ਦੇਵਕੀ ਦੇਵੀ ਜੈਨ ਕਾਲਜ ’ਚ ਡਿਗਰੀ ਵੰਡ ਸਮਾਗਮ
ਖੇਤਰੀ ਪ੍ਰਤੀਨਿਧ
ਲੁਧਿਆਣਾ, 10 ਅਪਰੈਲ
ਸਥਾਨਕ ਦੇਵਕੀ ਦੇਵੀ ਜੈਨ ਮੈਮੋਰੀਅਲ ਕਾਲਜ ਫਾਰ ਵਿਮੈੱਨ ਵਿੱਚ ਅੱਜ ਡਿਗਰੀ ਵੰਡ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿੱਚ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਮੁੱਖ ਮਹਿਮਾਨ ਵਜੋਂ ਤੇ ਕੌਂਸਲਰ ਨੰਦਨੀ ਮਨੂ ਜੈਰਥ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਸਮਾਗਮ ਵਿੱਚ 500 ਵਿਦਿਆਰਥਣਾਂ ਨੂੰ ਡਿਗਰੀਆਂ ਵੰਡੀਆਂ ਗਈਆਂ। ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੰਦ ਕੁਮਾਰ ਜੈਨ, ਸੀਨੀ. ਵਾਈਸ ਪ੍ਰਧਾਨ ਵਿਪਨ ਕੁਮਾਰ ਜੈਨ, ਕੈਸ਼ੀਅਰ ਅਸ਼ੋਕ ਕੁਮਾਰ ਜੈਨ, ਪ੍ਰਿੰਸੀਪਲ ਸਰਿਤਾ ਬਹਿਲ ਨੇ ਆਏ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ।
ਸਮਾਗਮ ਦੇ ਸ਼ੁਰੂ ਵਿੱਚ ਕਾਲਜ ਪ੍ਰਿੰਸੀਪਲ ਡਾ. ਸਰਿਤਾ ਬਹਿਲ ਨੇ ਸਲਾਨਾ ਰਿਪੋਰਟ ਵਿੱਚ ਵਿਦਿਆਰਥੀਆਂ ਦੀਆਂ ਵਿਦਿਅਕ, ਖੇਡਾਂ ਅਤੇ ਸਹਿ ਵਿਦਿਅਕ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਮੁੱਖ ਮਹਿਮਾਨ ਸ੍ਰੀ ਅਰੋੜਾ ਨੇ ਡਿਗਰੀਆਂ, ਸਰਟੀਫਿਕੇਟ ਅਤੇ ਰੋਲ ਆਫ ਆਨਰ ਨਾਲ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਤੇ ਉਨ੍ਹਾਂ ਦੇ ਚੰਗੇ ਜੀਵਨ ਦੀ ਕਾਮਨਾ ਕੀਤੀ। ਉਨ੍ਹਾਂ ਨੇ ਵਿਦਿਆਰਥਣਾਂ ਨੂੰ ਕਿਹਾ ਕਿ ਉਹ ਡਿਗਰੀਆਂ ਪ੍ਰਾਪਤ ਕਰਕੇ ਘਰ ਵਿਹਲੇ ਬੈਠਣ ਦੀ ਥਾਂ ਸਿੱਖਿਆ ਅਤੇ ਗਿਆਨ ਦਾ ਵੱਧ ਤੋਂ ਵੱਧ ਲਾਭ ਲੈਣ ਅਤੇ ਸਮਾਜ ਵਿੱਚ ਬਣਦਾ ਯੋਗਦਾਨ ਪਾਉਣ ਲਈ ਪ੍ਰੇਰਿਆ। ਉਨ੍ਹਾਂ ਕਿਹਾ ਕਿ ਅੱਜ ਔਰਤ ਕਿਸੇ ਵੀ ਖੇਤਰ ਵਿੱਚ ਪਿੱਛੇ ਨਹੀਂ ਹੈ ਅਤੇ ਉਹ ਮਰਦਾਂ ਦੀ ਤਰ੍ਹਾਂ ਹਰ ਸਫਲਤਾ ਪ੍ਰਾਪਤ ਕਰਨ ਵਿੱਚ ਸਮਰੱਥ ਹੈ। ਇਸ ਮੌਕੇ 500 ਵਿਦਿਆਰਥਣਾਂ ਨੂੰ ਡਿਗਰੀਆਂ, 10 ਵਿਦਿਆਰਥਣਾਂ ਨੂੰ ਰੋਲ ਆਫ ਆਨਰ, 3 ਵਿਦਿਆਰਥੀਆਂ ਨੂੰ ਕਾਲਜ ਕਲਰ ਅਤੇ 40 ਵਿਦਿਆਰਥਣਾਂ ਨੂੰ ਮੈਰਿਟ ਸਰਟੀਫਿਕੇਟ ਤਕਸੀਮ ਕੀਤੇ ਗਏ।