ਵੋਟਾਂ ਦੀ ਵੈਰੀਫਿਕੇਸ਼ਨ ਦੌਰਾਨ ‘ਆਪ’ ਤੇ ਕਾਂਗਰਸੀ ਵਰਕਰ ਭਿੜੇ
ਗੱਡੀ ਟਕਰਾਉਣ ਦਾ ਬਹਾਨਾ ਲਾ ਕੇ ਕੀਤੀ ਲੜਾਈ
ਗੁਰਿੰਦਰ ਸਿੰਘ
ਲੁਧਿਆਣਾ, 10 ਅਪਰੈਲ
ਵਿਧਾਨ ਸਭਾ ਹਲਕਾ ਪੱਛਮੀ ਚੋਣ ਲਈ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੇ ਉਮੀਦਵਾਰਾਂ ਵੱਲੋਂ ਆਪਣੀ ਚੋਣ ਮੁਹਿੰਮ ਬੜੀ ਤੇਜ਼ੀ ਨਾਲ ਚਲਾਈ ਜਾ ਰਹੀ ਹੈ। ਇਸ ਦੌਰਾਨ ਬੀਤੀ ਰਾਤ 10 ਵਜੇ ਦੇ ਕਰੀਬ ਵੋਟਾਂ ਦੀ ਵੈਰੀਫਿਕੇਸ਼ਨ ਨੂੰ ਲੈ ਕੇ ਭਾਈ ਰਣਧੀਰ ਸਿੰਘ ਨਗਰ ਸਥਿਤ ਇੱਕ ਇਲਾਕੇ ਵਿੱਚ ‘ਆਪ’ ਅਤੇ ‘ਕਾਂਗਰਸੀ’ ਵਰਕਰ ਆਪਸ ਵਿੱਚ ਭਿੜ ਗਏ ਅਤੇ ਹੱਥੋਪਾਈ ਤੇ ਉਤਰ ਆਏ ਜਿਸ ਦੌਰਾਨ ਹੋਈ ਕੁੱਟਮਾਰ ਵਿੱਚ ਇੱਕ ‘ਆਪ’ ਵਰਕਰ ਜ਼ਖ਼ਮੀ ਹੋ ਗਿਆ ਹੈ ਜਦਕਿ ਸਰਾਭਾ ਨਗਰ ਥਾਣੇ ਦੀ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਆਮ ਆਦਮੀ ਪਾਰਟੀ ਦੇ ਘੱਟ ਗਿਣਤੀ ਸੈੱਲ ਦੇ ਮੀਤ ਪ੍ਰਧਾਨ ਅਨਿਸ਼ ਖਾਨ ਨੇ ਦੱਸਿਆ ਕਿ ਉਹ ਭਾਈ ਰਣਧੀਰ ਸਿੰਘ ਨਗਰ ਵਿੱਚ ਰਹਿੰਦਾ ਹੈ ਤੇ ਬੀਤੀ ਰਾਤ ਉਹ ਵੋਟਾਂ ਦੀ ਵੈਰੀਫਕੇਸ਼ਨ ਕਰ ਰਿਹਾ ਸੀ ਕਿ ਕੁੱਝ ਲੋਕਾਂ ਨੇ ਉਸ ਨੂੰ ਘੇਰ ਲਿਆ। ਉਸ ਨੇ ਦੱਸਿਆ ਕਿ ਨਗਰ ਨਿਗਮ ਦੀਆਂ ਚੋਣਾਂ ਦੌਰਾਨ ਕਈ ਲੋਕਾਂ ਦੀਆਂ ਵੋਟਾਂ ਕੱਟੀਆਂ ਗਈਆਂ ਸਨ। ਉਸ ਤੋਂ ਬਾਅਦ ਉਹ ਵੋਟਾਂ ਦੀ ਵੈਰੀਫਿਕੇਸ਼ਨ ਕਰ ਰਿਹਾ ਸੀ ਕਿ ਕਿਸ ਵਸਨੀਕ ਦੀ ਵੋਟ ਕੱਟੀ ਗਈ ਹੈ ਜਾਂ ਕਿਸ ਦੀ ਵੋਟ ਹਾਲੇ ਨਹੀਂ ਬਣੀ।
ਉਨ੍ਹਾਂ ਦੱਸਿਆ ਕਿ ਇਸ ਦੌਰਾਨ ਕੁੱਝ ਲੋਕ ਗੱਡੀ ਵਿੱਚ ਗੱਡੀ ਟਕਰਾਉਣ ਦਾ ਬਹਾਨਾ ਕਰ ਕੇ ਉਸ ਨਾਲ ਬਹਿਸਬਾਜ਼ੀ ਕਰਨ ਲੱਗੇ। ਅਨਿਸ਼ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੀ ਗੱਡੀ ਦਾ ਕੋਈ ਨੁਕਸਾਨ ਹੋਇਆ ਹੈ ਤਾਂ ਉਹ ਠੀਕ ਕਰਾਉਣ ਲਈ ਤਿਆਰ ਹੈ ਪਰ ਉਹ ਮਾਰ ਕੁਟਾਈ ਤੇ ਉਤਰ ਆਏ। ਇਸ ਦੌਰਾਨ ਇੱਕ ਵਿਅਕਤੀ ਨੇ ਉਸ ਦੇ ਸਿਰ ਵਿੱਚ ਸੱਟ ਮਾਰੀ ਜਿਸ ਨਾਲ ਉਹ ਲਹੂ ਲੁਹਾਨ ਹੋ ਗਿਆ। ਉਨ੍ਹਾਂ ਦੋਸ਼ ਲਗਾਇਆ ਕਿ ਹਮਲਾਵਰ ਕਾਂਗਰਸ ਪਾਰਟੀ ਨਾਲ ਸਬੰਧਿਤ ਸਨ। ਉਸ ਨੇ ਕਿਹਾ ਕਿ ਵਿਰੋਧੀ ਪਾਰਟੀ ਦੇ ਵਰਕਰ ਆਮ ਆਦਮੀ ਪਾਰਟੀ ਦੀ ਚੜ੍ਹਤ ਨੂੰ ਵੇਖ ਕੇ ਬੁਖਲਾ ਗਏ ਹਨ ਅਤੇ ਆਪ ਵਰਕਰਾਂ ਤੇ ਹਮਲਾ ਕਰ ਰਹੇ ਹਨ।
ਘਟਨਾ ਦੀ ਸੂਚਨਾ ਤੁਰੰਤ ਥਾਣਾ ਸਰਾਭਾ ਨਗਰ ਦੀ ਪੁਲੀਸ ਨੂੰ ਦਿੱਤੀ ਗਈ ਹੈ ਜਦਕਿ ਪੁਲੀਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਥਾਣਾ ਅਧਿਕਾਰੀ ਨੇ ਦੱਸਿਆ ਹੈ ਕਿ ਪੁਲੀਸ ਵੱਲੋਂ ਮਾਮਲੇ ਸਬੰਧੀ ਦੋਹਾਂ ਧਿਰਾਂ ਦੇ ਬਿਆਨ ਲਏ ਜਾ ਰਹੇ ਹਨ ਤੇ ਉਸ ਤੋਂ ਬਾਅਦ ਕਾਰਵਾਈ ਕੀਤੀ ਜਾਵੇਗੀ।