਜੇ ਬਹੁਤੀ ਨਹੀਂ ਤਾਂ ਆਪਣੇ ਖਾਣ-ਪੀਣ ਵਿਚ ਮਾਮੂਲੀ ਜਿਹੀ ਤਬਦੀਲੀ ਲਿਆ ਕੇ ਅਸੀਂ ਨਿਰੋਗ ਜ਼ਿੰਦਗੀ ਜੀਅ ਸਕਦੇ ਹਾਂ। ਅਸਲ ਮਸਲਾ ਪਰਹੇਜ਼ ਅਤੇ ਸਿਹਤ ਵੱਲ ਧਿਆਨ ਦੇਣ ਦਾ ਹੈ।
ਸੰਪਰਕ: 98787-41257