ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਤੇਰਾ ਨਾਂ ਕੀ ਆ...

04:15 AM May 05, 2025 IST
featuredImage featuredImage
ਜਗਦੀਪ ਸਿੱਧੂ
Advertisement

ਨਾਵਾਂ ਦੀ ਵੀ ਅਜੀਬ ਦੁਨੀਆ ਹੈ। ਜੇ ਅਰਬਾਂ ਲੋਕ ਨੇ ਤਾਂ ਕਰੋੜਾਂ ਨਾਂ ਨੇ; ਇਕ ਨਾਂ ਵਾਲ਼ੇ ਕਈ-ਕਈ ਲੋਕ ਹਨ। ਜੋ ਜਾਨਵਰ ਘਰੇਲੂ, ਸਾਡਾ ਹੋ ਜਾਂਦਾ; ਅਸੀਂ ਉਸ ਦਾ ਨਾਮ ਰੱਖ ਲੈਂਦੇ ਹਾਂ। ਅਸੀਂ ਬਿਰਖਾਂ, ਇਮਾਰਤਾਂ ਦੇ ਆਪਣੀ ਸੌਖ ਲਈ ਨਾਂ ਰੱਖੇ, ਰੱਖ ਰਹੇ ਹਾਂ। ਕੁਦਰਤ ਦੀ ਗੋਦ ਵਿਚ ਬੈਠਾ ਕੋਈ ਪਹਾੜ ਵਿਲੱਖਣ ਹੈ ਤਾਂ ਉਸ ਦਾ ਨਾਂ ਰੱਖਿਆਂ ਹੀ ਜਾਂਦਾ ਹੈ।

ਲਤਾ ਮੰਗੇਸ਼ਕਰ ਗਾਉਂਦੀ ਹੈ- ਨਾਮ ਗੁੰਮ ਜਾਏਗਾ, ਚਿਹਰਾ ਯੇ ਬਦਲ ਜਾਏਗਾ, ਮੇਰੀ ਆਵਾਜ਼ ਹੀ ਪਹਿਚਾਨ ਹੈ।... ਡੂੰਘਾਈ ਨਾਲ ਦੇਖੀਏ ਤਾਂ ‘ਪਹਿਚਾਣ’ ਦਾ ਵੀ ਕੋਈ ਨਾਂ ਰੱਖਿਆ ਹੀ ਜਾਵੇਗਾ।

Advertisement

ਇਨਸਾਨੀ ਨਾਵਾਂ ਦੀ ਦੁਨੀਆ ਅਜੀਬ ਹੈ। ਪਹਿਲਾਂ ਬੱਚਿਆਂ ਦੇ ਨਾਂ ਵੱਡੇ ਬੰਦਿਆਂ, ਮਹਾਂ ਪੁਰਸ਼ਾਂ ਦੇ ਨਾਂ ’ਤੇ ਰੱਖੇ ਜਾਂਦੇ ਸਨ। ਫਿਰ ਜਿਸ ਤਰ੍ਹਾਂ ਅਸੀਂ ਉਨ੍ਹਾਂ ਨੂੰ ਭੁੱਲਣ ਲੱਗੇ, ਨਾਂ ਰੱਖਣ ਦੇ ਢੰਗ ਬਦਲ ਗਏ।

ਹੁਣ ਜ਼ਿਆਦਾਤਰ ਪੰਜਾਬੀ ਪਰਿਵਾਰ, ਉਹ ਵੀ ਜਿਹੜੇ ਖ਼ੁਦ ਕਾਨਵੈਂਟ ਦੇ ਪਾੜ੍ਹੇ ਹੁੰਦੇ ਤੇ ਬੱਚੇ ਵੀ ਕਾਨਵੈਂਟ ’ਚ ਪੜ੍ਹਾਉਂਦੇ ਹੁੰਦੇ, ਵੀ ਨਾਂ ਕਿਸੇ ਪੰਜਾਬੀ ਅੱਖਰ ਦਾ ‘ਕਢਵਾ’ ਕੇ ਰੱਖਦੇ ਨੇ। ਹੈ ਨਾ ਵਿਰੋਧਾਭਾਸ!

ਲੋਕਾਂ ਨੇ ਨਾਵਾਂ ਨੂੰ ਵੀ ਮਜ਼ਹਬੀ ਦੁਨੀਆ ਵਿਚ ਧੱਕਿਆ ਹੈ। ਹਿੰਦੂ ਨਾਂ, ਸਿੱਖ ਨਾਂ, ਇਸਾਈ ਨਾਂ, ਮੁਸਲਮਾਨ ਨਾਂ। ਜਿਸ ਤਰ੍ਹਾਂ ਸੰਸਾਰ ਬਦਲ ਰਿਹਾ, ਉਮੀਦ ਕੀਤੀ ਜਾ ਸਕਦੀ ਹੈ, ਲੋਕ ਨਾਵਾਂ ਨੂੰ ਬਖ਼ਸ਼ ਦੇਣਗੇ; ਉਨ੍ਹਾਂ ਤੋਂ ਵੀ ਮਜ਼ਹਬੀ ਬੇੜੀਆਂ ਤੋੜਨ ਦੀ ਉਮੀਦ ਬੱਝਦੀ ਹੈ। ਮੇਰੇ ਦੋਸਤ ਨੇ ਆਪਣੀ ਧੀ ਦਾ ਨਾਂ ਰਹਿਮਤ ਰੱਖਿਆ ਹੈ, ਮੇਰੀ ਧੀ ਦਾ ਨਾਂ ਨਿਆਮਤ ਹੈ। ਮੇਰੀ ਭਾਣਜੀ ਦਾ ਨਾਮ ਇਬਾਦਤ ਹੈ। ਸਾਡੇ ਪ੍ਰਸਿੱਧ ਸ਼ਾਇਰ ਐੱਸ ਨਸੀਮ ਦਾ ਮੈਨੂੰ ਕਿੰਨਾ ਚਿਰ ਭੁਲੇਖਾ ਹੀ ਰਿਹਾ ਕਿ ਉਹ ਮੁਸਲਮਾਨ ਹੈ।

ਨਾਵਾਂ ਦੀ ਮਹਾਨਤਾ ਨੂੰ ਵਿਸਥਾਰੀਏ ਤਾਂ ਇਹ ਹਰ ਤਰ੍ਹਾਂ ਦੇ ਭੇਦ ਮਿਟਾ ਸਕਦਾ ਹੈ। ਕਈ ਨਾਮ ਅਜਿਹੇ ਹੁੰਦੇ ਜੋ ਔਰਤਾਂ, ਮਰਦਾਂ ਦੋਵਾਂ ਦੇ ਹੁੰਦੇ; ਸੁਰਜੀਤ, ਰਾਜੂ, ਰਮਨਪ੍ਰੀਤ, ਭੁਪਿੰਦਰਪ੍ਰੀਤ, ਰਮਨਦੀਪ, ਗੁਰਪ੍ਰੀਤ ਆਦਿ।

ਨਾਵਾਂ ਨੇ ਪਿਆਰ ਵੀ ਕਿੰਨਾ ਛੁਪਾ ਰੱਖਿਆ ਸੀ, ਉਹ ਵੀ ਹੁਣ ਕਦੇ-ਕਦੇ ਚੇਤੇ ਆਉਂਦਾ ਹੈ। ਅਸੀਂ ਪਿਆਰ ਦਾ ਨਾਂ ਵੀ ਰੱਖ ਦਿੰਦੇ ਸਾਂ। ਜੇ ਕਿਸੇ ਦੇ ਵਾਲ਼ ਬਾਰੀਕ ਕੱਟੇ ਹੁੰਦੇ, ਉਹਨੂੰ ਸਾਰੇ 'ਘੋਨਾ ਮੋਨਾ' ਕਹਿੰਦੇ ਤੇ ਛੋਟੇ ਕੱਦ ਵਾਲ਼ੇ ਨੂੰ ਸਾਰਾ ਪਿੰਡ ਪਿੱਦਾ ਹੀ ਕਹੀ ਜਾਂਦਾ। ਉਨ੍ਹਾਂ ਸਮਿਆਂ ਵਿਚ ਕੋਈ ਹਰਖ ਵੀ ਨਹੀਂ ਸੀ ਕਰਦਾ; ਤਾਂ ਹੀ ਇਹ ਪਿਆਰ ਦਾ ਨਾਂ ਹੀ ਲੱਗਦਾ।

ਨਾਮ ਨੂੰ ਜਿਉਂਦਾ ਰੱਖਣ ਲਈ ਵੀ ਕਈ ਲੋਕ ਸੰਘਰਸ਼, ਮਿਹਨਤ ਕਰਦੇ ਹਨ। ਇਹ 'ਨਾਮ' ਦੀ ਹੀ ਮਹਿਮਾ ਹੈ ਕਿ ਦੁਨੀਆ ਉਨ੍ਹਾਂ ਦੇ ਦੋ ਨਾਂ ਰੱਖ ਦਿੰਦੀ ਹੈ। ਲਤਾ ਮੰਗੇਸ਼ਕਰ ਤੇ ਸੁਰਿੰਦਰ ਕੌਰ ਨੂੰ ਕੋਇਲ ਕਿਹਾ ਜਾਂਦਾ ਹੈ। ਇਸ ਤਰ੍ਹਾਂ ਸਚਿਨ ਤੇਂਦੁਲਕਰ ਨੂੰ ਮਾਸਟਰ-ਬਲਾਸਟਰ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਲੱਗਦੈ, ਉਨ੍ਹਾਂ ਨੇ ਦੋ ਜਨਮ ਲਏ ਹਨ।

ਪੁਰਾਣੇ ਲੋਕਾਂ ਜਾਂ ਹੁਣ ਵੀ ਕਿਤੇ-ਕਿਤੇ ਲੋਕਾਂ ਦੀ ਸੰਵੇਦਨਾ ਹੁੰਦੀ ਕਿ ਉਹ ਆਪਣੇ ਨਾਂ ਨਾਲ ਆਪਣੇ ਪਿਤਾ ਦਾ ਨਾਮ ਲਾ ਲੈਂਦੇ। ਪਿਤਾ ਤੇ ਪੁੱਤ ਇਕ ਨਾਂ ਵਾਲ਼ੇ ਹੋ ਜਾਂਦੇ; ਕਰਨ ਸ਼ਮਸ਼ੇਰ ਸਿੰਘ, ਫਾਰੂਕ ਸ਼ੇਖ ਅਬਦੁੱਲਾ ਆਦਿ।

ਸ਼ਾਇਰਾਂ ਦੀ ਦੁਨੀਆ ਵੱਖਰੀ ਹੁੰਦੀ ਹੈ। ਉਹ ਆਪਣਾ 'ਤਖੱਲਸ' ਰੱਖਦੇ ਨੇ ਜੋ ਨਾਮ ਦਾ ਹੀ ਰੂਪ ਹੈ ਤੇ ਜ਼ਿਆਦਾਤਰ ਬੁਲਾਏ ਵੀ ਉਸੇ ਨਾਂ ਨਾਲ ਜਾਂਦੇ ਹਨ: ਪਾਤਰ, ਮੀਸ਼ਾ, ਭਾਰਤੀ, ਆਵਾਰਾ, ਮੋਹੀ ਆਦਿ।

ਰਿਸ਼ਤਿਆਂ ਦੀ ਦੁਨੀਆ ਵਿਚ ਵੀ ਅਕਸਰ ਅਜਬ ਅਨੁਭਵ ਹੁੰਦੇ ਰਹਿੰਦੇ ਹਨ। ਮੇਰੀ ਭੂਆ ਦੇ ਕਈ ਦੋਹਤੇ, ਦੋਹਤੀਆਂ, ਪੋਤੇ, ਪੋਤੀਆਂ ਮੇਰੇ ਹਮਉਮਰ ਜਾਂ ਮੈਥੋਂ ਵੱਡੇ ਹਨ। ਉਹ ਮੈਨੂੰ ਅਕਸਰ ‘ਓਹ ਮਾਮੇ’, ‘ਓਹ ਚਾਚੇ’ ਇਸ ਤਰ੍ਹਾਂ ਬੁਲਾਉਂਦੇ ਜਿਵੇਂ ਮੇਰਾ ਨਾਂ ਹੀ ਚਾਚਾ, ਮਾਮਾ ਹੋਵੇ। ਇਹ ਮੈਨੂੰ ਮੇਰਾ ਨਵਾਂ ਨਾਂ ਹੀ ਲੱਗਦਾ।

ਸਾਡੇ ਸਭਿਆਚਾਰ ’ਚ ਵੀ ਬੜਾ ਕੁਝ ਪਿਆ ਹੈ। ਪਤੀ ਪਤਨੀ ਦਾ ਰਿਸ਼ਤਾ ਸਾਡੇ ਸਮਾਜ ਵਿਚ ਆਦਰਸ਼ ਰਿਸ਼ਤਾ ਹੈ। ਸਾਡੇ ਪੁਰਾਣੇ ਸਮਾਜ ਵਿਚ ਤੇ ਜਿ਼ਆਦਾਤਰ ਹੁਣ ਵੀ ਪੇਂਡੂ ਸਮਾਜ ਵਿਚ ਪਤਨੀ, ਪਤੀ ਦਾ ਨਾਂ ਨਹੀਂ ਲੈਂਦੀ। ਫਿਰ ਵੀ ਉਹ ਨਵਾਂ ਨਾਮ ਰੱਖ ਲੈਂਦੀ ਹੈ: ਓ ਜੀ, ਏ ਜੀ, ਫਲ਼ਾਣੇ ਦੇ ਪਾਪਾ...।

ਜਿਸ ਤਰ੍ਹਾਂ ਬੰਦੇ ਨਹੀਂ ਰਹਿੰਦੇ, ਨਾਂ ਵੀ ਪੀੜ੍ਹੀ-ਦਰ-ਪੀੜ੍ਹੀ ਬਦਲਦੇ ਰਹਿੰਦੇ। ਮੇਰੇ ਪੁਰਖੇ ਨਾਮ ਦੇ ਰੂਪ ਵਿਚ ਵੀ ਕਦੇ ਵਾਪਸ ਨਹੀਂ ਆਉਣਗੇ। ਮੇਰਾ ਨਾਨਾ ਗੁਰਦਿਆਲ, ਪਿਤਾ ਕਰਤਾਰ, ਤਾਇਆ ਤੇਜਾ, ਮਾਮਾ ਬਚਨਾ ਨਾਮ ਦੇ ਰੂਪ ਵਿਚ ਵੀ ਨਹੀਂ ਪਰਤਣਗੇ।

ਮੇਰੀ ਦਾਦੀ ਸੰਤ ਕੌਰ ਦੇ ਬੋਲ ਅਜੇ ਵੀ ਮੇਰੇ ਕੰਨਾਂ ਵਿਚ ਗੂੰਜਦੇ ਨੇ ਜਦ ਉਹ ਆਪਣੀ ਭੈਣ ਦੇ ਘਰ ਜਾਂਦੀ ਕਹਿੰਦੀ- “ਨੀ ਧੰਨ ਕੁਰੇ ਕਿੱਥੇ ਐਂ, ਦੀਂਹਦੀ ਨ੍ਹੀਂ ਕਿਤੇ।”

... ਸੱਚੀਂ, ਉਹ ਹੁਣ ਕਿਤੇ ਨਹੀਂ ਦੀਂਹਦੇ, ਨਾਵਾਂ ਦੇ ਰੂਪ ਵਿਚ ਵੀ ਨਹੀਂ।

ਸੰਪਰਕ: 82838-26876

Advertisement