ਪਹਿਲਗਾਮ ਕਤਲੇਆਮ: ਲਾਡੋਵਾਲ ਟੌਲ ਪਲਾਜ਼ਾ ਦੇ ਮੁਲਾਜ਼ਮਾਂ ਵੱਲੋਂ ਮੋਮਬੱਤੀ ਮਾਰਚ
ਗੁਰਿੰਦਰ ਸਿੰਘ
ਲੁਧਿਆਣਾ, 28 ਅਪਰੈਲ
ਪਹਿਲਗਾਮ ਵਿੱਚ ਅਤਿਵਾਦੀਆਂ ਵੱਲੋਂ ਸੈਲਾਨੀਆਂ ਦੀਆਂ ਹੱਤਿਆਵਾਂ ਦੇ ਰੋਸ ਵਜੋਂ ਲਾਡੋਵਾਲ ਟੌਲ ਪਲਾਜ਼ਾ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਪ੍ਰਧਾਨ ਨਛੱਤਰ ਸਿੰਘ ਦੀ ਅਗਵਾਈ ਹੇਠ ਮੋਮਬੱਤੀ ਮਾਰਚ ਕੱਢਿਆ ਗਿਆ ਜਿਸ ਵਿੱਚ ਵੱਖ ਵੱਖ ਵਰਗਾਂ ਦੇ ਪ੍ਰਤੀਨਿਧਾਂ ਨੇ ਵੀ ਹਿੱਸਾ ਲਿਆ।
ਇਸ ਮੌਕੇ ਬੀਕੇਯੂ ਕ੍ਰਾਂਤੀਕਾਰੀ ਦੁਆਬਾ ਦੇ ਪ੍ਰਧਾਨ ਨਛੱਤਰ ਸਿੰਘ, ਵਿਪਨ ਕੁਮਾਰ ਅਤੇ ਦਪਿੰਦਰ ਪਾਲ (ਦੋਵੇਂ ਟੌਲ ਮੈਨੇਜਰ) ਆਦਿ ਨੇ ਕਿਹਾ ਕਿ ਜਿਹੜੀਆਂ ਵੀ ਤਾਕਤਾਂ ਭਾਰਤ ਦੇ ਸ਼ਾਂਤਮਈ ਮਾਹੌਲ ਨੂੰ ਵਿਗਾੜਨਾ ਚਾਹੁੰਦੀਆਂ ਹਨ ਅਤੇ ਹਿੰਦੂ-ਮੁਸਲਿਮ ਭਾਈਚਾਰੇ ਵਿੱਚ ਤਰੇੜ ਪਾਉਣ ਅਤੇ ਕੁੜੱਤਣ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੀਆਂ ਹਨ, ਉਨ੍ਹਾਂ ਖ਼ਿਲਾਫ਼ ਸਖਤ ਕਾਰਵਾਈ ਹੋਣੀ ਚਾਹੀਦੀ ਹੈ।ਆਗੂਆਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਮੰਗ ਕੀਤੀ ਕਿ ਪਹਿਲਗਾਮ ਘਟਨਾ ਵਿੱਚ ਸ਼ਹੀਦ ਹੋਏ ਪਰਿਵਾਰਾਂ ਦੇ ਮੈਂਬਰਾਂ ਨੂੰ ਇਨਸਾਫ਼ ਦਿਵਾਇਆ ਜਾਵੇ ਅਤੇ ਅਮਰਨਾਥ ਯਾਤਰਾ ’ਤੇ ਜਾਣ ਵਾਲੇ ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਇਆ ਜਾਵੇ।
ਦੋਰਾਹਾ (ਪੱਤਰ ਪ੍ਰੇਰਕ): ਭਾਰਤੀ ਮਾਰਕਸਵਾਦੀ ਕਮਿਊਨਿਸਟ ਪਾਰਟੀ (ਯੂਨਾਈਟਿਡ) ਅਤੇ ਕੁੱਲ ਹਿੰਦ ਕਿਸਾਨ ਫੈਡਰੇਸ਼ਨ ਦੇ ਮੈਬਰਾਂ ਦੀ ਇਕੰਤਰਤਾ ਜੋਗਿੰਦਰ ਸਿੰਘ ਸਹਿਜ਼ਾਦ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿਚ ਦਹਿਸ਼ਤਗਰਦਾਂ ਵੱਲੋਂ ਪਹਿਲਗਾਮ ਵਿਖੇ ਸੈਲਾਨੀਆਂ ਦੀ ਬੇਰਹਿਮੀ ਨਾਲ ਕੀਤੀ ਹੱਤਿਆ ਦੀ ਘੋਰ ਨਿੰਦਾ ਕਰਦਿਆਂ ਦੋ ਮਿੰਟ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਕਾਮਰੇਡ ਕੁਲਦੀਪ ਸਿੰਘ ਨੇ ਕਿਹਾ ਕਿ ਅੱਜ ਵਿਸ਼ਵ ਭਰ ਦਾ ਪੂੰਜੀਵਾਦੀ ਅਰਥਚਾਰਾ ਡਾਵਾਂਡੋਲ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਦੇਸ਼ ਅੰਦਰ ਵਾਪਰ ਰਹੀਆਂ ਘਟਨਾਵਾਂ ਨੂੰ ਫਿਰਕੂ ਰੰਗਤ ਦੇ ਕੇ ਭਾਰਤ ਅੰਦਰ ਫਿਰਕਾਪ੍ਰਸਤੀ ਨੂੰ ਸ਼ਹਿ ਦੇ ਰਹੀ ਹੈ।
ਸਮਰਾਲਾ (ਪੱਤਰ ਪ੍ਰੇਰਕ): ਬੀ. ਆਰ.ਅੰਬੇਦਕਰ ਮਿਸ਼ਨਰੀ ਸਭਾ ਸਮਰਾਲਾ ਦੀ ਮੀਟਿੰਗ ਸਥਾਨਕ ਵਾਲਮੀਕ ਮੰਦਿਰ ਵਿਖੇ ਸਭਾ ਦੇ ਪ੍ਰਧਾਨ ਕਾਮਰੇਡ ਭਜਨ ਸਿੰਘ, ਸਰਪ੍ਰਸਤ ਡਾ. ਸੋਹਣ ਲਾਲ ਬਲੱਗਣ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੌਕੇ ਪਹਿਲਗਾਮ ਵਿੱਚ ਮਾਰੇ ਗਏ ਸੈਲਾਨੀਆਂ ਦੀ ਵਿਛੜੀ ਆਤਮਾ ਦੀ ਸ਼ਾਂਤੀ ਲਈ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜਲੀ ਦਿੱਤੀ ਗਈ।
ਪਹਿਲਗਾਮ ਘਟਨਾ ਸਬੰਧੀ ਗ੍ਰਹਿ ਮੰਤਰੀ ਦੇ ਅਸਤੀਫ਼ੇ ਦੀ ਮੰਗ
ਜਗਰਾਉਂ (ਜਸਬੀਰ ਸ਼ੇਤਰਾ): ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ-ਲੈਨਿਨਵਾਦੀ) ਨਿਊਡੈਮੋਕਰੇਸੀ ਜ਼ਿਲ੍ਹਾ ਲੁਧਿਆਣਾ ਵਲੋਂ ਪਹਿਲਗਾਮ ਵਿੱਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਉਪਰੰਤ ਇਸ ਕਾਂਡ ਦੇ ਵਿਰੋਧ ਵਿੱਚ ਪ੍ਰਦਰਸ਼ਨ ਕੀਤਾ ਗਿਆ। ਨਾਅਰੇਬਾਜ਼ੀ ਦੌਰਾਨ ਬੁਲਾਰਿਆਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਅਸਤੀਫ਼ੇ ਦੀ ਮੰਗ ਕੀਤੀ। ਰੋਸ ਮੁਜ਼ਾਹਰੇ ਮਗਰੋਂ ਵਧੀਕ ਡਿਪਟੀ ਕਮਿਸ਼ਨਰ ਨੂੰ ਮੰਗ-ਪੱਤਰ ਵੀ ਦਿੱਤਾ ਗਿਆ। ਪਾਰਟੀ ਦੇ ਬੁਲਾਰੇ ਸਾਧੂ ਸਿੰਘ ਅੱਚਰਵਾਲ ਤੇ ਅਵਤਾਰ ਸਿੰਘ ਰਸੂਲਪੁਰ ਨੇ ਇਸ ਹੱਤਿਆ ਕਾਂਡ ਦੀ ਨਿੰਦਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਇਸਦੀ ਨਿਖੇਧੀ ਕਰਨੀ ਚਾਹੀਦੀ ਹੈ। ਤਸੱਲੀ ਵਾਲੀ ਗੱਲ ਹੈ ਕਿ ਕਸ਼ਮੀਰ ਵਿੱਚ ਲੋਕ, ਖਾਸ ਕਰਕੇ ਮੁਸਲਿਮ ਭਾਈਚਾਰਾ ਇਸ ਘਿਨਾਉਣੇ ਕਾਰੇ ਵਿਰੁੱਧ ਸੜਕਾਂ ’ਤੇ ਨਿਕਲਿਆ ਹੈ। ਇਸ ਦਾ ਵੱਖਰਾ ਪਹਿਲੂ ਇਹ ਵੀ ਹੈ ਕਿ ਇਹ ਕਾਂਡ ਉਦੋਂ ਵਾਪਰਿਆ ਜਦੋਂ ਦੇਸ਼ ਵਿੱਚ ਮੋਦੀ ਸਰਕਾਰ ਵਲੋਂ ਪਾਸ ਵਕਫ਼ ਸੋਧ ਕਾਨੂੰਨ ਦਾ ਮੁਲਕ ਭਰ ਵਿੱਚ ਤਿੱਖਾ ਵਿਰੋਧ ਹੋ ਰਿਹਾ ਸੀ। ਇਸ ਮਾਮਲੇ ਦੀ ਉੱਚ ਪੱਧਰੀ ਨਿਆਂਇਕ ਜਾਂਚ ਹੋਣੀ ਚਾਹੀਦੀ ਹੈ।