ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਦੋ ਮੁਲਜ਼ਮ ਕਾਬੂ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜਨਵਰੀ
ਐੱਸਟੀਐੱਫ ਦੀ ਵਿਸ਼ੇਸ਼ ਟੀਮ ਨੇ ਅੱਜ ਇਥੇ ਕਾਰਵਾਈ ਕਰਦਿਆਂ ਦੋ ਵਿਅਕਤੀਆਂ ਨੂੰ ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਕੁਸ਼ਲ ਕੁਮਾਰ ਉਰਫ਼ ਕਾਲੀ ਗੁੱਜਰ ਵਾਸੀ ਬੰਦਾ ਸਿੰਘ ਗੁਰਦੁਆਰਾ ਕੁਲਦੀਪ ਨਗਰ ਤੇ ਸ਼ਨੀ ਉਰਫ਼ ਸ਼ਨੀ ਕਬਾੜੀਆ ਵਾਸੀ ਰਾਜੂ ਕਲੋਨੀ ਟਿੱਬਾ ਵਜੋਂ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਗੁਪਤ ਸੂਚਨਾ ਮਿਲਣ ’ਤੇ ਐੱਸਟੀਐੱਫ ਲੁਧਿਆਣਾ ਰੇਂਜ ਦੇ ਇੰਚਾਰਜ ਇੰਸਪੈਕਟਰ ਹਰਬੰਸ ਸਿੰਘ ਦੀ ਅਗਵਾਈ ਹੇਠਲੀ ਪੁਲੀਸ ਪਾਰਟੀ ਨੇ ਗਊਸ਼ਾਲਾ ਗੋਪਾਲ ਨਗਰ ਨੇੜੇ ਨਾਕਾ ਲਾ ਕੇ ਇੱਕ ਬਿਨਾ ਨੰਬਰ ਦੇ ਐਕਟਿਵਾ ’ਤੇ ਆ ਰਹੇ ਦੋ ਵਿਅਕਤੀਆਂ ਨੂੰ ਰੋਕ ਕੇ ਜਦੋਂ ਉਨ੍ਹਾਂ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਦੇ ਕਬਜ਼ੇ ਵਿੱਚੋਂ 950 ਗਰਾਮ ਹੈਰੋਇਨ, ਇੱਕ ਇਲੈਕਟ੍ਰਾਨਿਕ ਛੋਟਾ ਕੰਡਾ ਤੇ 40 ਛੋਟੇ ਖਾਲੀ ਲਿਫਾਫੇ ਬਰਾਮਦ ਹੋਏ।
ਏਸੀਪੀ ਦਵਿੰਦਰ ਕੁਮਾਰ ਨੇ ਦੱਸਿਆ ਕਿ ਦੋਵੇਂ ਮੁਲਜ਼ਮ ਬਾਬਾ ਨਾਮਦੇਵ ਕਲੋਨੀ ਟਿਊਬਵੈੱਲ ਗਲੀ ਵਿੱਚ ਹੈਰੋਇਨ ਦੀ ਸਪਲਾਈ ਦੇਣ ਜਾ ਰਹੇ ਸਨ। ਪੁਲੀਸ ਅਨੁਸਾਰ ਮੁਲਜ਼ਮ ਕਾਲੀ ਗੁੱਜਰ ਵਿਹਲੜ ਹੈ ਤੇ ਆਪਣੀ ਦੋਸਤ ਨਾਲ ਰਲ ਕੇ ਹੈਰੈਇਨ ਵੇਚਣ ਦਾ ਕੰਮ ਕਰਦਾ ਹੈ, ਜਦਕਿ ਸ਼ਨੀ ਕਬਾੜੀਆ ਖ਼ੁਦ ਵੀ ਨਸ਼ਾ ਕਰਦਾ ਹੈ ਤੇ ਉਸ ਖ਼ਿਲਾਫ਼ ਪਹਿਲਾਂ ਹੀ ਕਈ ਕੇਸ ਦਰਜ ਹਨ। ਉਨ੍ਹਾਂ ਦੱਸਿਆ ਕਿ ਸ਼ਨੀ ਕਬਾੜੀਆ ਨੇ ਗੋਇੰਦਵਾਲ ਜੇਲ੍ਹ ਵਿੱਚ ਕੈਦ ਕਰਨ ਕਾਲੀਆ ਨਾਂ ਦੇ ਵਿਅਕਤੀ ਦੇ ਸੰਪਰਕ ਵਿਚਲੇ ਕੁਝ ਵਿਅਕਤੀਆਂ ਤੋਂ ਹੈਰੋਇਨ ਖਰੀਦੀ ਸੀ। ਉਨ੍ਹਾਂ ਦੱਸਿਆ ਕਿ ਦੋਵੇਂ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।